ਭਦੌੜ, 10 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)- ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਹਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਕਮਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਚਾਰ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 19 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਕਮਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ, ਸ਼ੱਕੀ ਥਾਵਾਂ ਦੀ ਚੈਕਿੰਗ ਕਰ ਰਹੇ ਸਨ ਜਦੋਂ ਇਨ੍ਹਾਂ ਸਟੇਡੀਅਮ ਦੀ ਬੈਕ ਸਾਈਡ ਸ਼ਮਸ਼ਾਨਘਾਟ ਅੰਦਰ ਚਾਰ ਨੌਜਵਾਨਾਂ ਨੂੰ ਬੈਠੇ ਦੇਖਿਆ ਅਤੇ ਸ਼ੱਕ ਦੇ ਤਹਿਤ ਏ.ਐਸ.ਆਈ. ਕਮਲਜੀਤ ਸਿੰਘ ਅੰਦਰ ਗਏ ਤਾਂ ਉਹ ਚਾਰੇ ਵਿਅਕਤੀ ਪਲਾਸਟਿਕ ਦੇ ਲਿਫ਼ਾਫ਼ੇ ਦੀ ਫਰੋਲਾ ਫਰਾਲੀ ਕਰ ਰਹੇ ਸਨ ਅਤੇ ਪੁਲਿਸ ਨੂੰ ਦੇਖ ਕੇ ਘਬਰਾ ਗਏ | ਜਿਨ੍ਹਾਂ ਨੇ ਆਪਣਾ ਨਾਮ ਕੁਲਵੰਤ ਸਿੰਘ ਵਾਸੀ ਮੱਝੂਕੇ, ਕਿ੍ਸ਼ਨ ਸਿੰਘ ਵਾਸੀ ਭਦੌੜ, ਬੇਅੰਤ ਸਿੰਘ ਵਾਸੀ ਭਦੌੜ, ਸੋਨੂੰ ਵਾਸੀ ਭਦੌੜ ਦੱਸਿਆ | ਇਨ੍ਹਾਂ ਪਾਸੋਂ 19 ਗ੍ਰਾਮ ਨਸ਼ੀਲਾ ਪਦਾਰਥ ਰੰਗ ਚਿੱਟਾ ਬਰਾਮਦ ਕੀਤਾ | ਮੁਕੱਦਮਾ ਜੇਰੇ ਤਫ਼ਤੀਸ਼ ਹੈ | ਇਸ ਮੌਕੇ ਏ.ਐਸ.ਆਈ. ਕਮਲਜੀਤ ਸਿੰਘ, ਹੈੱਡ ਮੁਨਸ਼ੀ ਹਰਦੀਪ ਸਿੰਘ ਆਦਿ ਹਾਜ਼ਰ ਸਨ |