ਬਰਨਾਲਾ, 10 ਜੂਨ:(ਨਰਿੰਦਰ ਅਰੋੜਾ)-ਰਾਸ਼ਟਰੀ ਪੱਧਰ 'ਤੇ ਚਲਾਈ ਜਾ ਰਹੀ 100 ਦਿਨਾਂ ਦੀ ਤੀਬਰ ਟੀ.ਬੀ. ਖ਼ਾਤਮਾ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਨੇ ਦੱਸਿਆ ਕਿ ਕੈਂਪਾਂ ਵਿਚ ਹੈਂਡ ਹੈਲਡ ਪੋਰਟੇਬਲ ਐਕਸਰੇ ਮਸ਼ੀਨਾਂ ਰਾਹੀਂ ਟੀ.ਬੀ. ਦੀ ਜਾਂਚ ਕੀਤੀ ਜਾ ਰਹੀ ਹੈ | ਜ਼ਿਲ੍ਹਾ ਟੀ.ਬੀ. ਅਫ਼ਸਰ ਅਤੇ ਨੋਡਲ ਅਫ਼ਸਰ ਡਾ: ਮੋਨਿਕਾ ਬਾਂਸਲ ਨੇ ਦੱਸਿਆ ਕਿ ਕੈਂਪਾਂ ਦੌਰਾਨ ਕੀਤੇ ਗਏ ਐਕਸਰੇ ਦੀ ਜਾਂਚ ਡਾਕਟਰਾਂ ਵਲੋਂ ਕੀਤੀ ਜਾਂਦੀ ਹੈ | ਜੇਕਰ ਕਿਸੇ ਵਿਅਕਤੀ ਵਿਚ ਟੀ.ਬੀ. ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦੀ ਬਲਗ਼ਮ ਦੀ ਜਾਂਚ ਟਰੂਨੈਟ ਮਸ਼ੀਨ ਰਾਹੀਂ ਕੀਤੀ ਜਾਂਦੀ ਹੈ | ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਟੀ.ਬੀ. ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਡਾ: ਬਾਂਸਲ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਲਗਾਤਾਰ ਦੋ ਹਫ਼ਤਿਆਂ ਤੋਂ ਖਾਂਸੀ, ਹਲਕਾ ਬੁਖ਼ਾਰ, ਭਾਰ ਘਟਣਾ, ਭੁੱਖ ਨਾ ਲੱਗਣਾ ਜਾਂ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਉਹ ਪਿੰਡਾਂ, ਸ਼ਹਿਰਾਂ ਵਿਚ ਲੱਗ ਰਹੇ ਕੈਂਪਾਂ ਜਾਂ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣੀ ਜਾਂਚ ਜ਼ਰੂਰ ਕਰਵਾਏ | ਜ਼ਿਲ੍ਹਾ ਬਰਨਾਲਾ ਵਿਚ ਇਸ ਮੁਹਿੰਮ ਲਈ ਦੋ ਟੀਮਾਂ ਕੰਮ ਕਰ ਰਹੀਆਂ ਹਨ | ਪਹਿਲੀ ਟੀਮ ਵਿਚ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਸੁਖਵਿੰਦਰ ਸਿੰਘ ਅਤੇ ਰੇਡੀਓਗ੍ਰਾਫਰ ਸੁਰਜੀਤ ਸਿੰਘ ਧਨੌਲਾ ਸ਼ਾਮਿਲ ਹਨ | ਦੂਜੀ ਟੀਮ ਵਿਚ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਜਯੋਤੀ ਅਤੇ ਰੇਡੀਓਗ੍ਰਾਫਰ ਸੁਖਪ੍ਰੀਤ ਸਿੰਘ ਹਨ | ਇਹ ਟੀਮਾਂ ਮਹਿਲ ਕਲਾਂ ਅਤੇ ਬਰਨਾਲਾ ਵਿਖੇ ਸਿਹਤ ਸੁਪਰਵਾਈਜ਼ਰਾਂ, ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਕੈਂਪ ਲਗਾ ਰਹੀਆਂ ਹਨ |