ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਜ਼ਿਲ੍ਹਾ ਬਰਨਾਲਾ ਵਿਚ ਪਾਰਟੀ ਦੀ ਮੌਜੂਦਾ ਕਾਰਗੁਜ਼ਾਰੀ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਭਾਜਪਾ ਦੀ ਕੌਮੀ ਲੀਡਰਸ਼ਿਪ ਅਤੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਪੰਜਾਬ ’ਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸੂਬੇ ਵਿਚ ਆਗਾਮੀ ਸਰਕਾਰ ਬਣਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਬਰਨਾਲਾ ਵਿਚ ਭਾਜਪਾ ਦਾ ਗ੍ਰਾਫ਼ ਡਿੱਗਦਾ ਜਾ ਰਿਹਾ ਹੈ। ਕੈਪਟਨ ਸਿੱਧੂ ਨੇ ਦੱਸਿਆ ਕਿ ਐਸ.ਆਈ.ਆਰ. ਸਬੰਧੀ ਅੱਜ ਹਰ ਬੂਥ ਉੱਪਰ ਬੀ.ਐਲ.ਓ. ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਲਗਾਏ ਗਏ ਬੀ.ਐਲ.ਏ. ਦੀਆਂ ਆਪਸੀ ਅਹਿਮ ਮੀਟਿੰਗਾਂ ਸਨ । ਇਨ੍ਹਾਂ ਮੀਟਿੰਗਾਂ ਵਿਚ ਹੋਰਨਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਬੀ.ਐਲ.ਏ. ਤਾਂ ਸਰਗਰਮੀ ਨਾਲ ਸ਼ਾਮਿਲ ਹੋਏ, ਪਰ ਭਾਜਪਾ ਦੇ ਬੀ.ਐਲ.ਏ. ਪੂਰੀ ਤਰ੍ਹਾਂ ਗ਼ਾਇਬ ਦੇਖੇ ਗਏ। ਉਨ੍ਹਾਂ ਕਿਹਾ ਕਿ ਦੂਸਰੀਆਂ ਸਾਰੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਵਲੋਂ ਸਬੰਧਿਤ ਚੋਣ ਅਫ਼ਸਰਾਂ ਕੋਲ ਹਰ ਬੂਥ ਉੱਪਰ ਲਗਾਏ ਗਏ ਆਪਣੇ ਬੀ.ਐਲ.ਏ. ਦੀਆਂ ਸੂਚੀਆਂ ਸਮੇਂ ਸਿਰ ਭੇਜੀਆਂ ਗਈਆਂ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਹਲਕਾ ਬਰਨਾਲਾ ਸਬੰਧੀ ਬੀ.ਐਲ.ਓ./ਬੀ.ਐਲ.ਏ. ਦੀ ਸਾਂਝੀ ਸੂਚੀ ਵਿਚੋਂ ਭਾਜਪਾ ਦੇ ਬੀ.ਐਲ.ਏ. ਦੇ ਨਾਮ ਹੀ ਗ਼ਾਇਬ ਸਨ । ਉਨ੍ਹਾਂ ਕਿਹਾ ਕਿ ਇਹ ਲਾਪ੍ਰਵਾਹੀ ਨਾ ਕੇਵਲ ਬਹੁਤ ਮੰਦਭਾਗੀ ਹੈ, ਬਲਕਿ ਇਸ ਨਾਲ ਮੌਜੂਦਾ ਜ਼ਿਲ੍ਹਾ ਪ੍ਰਧਾਨ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ। ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਭਾਜਪਾ ਦੀ ਸੂਬਾ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਅਤੇ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਇਸ ਗੰਭੀਰ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਜੇਕਰ ਜ਼ਿਲ੍ਹਾ ਪੱਧਰ ’ਤੇ ਅਜਿਹੀਆਂ ਵੱਡੀਆਂ ਸੰਗਠਨਾਤਮਕ ਕਮੀਆਂ ਨੂੰ ਜਲਦੀ ਦੂਰ ਨਾ ਕੀਤਾ ਗਿਆ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਵੱਡਾ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ ਹੈ।