11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਨਬੱਸ-ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਦਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 17-07-2026

ਬਰਨਾਲਾ, 16 ਜੁਲਾਈ (ਨਰਿੰਦਰ ਅਰੋੜਾ)-ਆਪਣੇ ਸਾਥੀ ਕੰਡਕਟਰ ਗੁਰਵਿੰਦਰ ਸਿੰਘ ਗੁਰੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਪਨਬੱਸ-ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਦੇ ਮੈਂਬਰਾਂ ਵਲੋਂ ਅੱਜ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਡੀਪੂ ਦੇ ਕੰਡਕਟਰ ਗੁਰਵਿੰਦਰ ਸਿੰਘ ਗੁਰੀ ਨੂੰ ਮੈਨੇਜਮੈਂਟ ਵਲੋਂ ਬਿਨਾਂ ਕਿਸੇ ਵਿਭਾਗੀ ਜਾਂਚ ਤੋਂ ਬਰਖ਼ਾਸਤ ਕਰ ਕੇ ਉਸ ਨਾਲ ਧੱਕਾ ਕੀਤਾ ਗਿਆ ਹੈ। ਇਸ ਮੌਕੇ ਯੂਨੀਅਨ ਆਗੂ ਬਲਵੀਰ ਸੰਧੂ ਅਤੇ ਬੱਗਾ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਗੁਰਵਿੰਦਰ ਸਿੰਘ ’ਤੇ ਡੁਪਲੀਕੇਟ ਅੱਡਾ ਪਰਚੀਆਂ ਛਪਵਾਉਣ ਦਾ ਦੋਸ਼ ਹੈ ਤਾਂ ਵਿਭਾਗ ਨੂੰ ਪਹਿਲਾਂ ਇਸ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਸੀ। ਜੇਕਰ ਜਾਂਚ ਵਿਚ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਪਰ ਬਿਨਾਂ ਜਾਂਚ ਬਰਖ਼ਾਸਤ ਕਰਨਾ ਗ਼ਲਤ ਹੈ। ਉਨ੍ਹਾਂ ਕੰਡਕਟਰ ਨੂੰ ਬੇਗੁਨਾਹ ਦੱਸਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਗੁਰਵਿੰਦਰ ਸਿੰਘ ਨੂੰ ਤੁਰੰਤ ਬਹਾਲ ਨਾ ਕੀਤਾ ਤਾਂ ਯੂਨੀਅਨ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਇਸ ਮੁੱਦੇ ਨੂੰ ਲੈ ਕੇ ਪੰਜਾਬ ਭਰ ਦੇ 9 ਡੀਪੂਆਂ ਵਿਚ ਹੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਸੂਬਾ ਆਗੂਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਾਰੇ ਡੀਪੂਆਂ ਵਿਚ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਯੂਨੀਅਨ ਮੈਂਬਰਾਂ ਨੇ ਨਾਅਰੇਬਾਜ਼ੀ ਕਰ ਕੇ ਸਰਕਾਰ ਅਤੇ ਪਨਬੱਸ-ਪੀ.ਆਰ.ਟੀ.ਸੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਉਹ ਇਸ ਮਸਲੇ ਦਾ ਤੁਰੰਤ ਹੱਲ ਕੱਢ ਕੇ ਕੰਡਕਟਰ ਨੂੰ ਬਹਾਲ ਕਰਨ। ਇਸ ਮੌਕੇ ਰਾਕੇਸ਼, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਜਸਪਾਲ ਪਾਲਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ ਦੇ ਕਾਲੇ ਦੌਰ ਦੇ ਸੱਚ ਨੂੰ ਉਜਾਗਰ ਕਰਨ ਵਾਲੀ ‘ਸਤਲੁਜ’ ਫ਼ਿਲਮ ਬਿਨਾਂ ਰੋਕ ਲਗਾਤਾਰ ਦਿਖਾਈ ਜਾਵੇ-ਬਾਪੂ ਤਰਸੇਮ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।