ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ)-ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਵਲੋਂ ਸ਼ਹੀਦ ਸੁਖਦੇਵ ਥਾਪਰ ਦਾ 120ਵਾਂ ਜਨਮ ਦਿਨ ਮਨਾਇਆ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਚੇਅਰਮੈਨ ਪ੍ਰੋਫ਼ੈਸਰ ਡਾ: ਮਨਦੀਪ ਸਿੰਘ ਘਈ, ਮਹਿਲਾ ਵਿੰਗ ਦੀ ਪ੍ਰਧਾਨ ਮੋਨਿਕਾ ਘਈ, ਸਰਪ੍ਰਸਤ ਨੀਰਜ ਬਾਲਾ ਦਾਨੀਆ ਅਤੇ ਸੋਮਾ ਭੰਡਾਰੀ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਭੁਟਾਨੀ ਅਤੇ ਸੰਦੀਪ ਜੇਠੀ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਅਣਵੰਡੇ ਪੰਜਾਬ ਦੇ ਲੁਧਿਆਣਾ ਵਿਖੇ ਮੁਹੱਲਾ ਨੌਘਰੇ ਵਿਚ ਪਿਤਾ ਰਾਮਲਾਲ ਥਾਪਰ ਅਤੇ ਮਾਤਾ ਰੱਲੀ ਦੇਵੀ ਦੇ ਘਰ 15 ਮਈ 1907 ਨੂੰ ਹੋਇਆ ਸੀ | ਉਸ ਦੇ ਜਨਮ ਤੋਂ ਤਿੰਨ ਮਹੀਨੇ ਪਹਿਲਾਂ ਪਿਤਾ ਦਾ ਦੇਹਾਂਤ ਹੋ ਗਿਆ ਸੀ, ਇਸ ਲਈ ਉਸ ਦੇ ਚਾਚਾ ਅਚਿੰਤ ਰਾਮ ਨੇ ਪਰਵਰਿਸ਼ 'ਚ ਉਸ ਦੀ ਮਾਂ ਦਾ ਪੂਰਾ ਸਮਰਥਨ ਕੀਤਾ | ਸੁਖਦੇਵ ਦੀ ਮਾਸੀ ਨੇ ਵੀ ਉਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ | ਸੁਖਦੇਵ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ | ਦੇਸ਼ ਕੌਮ ਲਈ ਆਪਾ ਵਾਰਣ ਵਾਲੇ ਨੇ ਦੇਸ਼ ਨੂੰ ਗ਼ੁਲਾਮੀ ਤੋਂ ਮੁਕਤ ਕਰਵਾਇਆ | ਉਨ੍ਹਾਂ ਕਿਹਾ ਕਿ ਉਹ ਇਕ ਕ੍ਰਾਂਤੀਕਾਰੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ 'ਚੋਂ ਇਕ ਸਨ | ਉਸ ਨੇ ਸ਼ਹੀਦ ਭਗਤ ਸਿੰਘ ਦਾ ਮਾਰਗਦਰਸ਼ਨ ਕੀਤਾ | ਦੋਵੇਂ ਲਾਹੌਰ ਨੈਸ਼ਨਲ ਕਾਲਜ ਦੇ ਵਿਦਿਆਰਥੀ ਸਨ | ਉਹ ਇੱਕੋ ਸਾਲ ਪੈਦਾ ਹੋਏ ਸਨ ਅਤੇ ਇਕੱਠੇ ਸ਼ਹੀਦ ਹੋਏ ਸਨ | ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਸੰਬੋਧਨ ਕਰਦਿਆਂ ਕਿਹਾ ਕਿ ਸੰਨ 1929 ਵਿਚ ਸ਼ਹੀਦ ਸੁਖਦੇਵ ਨੇ ਜੇਲ੍ਹ ਵਿਚ ਕੈਦੀਆਂ ਨਾਲ ਅਣਮਨੁੱਖੀ ਵਿਵਹਾਰ ਦੇ ਵਿਰੋਧ ਵਿਚ ਰਾਜਨੀਤਿਕ ਕੈਦੀਆਂ ਦੁਆਰਾ ਕੀਤੀ ਗਈ ਵਿਆਪਕ ਹੜਤਾਲ ਵਿਚ ਸਰਗਰਮੀ ਨਾਲ ਹਿੱਸਾ ਲਿਆ | ਅੰਗਰੇਜ਼ ਸਰਕਾਰ ਨੇ ਜੇਲ੍ਹ ਮੈਨੂਅਲ ਦੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਨੂੰ 23 ਮਾਰਚ 1931 ਨੂੰ ਸ਼ਾਮ 7 ਵਜੇ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ | ਇਸ ਤਰ੍ਹਾਂ ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਸਿਰਫ਼ 23 ਸਾਲ ਦੀ ਉਮਰ ਵਿਚ ਸ਼ਹੀਦ ਹੋ ਗਏ | ਇਸ ਮੌਕੇ ਸਭਾ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ |