ਬਰਨਾਲਾ, 23 ਜੂਨ (ਰਾਜ ਪਨੇਸਰ)-ਪਨਸਪ ਗੈਸ ਏਜੰਸੀ ਬਰਨਾਲਾ ਵਿਖੇ ਲੋਕਾਂ ਨੇ ਗੈਸ ਸਿਲੰਡਰ ਨਾ ਮਿਲਣ ’ਤੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ । ਜਾਣਕਾਰੀ ਦਿੰਦਿਆਂ ਅਭਿਨਾਸ਼ ਕੁਮਾਰ ਓਸ਼ੋ, ਪਵਨ ਕੁਮਾਰ, ਸੁਖਦੇਵ ਸਿੰਘ, ਜਤਿੰਦਰ ਸਿੰਘ, ਰਾਘਵਿੰਦਰ ਸਿੰਘ ਪਾਂਡੇ, ਸੁਖਵਿੰਦਰ ਸਿੰਘ, ਭਜਨ ਸਿੰਘ, ਕਰਨੈਲ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ, ਨਰਿੰਦਰ ਕੁਮਾਰ, ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਤਿੰਨ ਮਹੀਨਿਆਂ ਤੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਪ੍ਰੇਸ਼ਾਨ ਹੋਏ ਪਏ ਹਾਂ। ਕਈਆਂ ਦੇ ਤਾਂ ਮੋਬਾਈਲਾਂ ’ਤੇ ਮੈਸੇਜ ਵੀ ਏਜੰਸੀ ਵਲੋਂ ਭੇਜਿਆ ਜਾ ਚੁੱਕਾ ਹੈ ਕਿ ਆਪ ਦੇ ਸਿਲੰਡਰ ਦੀ ਡਲਿਵਰੀ ਹੋ ਚੁੱਕੀ ਹੈ। ਕਈ ਲਾਭਪਾਤਰੀਆਂ ਦੇ ਸਿਲੰਡਰ ਬੁੱਕ ਹੋਣ ਤੋਂ ਬਾਅਦ ਕੈਂਸਲ ਵੀ ਕੀਤੇ ਗਏ ਸਨ। ਉੱਤੋਂ ਦੀ ਏਜੰਸੀ ਦੇ ਦਫ਼ਤਰ ’ਚ ਮੁਲਾਜ਼ਮ ਲਾਭਪਾਤਰੀਆਂ ਤੇ ਬਿਨਾਂ ਮਤਲਬ ਰੋਹਬ ਮਾਰਦੇ ਹਨ। ਜਿਸ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਪਾਇਆ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਨਸਪ ਗੈਸ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਵਿਅਕਤੀ ਨੂੰ ਗੈਸ ਸਿਲੰਡਰ ਲੈਣ ’ਚ ਦਿੱਕਤ ਨਾ ਆਵੇ।
ਗੈਸ ਨਾ ਮਿਲਣ ’ਤੇ ਲਾਭਪਾਤਰੀਆਂ ਨੇ ਪਨਸਪ ਏਜੰਸੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਅਜੀਤ ਡੈਸਕ
24-06-2026