ਪਿੰਡ ਗਹਿਲ ਵਾਸੀਆਂ ਨੂੰ ਬਿਜਲੀ ਦੇ ਲੰਮੇ ਪਾਵਰਕੱਟਾਂ ਤੋਂ ਰਾਹਤ ਨਾ ਮਿਲੀ ਤਾਂ ਵੱਡਾ ਸੰਘਰਸ਼ ਵਿੱਢਾਂਗੇ-ਕਿਸਾਨ ਆਗੂ ਡਕੌਂਦਾ
ਟੱਲੇਵਾਲ, 26 ਅਗਸਤ (ਸੋਨੀ ਚੀਮਾ)-ਇਤਿਹਾਸਿਕ ਪਿੰਡ ਗਹਿਲ ਵਿਖੇ ਲੱਗ ਰਹੇ ਲੰਮੇ ਬਿਜਲੀ ਦੇ ਪਾਵਰਕੱਟਾਂ ਕਾਰਨ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਇਕਾਈ ਪ੍ਰਧਾਨ ਜੱਸਾ ਸਿੰਘ ਗਹਿਲ ਦੀ ਅਗਵਾਈ ਹੇਠ ਇਕ ਵਫ਼ਦ ਬੀਤੀ ਰਾਤ ਦੀਵਾਨਾ ਗਰਿੱਡ ਦੇ ਕਰਮਚਾਰੀਆਂ ਨੂੰ ਮਿਲਿਆ। ਇਸ ਮੌਕੇ ਆਗੂਆਂ ਵਲੋਂ ਬਿਜਲੀ ਸਪਲਾਈ ਸਬੰਧੀ ਐੱਸ.
ਟੱਲੇਵਾਲ, 26 ਅਗਸਤ (ਸੋਨੀ ਚੀਮਾ)-ਇਤਿਹਾਸਿਕ ਪਿੰਡ ਗਹਿਲ ਵਿਖੇ ਲੱਗ ਰਹੇ ਲੰਮੇ ਬਿਜਲੀ ਦੇ ਪਾਵਰਕੱਟਾਂ ਕਾਰਨ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਇਕਾਈ ਪ੍ਰਧਾਨ ਜੱਸਾ ਸਿੰਘ ਗਹਿਲ ਦੀ ਅਗਵਾਈ ਹੇਠ ਇਕ ਵਫ਼ਦ ਬੀਤੀ ਰਾਤ ਦੀਵਾਨਾ ਗਰਿੱਡ ਦੇ ਕਰਮਚਾਰੀਆਂ ਨੂੰ ਮਿਲਿਆ। ਇਸ ਮੌਕੇ ਆਗੂਆਂ ਵਲੋਂ ਬਿਜਲੀ ਸਪਲਾਈ ਸਬੰਧੀ ਐੱਸ.ਡੀ.ਓ. ਲੱਖਾ ਨਾਲ ਵੀ ਰਾਬਤਾ ਕਾਇਮ ਕਰ ਕੇ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ ਕੀਤੀ ਗਈ। ਗੱਲਬਾਤ ਦੌਰਾਨ ਇਕਾਈ ਪ੍ਰਧਾਨ ਜੱਸਾ ਸਿੰਘ ਨੇ ਕਿਹਾ ਕਿ ਪਿੰਡ ਗਹਿਲ ਦੇ ਵਸਨੀਕਾਂ ਨੂੰ ਪਿਛਲੇ ਸਮੇਂ ਤੋਂ ਬਿਜਲੀ ਦੇ ਲੰਮੇ-ਲੰਮੇ ਪਾਵਰਕੱਟਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਆਗੂਆਂ ਵਲੋਂ ਜਦੋਂ ਐੱਸ.ਡੀ.ਓ. ਲੱਖਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਜਲੀ ਦਾ ਸੰਕਟ ਪੂਰੇ ਸੂਬੇ ਵਿਚ ਚੱਲ ਰਿਹਾ ਹੈ ਅਤੇ ਇਸ ਸਮੱਸਿਆ ਨੂੰ ਜਲਦ ਦੂਰ ਕਰ ਕੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡ ਗਹਿਲ ਦੇ ਲੋਕਾਂ ਨੂੰ ਇਸੇ ਤਰ੍ਹਾਂ ਬਿਜਲੀ ਦੇ ਲੰਮੇ ਪਾਵਰਕੱਟਾਂ ਰਾਹੀਂ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਵਲੋਂ ਪਿੰਡ ਵਾਸੀਆਂ ਅਤੇ ਮਹਿਲ ਕਲਾਂ ਬਲਾਕ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਸੂਬੇ ਵਿਚ ਬਿਜਲੀ ਸਪਲਾਈ ਆਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਲੋਕਾਂ ਨੂੰ ਘਰੇਲੂ ਬਿਜਲੀ ਵੀ ਨਿਰਵਿਘਨ ਨਹੀਂ ਮਿਲ ਰਹੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਘਰਾਂ ਲਈ ਬਿਜਲੀ ਸਪਲਾਈ ਦੇ ਇਹ ਹਾਲਾਤ ਹਨ ਤਾਂ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਕਿਸਾਨ ਆਗੂਆਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਗਹਿਲ ਵਿਚ ਬਿਜਲੀ ਦੇ ਲੰਮੇ ਪਾਵਰਕੱਟਾਂ ਦੀ ਸਮੱਸਿਆ ਨੂੰ ਤੁਰੰਤ ਹੱਲ ਕਰ ਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਇਕਾਈ ਦੇ ਆਗੂ ਰਾਮ ਸਿੰਘ, ਜਗਰਾਜ ਸਿੰਘ, ਗੋਲੂ ਸਿੰਘ, ਜਸਵਿੰਦਰ ਸੰਧੂ, ਗੁਰਪ੍ਰੀਤ ਗਿੱਲ, ਭੁਪਿੰਦਰ ਸਿੰਘ, ਕੀਰਤ ਸਿੰਘ, ਵਿੰਦਰ ਸਿੰਘ, ਅਜਾਇਬ ਸਿੰਘ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।