06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 29ਵਾਂ ਸ਼ਰਧਾਂਜਲੀ ਸਮਾਗਮ ਜੋਸ਼ ਖਰੋਸ਼ ਨਾਲ ਮਨਾਇਆ ਜਾਵੇਗਾ-ਕਨਵੀਨਰ ਕਲਾਲਾ

ਅਜੀਤ ਡੈਸਕ 14-07-2026

ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਦੀ ਮੀਟਿੰਗ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਮਨਜੀਤ ਸਿੰਘ ਧਨੇਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਮੀਤ ਸੁਖਪੁਰਾ, ਡਾ: ਅਮਰਜੀਤ ਸਿੰਘ ਕਾਲਸਾਂ, ਪ੍ਰੇਮ ਕੁਮਾਰ ਅਤੇ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਕਿਹਾ ਕਿ ‘ਜ਼ਬਰ ਜ਼ੁਲਮ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ ਮਹਿਲ ਕਲਾਂ ਲੋਕ ਘੋਲ’ 29ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹੈ। ਇਹ ਲੋਕ ਘੋਲ ਅਨੇਕਾਂ ਮੋੜਾਂ ਘੋੜਾਂ ਨੂੰ ਸਰ ਕਰਦਾ ਹੋਇਆ ਵਿਗਿਆਨਕ ਵਿਚਾਰਧਾਰਾ ਅਤੇ ਦਰੁਸਤ ਅਗਵਾਈ ਸਦਕਾ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਸ ਵਾਰ ਦਾ ਸ਼ਰਧਾਂਜਲੀ ਸਮਾਗਮ ਅਮਰੀਕੀ-ਇਜ਼ਰਾਈਲੀ ਹਮਲੇ ਦੌਰਾਨ ਮੀਨਾਬ (ਈਰਾਨ) ਵਿਚ ਮਾਰੀਆਂ ਗਈਆਂ ਬੱਚੀਆਂ ਅਤੇ ਅਧਿਆਪਕਾਵਾਂ ਨੂੰ ਸਮਰਪਿਤ ਕਰਦਿਆਂ, ਬੱਬਰ ਅਕਾਲੀ ਲਹਿਰ ਦਾ ਸ਼ਤਾਬਦੀ ਵਰ੍ਹਾ ਹੋਣ ਕਰ ਕੇ ਇਸ ਦੇ ਜੁਝਾਰੂ ਵਿਰਸੇ ਨੂੰ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਯਾਦਗਾਰ ਕਮੇਟੀ ਦੇ ਆਗੂਆਂ ਗੁਰਮੇਲ ਸਿੰਘ ਠੁੱਲੀਵਾਲ, ਜਰਨੈਲ ਸਿੰਘ ਚੰਨਣਵਾਲ, ਗੁਰਦੇਵ ਸਿੰਘ ਮਾਂਗੇਵਾਲ, ਨਿਰਮਲ ਸਿੰਘ ਚੁਹਾਣਕੇ, ਜੱਗਾ ਸਿੰਘ, ਪ੍ਰੀਤਮ ਸਿੰਘ, ਹਰਪ੍ਰੀਤ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਇਸ ਵਾਰ ਕੌਮੀ ਪੱਧਰ ਦੀ ਪ੍ਰਮੁੱਖ ਔਰਤ ਆਗੂ ਮੁੱਖ ਬੁਲਾਰੇ ਵਜੋਂ ਮਜ਼ਦੂਰ ਹੱਕਾਂ ਪ੍ਰਤੀ ਚੇਤੰਨ ਫ਼ਰਜ਼ ਅਦਾ ਕਰ ਰਹੀ ‘ਰਾਖੀ ਸਹਿਗਲ’ ਅਤੇ ਐਡਵੋਕੇਟ ਅਮਨਦੀਪ ਕੌਰ ਬੁਲਾਰੇ ਵਜੋਂ ਸ਼ਾਮਲ ਹੋਣਗੇ। ਜਸਪਾਲ ਮਾਨਖੇੜਾ ਵਲੋਂ ਮਹਿਲ ਕਲਾਂ ਲੋਕ ਨੂੰ ਆਧਾਰ ਬਣਾ ਕੇ ਰਚੇ ਇਤਿਹਾਸਕ ਨਾਵਲ ‘ਹਵੇਲੀਆਲਾ’ ਤੇ ਆਧਾਰਿਤ ਅਤੇ ਔਰਤਾਂ ਦੀ ਸਮੁੱਚੀ ਹਾਲਤ ਨੂੰ ਦਰਸਾਉਂਦਾ ਨਾਟਕ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਪੇਸ਼ ਕੀਤਾ ਜਾਵੇਗਾ। ‘ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ’ ਅਤੇ ਇਨਕਲਾਬੀ ਗਾਇਕ ‘ਅਜਮੇਰ ਅਕਲੀਆ’ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਰੰਗਦਾਰ, ਵੱਡੀ ਆਕਾਰੀ ਪੋਸਟਰ ਅਤੇ ਮੌਜੂਦਾ ਹਾਲਤ ਦੇ ਪ੍ਰਸੰਗ ਵਿਚ ਲੀਫਲੈਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਮਾਗਮ ਦੀ 15 ਰੋਜ਼ਾ ਤਿਆਰੀ ਮੁਹਿੰਮ ਦੀ ਠੋਸ ਵਿਉਂਤਬੰਦੀ ਲਈ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਦੀ ਆਗੂ ਨੁਮਾ ਵਧਵੀਂ ਮੀਟਿੰਗ 27 ਜੁਲਾਈ ਨੂੰ ਬਾਅਦ ਦੁਪਹਿਰ 2.30 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਰੱਖੀ ਗਈ ਹੈ। ਆਗੂਆਂ ਨੇ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਮੀਟਿੰਗ ਵਿਚ ਸਮੇਂ ਸਿਰ ਸ਼ਾਮਿਲ ਹੋਣ ਦੀ ਜ਼ਰੂਰੀ ਅਪੀਲ ਕੀਤੀ ਹੈ।

ਪਿਛਲੀ ਖ਼ਬਰ ਪੁਲਿਸ ਨੇ ਰਾਤ ਸਮੇਂ ਨਾਕੇਬੰਦੀ ਕੀਤੀ ਸਖ਼ਤ ਅਗਲੀ ਖ਼ਬਰ ਪਿੰਡ ਦੀਵਾਨਾ ਵਿਖੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼ਹੀਦਾਂ ਦੀ ਯਾਦ ਵਿਚ ਬਣੇ ਗੇਟ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।