ਭਦੌੜ, 15 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੀਆਂ 26 ਮਈ ਹੋਣ ਵਾਲੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ ਦੋ ਟਕਸਾਲੀ ਆਗੂ ਰਜਿੰਦਰ ਵਰਮਾ ਬੱਲੂ ਅਤੇ ਸਾਬਕਾ ਕੌਂਸਲਰ ਬੀਬੀ ਗਿਆਨ ਕੌਰ ਆਪਣੇ ਸਾਥੀਆਂ ਸਮੇਤ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਾਮਿਲ ਹੋ ਗਏ | ਐਡਵੋਕੇਟ ਸਤਨਾਮ ਸਿੰਘ ਰਾਹੀਂ ਨੇ ਦੱਸਿਆ ਕਿ ਰਜਿੰਦਰ ਵਰਮਾ ਬੱਲੂ ਨੂੰ ਵਾਰਡ ਨੰਬਰ 13 ਵਿਚੋਂ ਅਤੇ ਬੀਬੀ ਗਿਆਨ ਕੌਰ ਨੂੰ ਵਾਰਡ ਨੰਬਰ 1 ਵਿਚੋਂ ਪਾਰਟੀ ਉਮੀਦਵਾਰ ਬਣਾਇਆ ਹੈ ਜਿਨ੍ਹਾਂ ਦੀ ਚੋਣ ਵਿਚ ਪਾਰਟੀ ਦਾ ਹਰ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਆਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੈ ਕਿਉਂਕਿ ਸਰਕਾਰ ਦੁਆਰਾ ਕੀਤੇ ਸਾਰੇ ਵਾਅਦੇ ਅੱਜ ਹਵਾ ਹਵਾਈ ਹੋ ਚੁੱਕੇ ਹਨ | ਉੱਥੇ ਸਫ਼ਾਈ ਸੇਵਕਾਂ ਨੂੰ ਤਨਖ਼ਾਹਾਂ ਨਾ ਮਿਲਣ ਕਰ ਕੇ ਸਮੁੱਚੇ ਭਦੌੜ ਵਾਸੀਆਂ ਨੂੰ ਗੰਦਗੀ ਦੇ ਢੇਰਾਂ ਵਿਚਕਾਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਥੇ ਸਰਕਾਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਤੀ ਮਾਰੇ ਵੱਡੇ-ਵੱਡੇ ਨਾਅਰੇ ਵੀ ਲੋਕਾਂ ਦੀਆਂ ਅੱਖਾਂ ਸਾਹਮਣੇ ਹਨ ਜਿਸ ਦਾ ਜਵਾਬ ਲੋਕ ਇਨ੍ਹਾਂ ਚੋਣਾਂ ਵਿਚ ਜ਼ਰੂਰ ਦੇਣਗੇ ਤੇ ਇਸ ਸਰਕਾਰ ਚੱਲਦਾ ਕਰਨ ਦਾ ਮੁੱਢ ਬੰਨ੍ਹਣਗੇ | ਇਸ ਸਮੇਂ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਸ਼ਹਿਰੀ ਪ੍ਰਧਾਨ ਅਮਨਿੰਦਰ ਗੋਲਡੀ ਭੁੱਲਰ, ਪ੍ਰਧਾਨ ਸੁਰਿੰਦਰਪਾਲ ਗਰਗ ਆੜ੍ਹਤੀਆ, ਸਰਪੰਚ ਗੁਰਜੰਟ ਸਿੰਘ ਸਿੱਧੂ, ਸੋਹਣਾ ਸਿੰਘ ਸਿੱਧੂ, ਸੁਖਦੇਵ ਸਿੰਘ ਜੈਦ, ਬਲਵਿੰਦਰ ਸਿੰਘ ਲਧਰੋਈਆ, ਬਲਜੀਤ ਸਿੰਘ ਪੱਪੂ ਅਤੇ ਉਕਾਂਰ ਸਿੰਘ ਓਮੀ ਆਦਿ ਹਾਜ਼ਰ ਸਨ |