06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੀ.ਪੀ.ਆਈ.(ਐਮ.) ਵਲੋਂ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਦਾ ਐਲਾਨ

ਬਰਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸੀ. ਪੀ.

ਬਰਨਾਲਾ ਵਿਖੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਉਪਰੰਤ ਸੀ.ਪੀ.ਆਈ. (ਐਮ.) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ। ਅਜੀਤ ਤਸਵੀਰ 06-08-2026
ਬਰਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਸੀ.ਪੀ.ਆਈ.(ਐਮ.) ਵਲੋਂ ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਨਿਆਂ ਪੱਖੀ ਨੀਤੀਆਂ ਖ਼ਿਲਾਫ਼ ਦੇਸ਼ ਪੱਧਰ ’ਤੇ ‘ਕਾਰਪੋਰੇਟ ਭਜਾਓ ਦੇਸ਼ ਭਜਾਓ’ ਦੇ ਨਾਅਰੇ ਹੇਠ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ( ਐਮ.) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਾਮਰੇਡ ਹਰਦਿੱਤ ਸਿੰਘ ਭੱਠਲ ਭਵਨ ਬਰਨਾਲਾ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕਾਮਰੇਡ ਸੇਖੋਂ ਨੇ ਕਿਹਾ ਕਿ ਮਜ਼ਦੂਰਾਂ ਵਲੋਂ ਸ਼ਹੀਦੀਆਂ ਦੇ ਕੇ ਬਣਵਾਏ ਕਾਨੂੰਨਾਂ ਨੂੰ ਮੋਦੀ ਸਰਕਾਰ ਤੋੜ-ਮਰੋੜ ਕੇ ਵੱਖ-ਵੱਖ ਕੋਡਾਂ ਵਿਚ ਵੰਡ ਕੇ ਮਜ਼ਦੂਰ ਜਮਾਤ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਹ ਸਰਕਾਰ ਵਿਦੇਸ਼ੀ ਸਾਮਰਾਜੀ, ਕਾਰਪੋਰੇਟ ਅਦਾਰਿਆਂ, ਪੂੰਜੀਪਤੀਆਂ ਦੇ ਪੱਖ ਦੀਆਂ ਆਰਥਿਕ ਅਤੇ ਸਨਅਤੀ ਨੀਤੀਆਂ ਲਾਗੂ ਕਰ ਕੇ ਉਨ੍ਹਾਂ ਦੇ ਮੁਨਾਫ਼ਿਆਂ ਲਈ ਤਾਂ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਦਾ ਖ਼ਜ਼ਾਨੇ ਦੇ ਮੂੰਹ ਖੋਲ੍ਹ ਰਹੀਆਂ ਹਨ ਪਰ ਮਜ਼ਦੂਰਾਂ ਅਤੇ ਹੋਰ ਗ਼ਰੀਬ ਲੋਕਾਂ ਨੂੰ ਪਹਿਲਾਂ ਮਿਲਦੀਆਂ ਨਿਗੂਣੀਆਂ ਸਹੂਲਤਾਂ ਵੀ ਇਕ-ਇਕ ਕਰ ਕੇ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਖ਼ਿਲਾਫ਼ 10 ਅਗਸਤ ਨੂੰ ਵੱਡੇ ਪੱਧਰ ’ਤੇ ਸੀ.ਪੀ.ਆਈ (ਐਮ) ਵਲੋਂ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਅੱਗੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਸਰਕਾਰ ’ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਕੁੱਝ ਮਹੀਨਿਆਂ ਵਿਚ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਪਰ ਸੂਬਾ ਸਰਕਾਰ ਨਸ਼ਾ ਰੋਕਣ ਵਿਚ ਫ਼ੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਨਾਲੋਂ ਵੀ ਨਸ਼ਾ ਵੱਧ ਗਿਆ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਆਪਣੀ ਲਪੇਟ ਵਿਚ ਪੂਰੀ ਤਰ੍ਹਾਂ ਲੈ ਲਿਆ ਹੈ। ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਿਲਕੁਲ ਫ਼ੇਲ੍ਹ ਹੋ ਗਈ ਹੈ। ਦਿਨੋਂ ਦਿਨ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਆਮ ਵਿਅਕਤੀ ਬਾਹਰ ਨਿਕਲਣ ਤੋਂ ਕੰਨੀ ਕਤਰਾ ਰਹੇ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਬਰਨਾਲਾ ਵਿਖੇ ਪਿਛਲੇ ਦਿਨੀਂ ਸਫ਼ਾਈ ਸੇਵਕਾਂ ਉੱਪਰ ਪੁਲਿਸ ਨੇ ਲਾਠੀ ਚਾਰਜ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਫ਼ਾਈ ਸੇਵਕਾਂ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਫ਼ਸਰਾਂ ਖ਼ਿਲਾਫ਼ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 12 ਸਤੰਬਰ ਨੂੰ ਸੀ.ਪੀ.ਆਈ ਐਮ. ਦੇ ਜਨਰਲ ਸਕੱਤਰ ਮਰਹੂਮ ਕਾਮਰੇਡ ਸੀਤਾ ਰਾਜ ਯੇਚੁਰੀ ਦੀ ਬਰਸੀ ਬਰਨਾਲਾ ਵਿਖੇ ਵੱਡੀ ਪੱਧਰ ’ਤੇ ਮਨਾਈ ਜਾ ਰਹੀ ਹੈ। ਜਿਸ ਵਿਚ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਡਾ: ਅਸ਼ੋਕ ਧਾਵਲੇ, ਸਾਬਕਾ ਰੇਲਵੇ ਮੰਤਰੀ ਪਵਨ ਬਾਂਸਲ, ਹਲਕਾ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਰਾਜਸੀ ਪਾਰਟੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਇਸ ਮੌਕੇ ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ, ਰਜਿੰਦਰ ਸਿੰਘ ਕਾਹਨੇਕੇ, ਅਬਦਲ ਸਿਤਾਰ, ਛੋਟਾ ਸਿੰਘ ਧਨੌਲਾ, ਅਮਰ ਸਿੰਘ ਹਮੀਦੀ, ਨਛੱਤਰ ਸਿੰਘ ਕਰਮਗੜ੍ਹ, ਗੁਰਜੰਟ ਸਿੰਘ, ਗੁਰਜੀਤ ਸਿੰਘ ਧਨੌਲਾ, ਮੁਕੰਦ ਸਿੰਘ, ਤੇਜ ਰਾਮ, ਸਰੂਪ ਰਾਮ ਬਰਨਾਲਾ, ਹਰਨੇਕ ਸਿੰਘ ਸੰਘੇੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਢਿਲਵਾਂ ਸਕੂਲ ’ਚ ਅਧਿਆਪਕਾਂ ਦੀ ਘਾਟ ਤੋਂ ਪਿੰਡ ਵਾਸੀ ਖ਼ਫ਼ਾ, ਸਕੂਲ ਦੇ ਗੇਟ ਅੱਗੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪਿੰਡ ਜੋਧਪੁਰ ਨੇੜੇ 2 ਮੋਟਰਸਾਈਕਲਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।