03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਆਪ’ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ’ਚ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ-ਕੇਵਲ ਸਿੰਘ ਢਿੱਲੋਂ

ਅਜੀਤ ਡੈਸਕ 30-07-2026
ਬਰਨਾਲਾ, 29 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਦੇ ਨਵੇਂ ਬਣੇ ਦਫ਼ਤਰ ਦਾ ਸ਼ਾਨਦਾਰ ਉਦਘਾਟਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕੀਤਾ ਗਿਆ। ਉਨ੍ਹਾਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੂੰ ਰਸਮੀ ਤੌਰ ’ਤੇ ਉਨ੍ਹਾਂ ਦੀ ਕੁਰਸੀ ’ਤੇ ਬਿਠਾਇਆ ਅਤੇ ਜ਼ਿਲ੍ਹੇ ਦੀ ਵਾਗਡੋਰ ਸੰਭਾਲਣ ’ਤੇ ਮੁਬਾਰਕਬਾਦ ਦਿੱਤੀ। ਇਸ ਸਮਾਗਮ ਵਿਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਰਾਜ ਦੌਰਾਨ ‘ਆਪ’ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਹੈ। ਸੂਬੇ ਦਾ ਕਿਸਾਨ, ਮਜ਼ਦੂਰ, ਵਪਾਰੀ ਅਤੇ ਨੌਜਵਾਨ ਵਰਗ ਬਦਲਾਅ ਦੇ ਨਾਂਅ ’ਤੇ ਆਈ ਇਸ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਦੁਖੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੱਟੜ ਇਮਾਨਦਾਰੀ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਸਲ ਵਿਚ ਸਭ ਤੋਂ ਵੱਧ ਕੱਟੜ ਬੇਈਮਾਨ ਨਿਕਲੀ ਹੈ। ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਫ਼ੂਕ ਨਿਕਲ ਚੁੱਕੀ ਹੈ ਅਤੇ ਸੂਬੇ ਵਿਚ ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਢਿੱਲੋਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਇਸ ਸਰਕਾਰ ਦੇ ਝੂਠੇ ਝਾਂਸਿਆਂ ਅਤੇ ਲਾਰੇਬਾਜ਼ੀਆਂ ਵਿਚ ਆਉਣ ਵਾਲੇ ਨਹੀਂ ਹਨ ਅਤੇ ਜਨਤਾ ਇਸ ਸਰਕਾਰ ਨੂੰ ਸੱਤਾ ਤੋਂ ਚੱਲਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਬੈਠੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅਕਾਲੀ ਦਲ, ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ—ਤਿੰਨਾਂ ਧਿਰਾਂ ਦੇ ਰਾਜ ਨੂੰ ਅਜ਼ਮਾ ਕੇ ਦੇਖ ਲਿਆ ਹੈ, ਪਰ ਇਨ੍ਹਾਂ ਵਿਚੋਂ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਅਸਲ ਮੁੱਦਿਆਂ ਦਾ ਹੱਲ ਨਹੀਂ ਕੀਤਾ ਅਤੇ ਨਾ ਹੀ ਸੂਬੇ ਦਾ ਕੋਈ ਭਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਹੁਣ ਹੋਰਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਸੂਬੇ ਵਿਚ ਅਮਨ-ਸ਼ਾਂਤੀ, ਆਰਥਿਕ ਮਜ਼ਬੂਤੀ ਅਤੇ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਹੇ ਹਨ। ਪੰਜਾਬ ਦਾ ਹਰ ਵਰਗ ਹੁਣ ਭਾਜਪਾ ਦੀ ਮਜ਼ਬੂਤ ਅਤੇ ਇਮਾਨਦਾਰ ਸਰਕਾਰ ਬਣਾਉਣ ਦਾ ਪੂਰਾ ਮਨ ਬਣਾ ਚੁੱਕਾ ਹੈ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਸਾਬਕਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਕੌਂਸਲਰ ਧਰਮ ਸਿੰਘ ਫ਼ੌਜੀ, ਗੁਰਜਿੰਦਰ ਸਿੰਘ ਪੱਪੀ ਸੰਧੂ ਆਦਿ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ 16ਵੇਂ ਵਿਸ਼ਾਲ ਖ਼ੂਨਦਾਨ ਕੈਂਪ ਲਈ ਸੱਦਾ ਮੁਹਿੰਮ ਤੇਜ਼ ਅਗਲੀ ਖ਼ਬਰ ਵਾਈ.ਐਸ. ਸਕੂਲ ਵਿਖੇ ‘ਅੱਗ ਸੁਰੱਖਿਆ ਅਤੇ ਐਮਰਜੈਂਸੀ ਬਚਾਅ’ ਸੰਬੰਧੀ ਜਾਣਕਾਰੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।