10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਕੂਲ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਕਾਰਨ ਸਕੂਲੀ ਬੱਚੇ ਵੀ ਮਾਯੂਸੀ ਦੇ ਆਲਮ ’ਚ

ਅਜੀਤ ਡੈਸਕ 17-07-2026
ਤਪਾ ਮੰਡੀ, 16 ਜੁਲਾਈ (ਪ੍ਰਵੀਨ ਗਰਗ)-ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਨਗਰ ਕੌਂਸਲ ਤਪਾ ਦੀ ਲਗਭਗ ਫ਼ੂਕ ਨਿਕਲ ਹੀ ਚੁੱਕੀ ਹੈ, ਕਿਉਂਕਿ ਸ਼ਹਿਰ ਦੇ ਵਿਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਨਗਰ ਕੌਂਸਲ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਹੈ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਅੱਗੇ ਬਿਲਕੁਲ ਬੇਬਸ ਦਿਖਾਈ ਦੇ ਰਹੇ ਹਨ। ਜਦ ਕਿ ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਹੁਣ ਸਕੂਲੀ ਬੱਚਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬੱਚੇ ਸਕੂਲ ਵਿਚ ਵਿੱਦਿਆ ਹਾਸਿਲ ਕਰਨ ਲਈ ਜਾਂਦੇ ਹਨ, ਪ੍ਰੰਤੂ ਅਗਰ ਸਕੂਲ ਦੇ ਬਾਹਰ ਲੱਗੇ ਹੋਏ ਕੂੜੇ ਕਰਕਟ ਦੇ ਢੇਰ ਜਿਨ੍ਹਾਂ ਵਿਚੋਂ ਬਹੁਤ ਭੈੜੀ ਬਦਬੂ ਮਾਰ ਰਹੀ ਹੈ ਆਉਣ ਜਾਣ ਸਮੇਂ ਵਿਚੋਂ ਹੋ ਕੇ ਗੁਜ਼ਰਨਾ ਪਵੇ ਤਾਂ ਉਨ੍ਹਾਂ ਦੇ ਮਨਾਂ ’ਤੇ ਕੀ ਬੀਤਦੀ ਹੋਵੇਗੀ। ਜਦ ਪੱਤਰਕਾਰਾਂ ਦੀ ਟੀਮ ਨੇ ਸਕੂਲ ਦੇ ਬਾਹਰ ਦੌਰਾ ਕੀਤਾ ਤਾਂ ਦੇਖਿਆ ਕਿ ਬੱਚੇ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਦੇਖ ਕੇ ਮਾਯੂਸੀ ਦੇ ਆਲਮ ਦਿਖਾਈ ਦਿੱਤੇ ਅਤੇ ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਨੂੰ ਕੋਸਿਆ। ਜਦ ਕਿ ਇੱਕ ਪਾਸੇ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ਿਦ ਹਨ ਉੱਥੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਵਿਚ ਕੀ ਕਸੂਰ ਹੈ, ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਬਿਨਾਂ ਕਿਸੇ ਗੱਲ ਤੋਂ ਭੋਗਣਾ ਪੈ ਰਿਹਾ ਹੈ, ਪ੍ਰੰਤੂ ਨਗਰ ਕੌਂਸਲਾਂ ਤੇ ਸਬੰਧਿਤ ਅਧਿਕਾਰੀ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ। ਹੁਣ ਉਹ ਦਿਨ ਦੂਰ ਨਹੀਂ ਜਦੋਂ ਸ਼ਹਿਰ ਦੇ ਲੋਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਣਗੇ। ਸ਼ਹਿਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ ਤਾਂ ਜੋ ਉਨ੍ਹਾਂ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਪ੍ਰਵਾਨ ਕਰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਗਣਿਤ ਵਿਸ਼ੇ ਸੰਬੰਧੀ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਗੁਰਦੁਆਰਾ ਬਾਬਾ ਕਾਲਾ ਮਹਿਰ ਜੀ ਵਿਖੇ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦੀ 31ਵੀਂ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।