ਬਰਨਾਲਾ, 19 ਮਈ (ਗੁਰਪ੍ਰੀਤ ਸਿੰਘ ਲਾਡੀ)- ਨਗਰ ਸੁਧਾਰ ਟਰੱਸਟ ਬਰਨਾਲਾ ਦੀ ਮਲਕੀਅਤ ਸ਼ਹੀਦ ਭਾਈ ਮਨੀ ਸਿੰਘ ਨਗਰ 25 ਏਕੜ ਸਕੀਮ ਵਾਲੀ ਜਗ੍ਹਾ ਵਿਚੋਂ ਮਿਤੀ 1 ਅਤੇ 2 ਫਰਵਰੀ 2026 ਨੂੰ ਦਰਜਨਾਂ ਹਰੇ ਭਰੇ ਰੁੱਖ ਗ਼ੈਰਕਾਨੰੂਨੀ ਪੁੱਟਣ ਸਬੰਧੀ ਮਾਨਯੋਗ ਐਨ.ਜੀ.ਟੀ ਵਿਖੇ ਸੁਣਵਾਈ ਅਧੀਨ ਕੇਸ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਰੁੱਖ ਪੁੱਟਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਦੇ ਪੱਤਰ ਦੇ ਆਧਾਰ 'ਤੇ ਪੁਲਿਸ ਥਾਣਾ ਸਿਟੀ ਬਰਨਾਲਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਘਟਨਾ ਤੋਂ 3 ਮਹੀਨੇ 15 ਦਿਨਾਂ ਬਾਅਦ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਬਰਨਾਲਾ ਵਲੋਂ ਮੁੱਖ ਅਫ਼ਸਰ ਪੁਲਿਸ ਥਾਣਾ ਸਿਟੀ ਬਰਨਾਲਾ ਨੂੰ ਮਿਤੀ 30 ਮਾਰਚ ਨੂੰ ਭੇਜੇ ਗਏ ਪੱਤਰ ਵਿਚ ਲਿਖਿਆ ਗਿਆ ਹੈ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਸ਼ਹੀਦ ਭਾਈ ਮਨੀ ਸਿੰਘ ਨਗਰ 25 ਏਕੜ ਬਰਨਾਲਾ ਨੂੰ ਡਿਵੈਲਪ ਕੀਤਾ ਜਾਣਾ ਹੈ | ਇਸ ਸਕੀਮ ਵਾਲੀ ਜਗ੍ਹਾ ਵਿਚੋਂ ਸੁੱਕੇ ਅਤੇ ਹਰੇ ਰੁੱਖ ਪਿਛਲੇ ਸਮੇਂ ਦੌਰਾਨ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਹਨ | ਚੋਰੀ ਹੋਏ ਰੁੱਖਾਂ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇ | ਕਾਰਜ ਸਾਧਕ ਅਫ਼ਸਰ ਵਲੋਂ ਆਪਣੇ ਪੱਤਰ ਵਿਚ ਮਿਤੀ 2 ਮਾਰਚ ਅਤੇ 27 ਮਾਰਚ ਨੂੰ ਭੇਜੇ ਗਏ ਪੱਤਰਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ | ਇਨ੍ਹਾਂ ਪੱਤਰਾਂ ਦੇ ਆਧਾਰ 'ਤੇ ਪੁਲਿਸ ਨੇ ਆਖ਼ਰ ਮਿਤੀ 17 ਮਈ ਨੂੰ ਪੁਲਿਸ ਥਾਣਾ ਸਿਟੀ-1 ਬਰਨਾਲਾ ਵਿਖੇ ਧਾਰਾ 303 (3) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ | ਪਰ ਦੂਸਰੇ ਪਾਸੇ ਰੁੱਖ ਚੋਰੀ/ਪੁੱਟਣ ਹੋਣ ਤੋਂ ਇੱਕ ਮਹੀਨੇ ਬਾਅਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਵਲੋਂ ਸ਼ੁਰੂ ਕੀਤੀ ਗਈ ਕਾਰਵਾਈ ਅਤੇ ਪੁਲਿਸ ਵਲੋਂ ਲਗਭਗ ਤਿੰਨ ਮਹੀਨਿਆਂ ਬਾਅਦ ਦਰਜ਼ ਕੀਤੀ ਗਈ ਐਫ.ਆਈ.ਆਰ. ਨੇ ਕਈ ਤਰ੍ਹਾਂ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ | ਜ਼ਿਲ੍ਹੇ ਦੇ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਉਕਤ ਐਫ.ਆਈ.ਆਰ. ਰਾਜਨੀਤਿਕ ਦਬਾਅ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਵਾ ਕੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੇ ਆਪਣੇ ਆਪ ਨੂੰ ਮਾਨਯੋਗ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀ ਸੁਣਵਾਈ ਤੋਂ ਸੁਰੱਖਿਅਤ ਹੋਣ ਦਾ ਯਤਨ ਕੀਤਾ ਹੈ ਕਿਉਂਕਿ ਪਿਛਲੇ ਦਿਨੀਂ ਮਾਨਯੋਗ ਐਨ.ਜੀ.ਟੀ. ਨਵੀਂ ਦਿੱਲੀ ਵਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਉਕਤ ਜਗ੍ਹਾ ਵਿਚੋਂ ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟਣ ਦਾ ਸਖ਼ਤ ਨੋਟਿਸ ਲੈਂਦਿਆਂ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਸੀ | ਜਾਂਚ ਟੀਮ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਬਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਆਪਣੀ 35 ਸਫ਼ਿਆਂ ਦੀ ਵਿਸਥਾਰ ਪੜ੍ਹਤਾਲੀਆਂ ਰਿਪੋਰਟ ਐਨ.ਜੀ.ਟੀ ਨੂੰ ਸੌਂਪੀ ਹੈ | ਜਿਸ ਵਿਚ ਕਿ ਗਠਿਤ ਜਾਂਚ ਟੀਮ ਨੇ ਸਪਸ਼ਟ ਸਿਫ਼ਾਰਸ਼ ਕੀਤੀ ਹੈ ਕਿ ਐਸ.ਐਸ.ਪੀ. ਬਰਨਾਲਾ ਨੂੰ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਜਨਤਕ ਜਾਇਦਾਦ ਚੋਰੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੇ ਤਹਿਤ ਐਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦੇਣ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਮਰੱਥ ਅਧਿਕਾਰੀ ਤੇ ਸਹਿਯੋਗੀ ਅਧਿਕਾਰੀਆਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਤਹਿਤ ਰਸਮੀ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ | ਮਾਨਯੋਗ ਐਨ.ਜੀ.ਟੀ ਨਵੀਂ ਦਿੱਲੀ ਵਿਖੇ ਪਟੀਸ਼ਨ ਪਾਉਣ ਵਾਲੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਪਿਛਲੇ ਸਮੇਂ ਤੋਂ ਲੈ ਕੇ ਹਰੇ ਭਰੇ ਰੁੱਖਾਂ ਦੀ ਮਾਨਯੋਗ ਕੋਰਟਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਨਾਜਾਇਜ਼ ਗੈਰ ਕਾਨੰੂਨੀ ਕਟਾਈ ਹੋ ਰਹੀ ਹੈ | ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਮਾਤਮਾ ਦੀ ਕਚਹਿਰੀ ਵਿਚ ਜ਼ਰੂਰ ਸਜਾ ਮਿਲੇਗੀ | ਹਰੇ ਭਰੇ ਰੁੱਖਾਂ ਨੂੰ ਸੁਰੱਖਿਅਤ ਕਰਨ ਅਤੇ ਹੋਰ ਬੂਟੇ ਲਗਾਉਣ ਲਈ ਉਨ੍ਹਾਂ ਦੀ ਰੁੱਖ ਬਚਾਓ ਪੰਜਾਬ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ |