ਤਪਾ ਮੰਡੀ, 10 ਜੂਨ (ਪ੍ਰਵੀਨ ਗਰਗ)-ਪਿਛਲੇ ਕਾਫੀ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਨੇ ਜਿੱਥੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ, ਉੱਥੇ ਦੂਜੇ ਪਾਸੇ ਬਾਜ਼ਾਰਾਂ ਵਿਚ ਵੀ ਸੁੰਨ ਪਸਰ ਗਈ ਹੈ | ਜਿਸ ਦੇ ਚੱਲਦਿਆਂ ਦੁਕਾਨਦਾਰਾਂ ਨੂੰ ਦੁਪਹਿਰ ਦੁਕਾਨਾਂ 'ਤੇ ਵਿਹਲੇ ਬਹਿ ਕੇ ਹੀ ਕੱਢਣੀ ਪੈ ਰਹੀ ਹੈ ਕਿਉਂਕਿ ਗਰਮੀ ਕਾਰਨ ਗ੍ਰਾਹਕ ਵੀ ਗੁਜ਼ਾਰਾਂ 'ਚ ਆਉਣ ਤੋਂ ਕੰਨੀ ਕਤਰਾ ਰਿਹਾ ਹੈ, ਜਦ ਕਿ ਸ਼ਾਮ ਪੈਂਦਿਆਂ ਹੀ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ | ਗਰਮੀ ਕਾਰਨ ਦੁਪਹਿਰ ਸਮੇਂ ਸ਼ਹਿਰ ਦੀਆਂ ਸੜਕਾਂ, ਗਲੀਆਂ, ਮੁਹੱਲੇ ਅਤੇ ਬਾਜ਼ਾਰ ਇਸ ਕਦਰ ਦਿਖਾਈ ਦੇਣ ਲੱਗ ਪਏ ਹਨ | ਜਿਵੇਂ ਕਰਫ਼ਿਊ ਲੱਗਿਆ ਹੋਵੇ | ਮੁੱਖ ਮਾਰਗ 'ਤੇ ਵੀ ਆਵਾਜਾਈ ਬਹੁਤ ਹੀ ਘੱਟ ਦਿਖਾਈ ਦੇਣ ਲੱਗ ਪਈ ਹੈ | ਡਾਕਟਰਾਂ ਅਨੁਸਾਰ ਦੁਪਹਿਰ ਸਮੇਂ ਘਰ 'ਚ ਹੀ ਰਹਿਣਾ ਉਚਿੱਤ ਸਮਝਿਆ ਜਾਵੇ, ਜੋ ਕਿ ਸਮੇਂ ਦੀ ਲੋੜ ਹੈ, ਕਿਉਂਕਿ ਗਰਮੀ ਕਾਰਨ ਕਈ ਤਰ੍ਹਾਂ ਦੇ ਸਰੀਰਕ ਨੁਕਸਾਨ ਹੋਣ ਦੀ ਸੰਭਾਵਨਾ ਹੈ | ਤਪਾ 'ਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਦਰਜ ਕੀਤਾ ਗਿਆ | ਇਸ ਸਮੇਂ ਪੈ ਰਹੀ ਗਰਮੀ ਦੇਖਦਿਆਂ ਡਾਕਟਰਾਂ ਵਲੋਂ ਵੀ ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਵੱਧ ਤੋਂ ਵੱਧ ਪਾਣੀ ਪੀਣ, ਜੂਸ, ਸ਼ਿਕੰਜਵੀ, ਓ.ਆਰ.ਐਸ. ਦਾ ਘੋਲ ਪੀਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਪੈ ਰਹੀ ਗਰਮੀ ਤੋਂ ਇੰਜ ਲੱਗ ਰਿਹਾ ਹੈ, ਜਿਵੇਂ ਇੰਦਰ ਦੇਵਤਾ ਬਰਸਾਤ ਕਰਨਾ ਹੀ ਭੁੱਲ ਗਏ ਹੋਣ | ਉੱਧਰ ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਬੱਦਲ ਹੋਣ ਦੇ ਆਸਾਰ ਹਨ ਅਤੇ ਇਸ ਦੌਰਾਨ ਹਲਕੀ ਬਰਸਾਤ ਵੀ ਹੋ ਸਕਦੀ ਹੈ ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ |