14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਾਬਾ ਬਕਾਲਾ ਸਾਹਿਬ ਵਿਖੇ 31 ਮਈ ਨੂੰ ਕੀਤੀ ਜਾ ਰਹੇ ਪੰਥਕ ਇਕੱਠ ਦੀ ਤਿਆਰੀ ਸਬੰਧੀ ਇਕੱਤਰਤਾ

ਅਜੀਤ ਡੈਸਕ 28-05-2026
ਮਹਿਲ ਕਲਾਂ, 27 ਮਈ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਪਾਸ ਕੀਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚ ਦਰਜ ਮੱਦਾਂ ਜਿਨ੍ਹਾਂ ਬਾਰੇ ਸਿੱਖ ਕੌਮ ਵਲੋਂ ਲਗਾਤਾਰ ਇਤਰਾਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 31 ਮਈ ਨੂੰ ਬਾਬਾ ਬਕਾਲਾ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ ਦੀਆਂ ਤਿਆਰੀਆਂ ਸਬੰਧੀ ਗ੍ਰੰਥੀ ਸਾਹਿਬਾਨਾਂ, ਰਾਗੀ ਜਥਿਆਂ, ਢਾਡੀ ਜਥਿਆਂ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇੱਕ ਇਕੱਤਰਤਾ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿਆਂਦਾ ਗਿਆ। ਇਹ ਕਾਨੂੰਨ ਪੰਥਕ ਧਿਰਾਂ, ਗ੍ਰੰਥੀ ਸਿੰਘਾਂ ਅਤੇ ਧਾਰਮਿਕ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਪਾਸ ਕੀਤਾ ਗਿਆ ਹੈ, ਜਿਸ ਕਾਰਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਦੇ ਮਨਾਂ ਵਿਚ ਡਰ ਅਤੇ ਦੁਬਿਧਾ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਗ੍ਰੰਥੀ ਸਿੰਘਾਂ ਨੂੰ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ ਹੈ। ਕਾਨੂੰਨ ਦੇ ਡਰ ਕਾਰਨ ਪਿੰਡਾਂ ਦੇ ਆਮ ਸਿੱਖ ਪਰਿਵਾਰ ਵੀ ਆਪਣੇ ਘਰਾਂ ਵਿਚੋਂ ਗੁਟਕਾ ਸਾਹਿਬ ਅਕਾਲ ਤਖ਼ਤ ਸਾਹਿਬ ਵਿਖੇ ਜਮਾਂ ਕਰਵਾ ਰਹੇ ਹਨ, ਜੋ ਬਹੁਤ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਹੱਕ ਵਿਚ ਹੈ ਪਰ ਕਾਨੂੰਨ ਦਾ ਡਰ ਪੈਦਾ ਕਰ ਕੇ ਸਿੱਖ ਨੌਜਵਾਨਾਂ ਨੂੰ ਸਿੱਖੀ ਅਤੇ ਗੁਰੂ ਘਰਾਂ ਤੋਂ ਦੂਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰੱਖੇ ਗਏ ਪੰਥਕ ਇਕੱਠ ਵਿਚ ਹਰ ਸਿੱਖ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਨਵੇਂ ਕਾਨੂੰਨ ਦੀ ਆੜ ਹੇਠ ਆਮ ਸਿੱਖ ਪਰਿਵਾਰਾਂ, ਗ੍ਰੰਥੀ ਸਾਹਿਬਾਨਾਂ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਵਜ੍ਹਾ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘਾਂ ਅਤੇ ਪਾਠੀ ਸਿੰਘਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਵਿਚ ਸ਼ਾਮਲ ਕਰਨਾ ਜਾਂ ਉਨ੍ਹਾਂ ਨੂੰ ਦੋਸ਼ੀ ਬਣਾਉਣਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ‘ਚ ਸੰਗਤਾਂ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੇ ਪੰਥਕ ਇਕੱਠ ਵਿਚ ਸ਼ਮੂਲੀਅਤ ਕਰਨਗੀਆਂ।
ਇਸ ਮੌਕੇ ਪ੍ਰਧਾਨ ਸ਼ੇਰ ਸਿੰਘ ਖ਼ਾਲਸਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਜਥੇ: ਸੁਖਵਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ ਕਾਲਾ, ਜਸਵਿੰਦਰ ਸਿੰਘ ਦੀਦਾਰਗੜ੍ਹ, ਜਗਦੇਵ ਸਿੰਘ ਬਧੇਸਾ, ਕੁਲਵੰਤ ਸਿੰਘ ਜਗਦੇ, ਹਰਜਿੰਦਰ ਸਿੰਘ ਮਾਂਗੇਵਾਲ, ਢਾਡੀ ਰਮਨਦੀਪ ਸਿੰਘ ਦੀਵਾਨਾ, ਗੁਰਦੀਪ ਸਿੰਘ ਟਿਵਾਣਾ, ਰਾਗੀ ਭਾਈ ਜਗਸੀਰ ਸਿੰਘ ਖਾਲਸਾ, ਢਾਡੀ ਹਰਜਿੰਦਰ ਸਿੰਘ ਦੀਵਾਨਾ, ਭਾਈ ਗੁਰਸੇਵਕ ਸਿੰਘ, ਸਰਬਜੀਤ ਸਿੰਘ ਗੰਗੋਹਰ, ਗੁਰਵਿੰਦਰ ਸਿੰਘ ਕਲਾਲਾ, ਗੁਰਮੇਲ ਸਿੰਘ ਗੁੰਮਟੀ, ਸੁਖਵਿੰਦਰ ਸਿੰਘ ਛੀਨੀਵਾਲ, ਕਰਨੈਲ ਸਿੰਘ ਢੈਪਈ, ਆਤਮਾ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗ੍ਰੰਥੀ ਸਿੰਘਾਂ ਲਈ ਕਮਰਿਆਂ ਦੀ ਨੀਂਹ ਰੱਖੀ ਅਗਲੀ ਖ਼ਬਰ ਮਾਹਵਾਰੀ ਦੌਰਾਨ ਸਰੀਰਕ ਤੰਦਰੁਸਤੀ ਲਈ ਸਾਫ਼-ਸਫ਼ਾਈ ਬਹੁਤ ਜ਼ਰੂਰੀ-ਡਾ.ਰਿੰਕੂ ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।