ਤਪਾ ਮੰਡੀ, 19 ਮਈ (ਪ੍ਰਵੀਨ ਗਰਗ)-ਦੀ ਪੰਜਾਬ ਮਿਉਂਸਪਲ ਆਊਟਸੋਰਸਿੰਗ ਯੂਨੀਅਨ ਪੰਜਾਬ ਦੇ ਸੱਦੇ 'ਤੇ ਬਰਨਾਲਾ ਆਊਟਸੋਰਸਿੰਗ ਯੂਨੀਅਨ ਦੇ ਪ੍ਰਧਾਨ ਅਮਨ ਜਟਾਣਾ ਅਤੇ ਸਟੇਟ ਲੈਵਲ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਦੀ ਅਗਵਾਈ ਹੇਠ ਸਮੁੱਚੇ ਦਫ਼ਤਰੀ ਸਟਾਫ਼ ਵਲੋਂ ਸਫ਼ਾਈ ਕਰਮਚਾਰੀਆਂ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ | ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਭਰੋਸੇ ਤੋਂ ਬਿਨਾਂ ਕੁੱਝ ਵੀ ਨਹੀਂ ਮਿਲਿਆ | ਜਿਸ ਕਾਰਨ ਸਾਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸਫ਼ਾਈ ਕਰਮਚਾਰੀਆਂ ਲਈ ਖ਼ਤਰਨਾਕ ਡਿਊਟੀ ਨੂੰ ਦੇਖਦਿਆਂ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦਿੱਤਾ ਜਾਵੇ, ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਹੋਵੇ ਅਤੇ ਪੱਕੇ ਕਰਨ ਸਬੰਧੀ ਬਣਾਈ ਗਈ 10 ਸਾਲਾਂ ਦੀ ਪਾਲਿਸੀ ਨੂੰ ਰੱਦ ਕਰ ਕੇ ਤਿੰਨ ਸਾਲਾਂ ਵਿਚ ਪੱਕਾ ਕੀਤਾ ਜਾਵੇ | ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਮੌਕੇ ਦਫ਼ਤਰੀ ਸਟਾਫ਼ ਦੇ ਤਰਸੇਮ ਚੰਦ ਖਿੱਲੂ, ਨਰਿੰਦਰ ਸਿੰਘ, ਦੀਪ ਸਿੰਘ, ਸਿਕੰਦਰ ਕੁਮਾਰ ਪ੍ਰਧਾਨ ਆਊਟਰ ਸੋਰਸ ਕੰਟਰੈਕਟ ਮੁਲਾਜ਼ਮ ਯੂਨੀਅਨ, ਰਾਜ ਕੁਮਾਰ ਰਾਜੂ, ਅਰਜੁਨ ਕਾਲੀ, ਅਜੇ ਕੁਮਾਰ, ਸ਼ਲਿੰਦਰ ਕੁਮਾਰ, ਸ਼ੰਮੀ ਕੁਮਾਰ, ਮੇਟ ਦੀਪਕ ਕੁਮਾਰ, ਵਿੱਕੀ ਕੁਮਾਰ, ਰਾਕੇਸ਼ ਕੁਮਾਰ, ਜਗਤ, ਸੁਨੀਲ ਕੁਮਾਰ, ਸਚਿਨ, ਰਾਜਬੀਰ, ਗੀਤਾ ਰਾਣੀ, ਸਰੋਜ ਰਾਣੀ, ਸੰਜੂ ਦੇਵੀ, ਆਸ਼ਾ ਰਾਣੀ ਆਦਿ ਵੱਡੀ ਗਿਣਤੀ 'ਚ ਸਫ਼ਾਈ ਸੇਵਕ ਕਾਮੇ ਮੌਜੂਦ ਸਨ |