06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬਰਨਾਲਾ ਜੱਚਾ-ਬੱਚਾ ਹਸਪਤਾਲ ਦੇ ਬਾਹਰ ਸੇਵਾ ਮੁਕਤ ਰੇਡੀਓਗ੍ਰਾਫ਼ਰ ਦਾ ਭੀਖ ਮੰਗ ਕੇ ਅਨੋਖਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 14-07-2026

ਬਰਨਾਲਾ, 13 ਜੁਲਾਈ (ਨਰਿੰਦਰ ਅਰੋੜਾ)-ਆਪਣੀਆਂ ਬਕਾਇਆ ਤਨਖ਼ਾਹਾਂ ਅਤੇ ਹੋਰ ਬਣਦੇ ਹੱਕਾਂ ਲਈ ਜੱਦੋ ਜਹਿਦ ਕਰ ਰਹੇ ਇਕ ਰਿਟਾਇਰਡ ਰੇਡੀਓਗ੍ਰਾਫਰ ਨੇ ਅੱਜ ਬਰਨਾਲਾ ਦੇ ਜੱਚਾ-ਬੱਚਾ ਹਸਪਤਾਲ ਦੇ ਬਾਹਰ ਭੀਖ ਮੰਗ ਕੇ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਪੀੜਤ ਕਰਮਚਾਰੀ ਗੁਰਪਿਆਰ ਸਿੰਘ ਭੱਟੀ ਨੇ ਹੱਥ ਵਿਚ ਤਖ਼ਤੀ ਫੜ ਕੇ ਅਤੇ ਭੀਖ ਦਾ ਥਾਲਾਂ ਅੱਗੇ ਰੱਖ ਕੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਸ ਦਾ ਕਹਿਣਾ ਹੈ ਕਿ ਇਹ ਭੀਖ ਉਸ ਦੀ ਮਜਬੂਰੀ ਨਹੀਂ, ਸਗੋਂ ਸਿਸਟਮ ਦੀ ਬੇਰੁਖ਼ੀ ਨੂੰ ਉਜਾਗਰ ਕਰਨ ਲਈ ਇਕ ਪ੍ਰਤੀਕਾਤਮਕ ਰੋਸ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਸਾਲ 2001 ਤੋਂ ਪੰਜਾਬ ਦੇ ਵੱਖ-ਵੱਖ ਸਿਵਲ ਹਸਪਤਾਲਾਂ ਵਿਚ ਰੇਡੀਓਗ੍ਰਾਫਰ ਵਜੋਂ ਸੇਵਾਵਾਂ ਨਿਭਾਈਆਂ ਹਨ। ਉਸ ਦੀ ਆਖ਼ਰੀ ਤਾਇਨਾਤੀ ਬਰਨਾਲਾ ਵਿਚ ਸੀ। ਉਸ ਦਾ ਦੋਸ਼ ਹੈ ਕਿ ਉਸ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਗਿਆ ਅਤੇ ਰਿਟਾਇਰਮੈਂਟ ਤੋਂ ਬਾਅਦ ਵੀ ਉਸ ਦੀਆਂ ਕਈ ਮਹੀਨਿਆਂ ਦੀਆਂ ਤਨਖ਼ਾਹਾਂ, ਪੈਨਸ਼ਨ ਅਤੇ ਹੋਰ ਬਣਦੇ ਲਾਭ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਲ 2024 ਵਿਚ ਵੀ ਉਹ ਇਸੇ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਸਨ। ਉਸ ਸਮੇਂ ਪ੍ਰਸ਼ਾਸਨ ਅਤੇ ਐਸ.ਐਮ.ਓ ਵਲੋਂ ਮੰਗਾਂ ਜਲਦੀ ਮੰਨਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ ਗਿਆ ਸੀ, ਪਰ ਬਾਅਦ ਵਿਚ ਕੋਈ ਵੀ ਗੱਲ ਨਹੀਂ ਮੰਨੀ ਗਈ। ਇਸ ਤੋਂ ਇਲਾਵਾ ਉਹ ਕਈ ਵਾਰ ਲੱਕੜ ਦੀ ਚਿਖਾ ਬਣਾ ਕੇ ਉਸ ਉੱਪਰ ਵੀ ਬੈਠ ਚੁੱਕੇ ਹਨ। ਰੋਸ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਨੂੰ ਜੇਲ੍ਹ ਤੱਕ ਵੀ ਜਾਣਾ ਪਿਆ, ਪਰ ਫਿਰ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕਿਹਾ ਕਿ ਹੁਣ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਸੋਚ ਰਹੇ ਹਨ, ਪਰ ਵਕੀਲਾਂ ਦੀ ਫ਼ੀਸ ਦੇਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ। ਇਸ ਲਈ ਉਹ ਲੋਕਾਂ ਤੋਂ ਭੀਖ ਮੰਗ ਕੇ ਉਹ ਪੈਸਾ ਇਕੱਠਾ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਨਾ ਮੰਨਿਆ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਉਹ ਆਉਣ ਵਾਲੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਕਿੱਕ ਬਾਕਸਿੰਗ ਵਿਚ ਤਗਮੇ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਸ਼ਹਿਰ ਅੰਦਰ ਸੀਵਰੇਜ ਦੇ ਓਵਰਫ਼ਲੋ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।