06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕਰ ਰਹੇ ਸਵਾਲ

ਅਜੀਤ ਡੈਸਕ 23-06-2026
ਬਰਨਾਲਾ, 22 ਜੂਨ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ ਦੀਆਂ ਮੁੱਖ ਸੜਕਾਂ ਦੇ ਆਲੇ-ਦੁਆਲੇ ਖ਼ਾਲੀ ਪਏ ਪਲਾਟਾਂ ਵਿਚ ਲੱਗ ਰਹੇ ਗੰਦਗੀ ਦੇ ਢੇਰ ਜਿੱਥੇ ਨਗਰ ਨਿਗਮ ਬਰਨਾਲਾ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਰਹੇ ਹਨ, ਉੱਥੇ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਅਤੇ ਸੁਪਨੇ ਵੀ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਮੁੱਖ ਸੜਕਾਂ ਦੇ ਕਿਨਾਰੇ ਸਥਿਤ ਪਲਾਟਾਂ ’ਚ ਸੁੱਟੇ ਜਾ ਰਹੇ ਕੂੜੇ-ਕਰਕਟ ਦੇ ਢੇਰਾਂ ’ਚੋਂ ਉੱਠ ਰਹੀ ਬਦਬੂ ਕਾਰਨ ਉੱਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਦਾ ਦਮ ਘੁੱਟ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਨੱਕ-ਮੂੰਹ ਢੱਕ ਕੇ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਅੱਗੇ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ। ਜੇਕਰ ਸਮਾਂ ਰਹਿੰਦੇ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਨਾ ਚੁੱਕਿਆ ਗਿਆ ਤਾਂ ਬਾਰਿਸ਼ ਦੇ ਪਾਣੀ ਨਾਲ ਇਸ ਕੂੜੇ ਵਿਚੋਂ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਪੈਦਾ ਹੋਵੇਗੀ। ਜਿਸ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਸਿੱਧਾ ਖ਼ਤਰਾ ਬਣ ਜਾਵੇਗਾ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੀ ਇਸ ਢਿੱਲੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਗਰ ਨਿਗਮ ਨੂੰ ਟੈਕਸ ਦਿੰਦੇ ਹਨ ਪਰ ਬਦਲੇ ਵਿਚ ਉਨ੍ਹਾਂ ਨੂੰ ਗੰਦਗੀ ਅਤੇ ਬਿਮਾਰੀਆਂ ਮਿਲ ਰਹੀਆਂ ਹਨ। ਉਨ੍ਹਾਂ ਪੁੱਛਿਆ ਕੀ ਖ਼ਾਲੀ ਪਲਾਟਾਂ ਵਿਚ ਫੈਲ ਰਹੀ ਗੰਦਗੀ ਨੂੰ ਚੁੱਕਣਾ ਨਗਰ ਨਿਗਮ ਬਰਨਾਲਾ ਦਾ ਫ਼ਰਜ਼ ਨਹੀਂ ਹੈ? ਨਗਰ ਨਿਗਮ ਬਰਨਾਲਾ ਦੇ ਅਧਿਕਾਰੀਆਂ ਨੂੰ ਆਪਣੀ ਕੁੰਭਕਰਨੀ ਨੀਂਦ ਤਿਆਗੇ ਸ਼ਹਿਰ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਮੁੱਖ ਸੜਕਾਂ ਅਤੇ ਪਲਾਟਾਂ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਸਫ਼ਾਈ ਕਰਵਾਈ ਜਾਵੇ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।