03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਫ਼ਾਈ ਸੇਵਕਾਂ ਨੇ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਕੱਢੀ ਭੜਾਸ

ਅਜੀਤ ਡੈਸਕ 18-07-2026

ਤਪਾ ਮੰਡੀ, 17 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਤਪਾ ਵਿਖੇ ਅਣਮਿਥੇ ਸਮੇਂ ਦੀ ਹੜਤਾਲ ’ਤੇ ਬੈਠੇ ਹਨ, ਜਿਸ ਦੇ ਚੱਲਦਿਆਂ ਅੱਜ ਸਫ਼ਾਈ ਸੇਵਕਾਂ ਨੇ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਆਪਣੀ ਭੜਾਸ ਕੱਢੀ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮੰਗਤ ਰਾਏ ਅਤੇ ਪ੍ਰਧਾਨ ਰਾਜ ਕੁਮਾਰ ਰਫ਼ੀ ਨੇ ਕਿਹਾ ਕਿ ਸਫ਼ਾਈ ਸੇਵਕ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਹੜਤਾਲ ਦੌਰਾਨ ਸਰਕਾਰ ਨਾਲ ਹੋਈ ਮੀਟਿੰਗ ਵਿਚ ਭਰੋਸਾ ਦਿੱਤਾ ਗਿਆ ਸੀ ਕਿ ਸਫ਼ਾਈ ਸੇਵਕਾਂ ਨਾਲ ਸਬੰਧਿਤ ਨੋਟੀਫ਼ਿਕੇਸ਼ਨ 30 ਜੂਨ ਤੱਕ ਜਾਰੀ ਕਰ ਦਿੱਤਾ ਜਾਵੇਗਾ, ਪਰ ਅੱਜ ਤੱਕ ਕੋਈ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਮੁੜ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਰੋਸ ਮਾਰਚ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਇਆ, ਜੋ ਰੂਪ ਚੰਦ ਰੋਡ, ਡਾਕਖ਼ਾਨਾ ਰੋਡ, ਸਦਰ ਬਾਜ਼ਾਰ, ਅਨਾਜ ਮੰਡੀ ਅਤੇ ਵਾਲਮੀਕੀ ਚੌਂਕ ਤੋਂ ਹੁੰਦਾ ਹੋਇਆ ਮੁੜ ਨਗਰ ਕੌਂਸਲ ਦਫ਼ਤਰ ਪਹੁੰਚਿਆ। ਇਸ ਦੌਰਾਨ ਸਫ਼ਾਈ ਸੇਵਕਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਜਲਦ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸ ਦੇ ਹਲਕਾ ਪ੍ਰਧਾਨ ਰਾਜਵਿੰਦਰ ਸਿੰਘ ਸੀਤਲ ਵੀ ਰੋਸ ਮਾਰਚ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮੁਲਾਜ਼ਮ ਵਰਗ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਲਗਾਤਾਰ ਭਰੋਸੇ ਹੀ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਥਾਂ-ਥਾਂ ਕੂੜੇ ਦੇ ਢੇਰ ਅਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਨ ਕਾਰਨ ਲੋਕ ਬਿਮਾਰੀਆਂ ਦੀ ਲਪੇਟ ’ਚ ਆ ਰਹੇ ਹਨ। ਉਨ੍ਹਾਂ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੋਸ ਮਾਰਚ ’ਚ ਕੌਂਸਲਰ ਵਿਨੋਦ ਕੁਮਾਰ ਕਾਲਾ, ਰਾਜ ਕੁਮਾਰ ਕਾਂਗੜਾ, ਦੀਪਕ ਕੁਮਾਰ, ਜਗਤ ਕੁਮਾਰ, ਸਿਕੰਦਰ ਕੁਮਾਰ, ਅਰਜਨ ਕਾਲੀ, ਅਜੇ ਕੁਮਾਰ, ਸ਼ਲਿੰਦਰ ਕੁਮਾਰ, ਸੁਮਨਦੀਪ ਕਲਿਆਣ, ਦੀਪੂ, ਅਜੇ ਕੁਮਾਰ ਆਦਿ ਸਮੂਹ ਸਫ਼ਾਈ ਸੇਵਕ ਹਾਜਰ ਸਨ।

ਪਿਛਲੀ ਖ਼ਬਰ ਤਪਾ ਰੇਲਵੇ ਸਟੇਸ਼ਨ ’ਤੇ ਸੁਪਰ-ਫਾਸਟ ਗੱਡੀਆਂ ਦੇ ਨਾ ਰੁਕਣ ਕਾਰਨ ਵਪਾਰੀਆਂ ਅਤੇ ਯਾਤਰੀਆਂ ਵਿਚ ਨਿਰਾਸ਼ਾ ਅਗਲੀ ਖ਼ਬਰ ਅਧੂਰੇ ਕੇਂਦਰੀ ਪੇਅ ਸਕੇਲ ਦੇ ਨੋਟੀਫ਼ਿਕੇਸ਼ਨ ਦੀ ਕਾਪੀਆਂ ਸਾੜ ਕੇ ਮੁਲਾਜ਼ਮਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।