24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜਦੋਂ ਸਿੱਖਾਂ ਨੇ ਇਖ਼ਲਾਕ ਦੀ ਮਿਸਾਲ ਪੇਸ਼ ਕਰਕੇ ਅੰਗਰੇਜ਼ ਅਫ਼ਸਰਾਂ ਨੂੰ ਹੈਰਾਨ ਕੀਤਾ

ਜਦੋਂ ਸਿੱਖਾਂ ਨੇ ਇਖ਼ਲਾਕ ਦੀ ਮਿਸਾਲ ਪੇਸ਼ ਕਰਕੇ ਅੰਗਰੇਜ਼ ਅਫ਼ਸਰਾਂ ਨੂੰ ਹੈਰਾਨ ਕੀਤਾ

ਅਜੀਤ ਡੈਸਕ 24-08-2026

ਅੰਗਰੇਜ਼ਾਂ ਨੇ ਬੜਾ ਲੰਬਾ ਸਮਾਂ ਭਾਰਤ 'ਤੇ ਰਾਜ ਕੀਤਾ ਪਰ ਪੰਜਾਬ 'ਚ ਉਹ ਘੱਟ ਸਮਾਂ ਹੀ ਟਿਕ ਸਕੇ | ਉਨ੍ਹਾਂ ਨੂੰ  ਪੰਜਾਬ 'ਤੇ ਕਬਜ਼ਾ ਕਰਨ ਲਈ ਸ਼ੇਰੇ ਪੰਜਾਬ  ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦਾ ਇੰਤਜ਼ਾਰ ਕਰਨਾ ਪਿਆ | ਫਿਰ ਉਹ ਆਪਣੀ ਅਸਲੀ ਨੀਤੀ 'ਪਾੜੋ ਤੇ ਰਾਜ ਕਰੋ' ਨੂੰ  ਪੰਜਾਬ ਵਿਚ ਵੀ ਅਪਨਾਉਣ ਲੱਗੇ ਪਰ ਪ੍ਰਸਿੱਧ ਇਤਿਹਾਸਕਾਰ ਪ੍ਰੋ. ਕਰਤਾਰ ਸਿੰਘ ਐਮ.ਏ. ਆਪਣੀ ਪੁਸਤਕ 'ਸਿੱਖ ਇਤਿਹਾਸ' ਵਿਚ ਲਿਖਦੇ ਹਨ ਕਿ ਹੋਰ ਜੰਗਾਂ ਦੇ ਨਾਲ ਹੀ ਅੰਗਰੇਜ਼ਾਂ ਨੂੰ  ਸਿੰਘਾਂ ਨਾਲ ਕਈ ਯੁੱਧ ਲੜਨੇ ਪਏ, ਜਿਨ੍ਹਾਂ ਵਿਚ ਮੁਦਕੀ ਦੇ ਸਥਾਨ 'ਤੇ ਲੜੀ ਗਈ ਲੜਾਈ ਬਹੁਤ ਹੀ ਮਹੱਤਵਪੂਰਨ ਸੀ | ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਇਹ ਜੰਗ 18 ਦਸੰਬਰ 1845 'ਚ ਮੁਦਕੀ ਵਿਖੇ ਹੋਈ | ਉਨ੍ਹਾਂ ਅਨੁਸਾਰ ਇਹ ਜੰਗ ਸਿੱਖਾਂ ਤੇ ਅੰਗਰੇਜ਼ਾਂ ਦੋਹਾਂ ਲਈ ਬੜੀ ਭਿਆਨਕ ਤੇ ਫੈਸਲਾਕੁੰਨ ਸਿੱਧ ਹੋਈ | ਦੱਸਿਆ ਗਿਆ ਹੈ ਕਿ 17 ਦਸੰਬਰ 1845 ਦੀ ਰਾਤ ਨੂੰ  ਹੀ ਸਿੱਖ ਜਰਨੈਲ ਲਾਲ ਸਿੰਘ ਚਾਰ-ਪੰਜ ਹਜ਼ਾਰ ਪੈਦਲ ਸੈਨਿਕ ਤੇ ਅੱਠ ਹਜ਼ਾਰ ਘੋੜ ਸਵਾਰ ਸੈਨਿਕ ਲੈ ਕੇ ਮੁਦਕੀ ਵੱਲ ਚੱਲ ਪਿਆ | ਉਨ੍ਹਾਂ ਕੋਲ 25-30 ਤੱਕ ਤੋਪਾਂ ਵੀ ਸਨ | ਸਿੱਖ ਫੌਜਾਂ ਦੇ ਹੌਸਲੇ ਬੜੇ ਬੁਲੰਦ ਸਨ, ਪਰ ਲਾਲ ਸਿੰਘ ਦੀ ਆਪਣੀ ਨੀਤ ਸਾਫ਼ ਨਹੀਂ ਸੀ | ਅੰਗਰੇਜ਼ਾਂ ਕੋਲ ਵੀ ਫੌਜ ਸਿੱਖਾਂ ਜਿੰਨੀ ਹੀ ਸੀ | ਪਰ ਉਨ੍ਹਾਂ ਕੋਲ ਭਾਰੀ ਤੋਪਾਂ ਦੀ ਗਿਣਤੀ ਪੰਜਾਹ ਤੋਂ ਵੱਧ ਸੀ | ਸਿੱਖ ਸੂਰਮੇ ਪੰਜਾਬ ਦੀ ਰਖਵਾਲੀ ਤੇ ਆਪਣੀ ਆਨ-ਸ਼ਾਨ ਲਈ ਹਰ ਕੁਰਬਾਨੀ ਲਈ ਤਿਆਰ ਸਨ | ਇਹ ਲੜਾਈ ਦੂਜੇ ਦਿਨ 18 ਦਸੰਬਰ 1845 ਨੂੰ  ਸ਼ੁਰੂ ਹੋ ਗਈ | ਸਿੱਖਾਂ ਵਿਚ ਅਨੋਖਾ ਜੋਸ਼ ਹੋਣ ਕਾਰਨ ਖ਼ਾਲਸਾ ਫੌਜ ਨੇ ਅੰਗਰੇਜ਼ਾਂ ਦੇ ਹੌਸਲੇ ਢਾਹ ਸੁੱਟੇ ਅਤੇ ਉਹ ਖ਼ਾਲਸਾ ਫੌਜ ਦਾ ਜੋਸ਼ ਤੇ ਬਹਾਦਰੀ ਦੇਖ ਹੈਰਾਨ ਹੋ ਰਹੇ ਸਨ ਕਿਉਂਕਿ ਉਨ੍ਹਾਂ ਦਾ ਟਾਕਰਾ ਕਿਤੇ ਵੀ ਅਜਿਹੀ ਬਹਾਦਰ ਫੌਜ ਨਾਲ ਨਹੀਂ ਸੀ ਹੋਇਆ |
ਜੰਗ ਦੌਰਾਨ ਹੀ ਅੰਗਰੇਜ਼ੀ ਫੌਜ ਦੀ ਇਕ ਵੱਡੀ ਟੁਕੜੀ ਪਿੱਛੇ ਵੱਲ ਭੱਜ ਗਈ ਤੇ ਆਪਣੇ ਬਰਗੇਡ ਦੇ ਪਿੱਛੇ ਜਾ ਲੁਕੀ | ਪਰ ਇਹ ਦੇਖ ਕੇ ਸਿੱਖ ਫੌਜਾਂ ਦਾ ਜਰਨੈਲ ਲਾਲ ਸਿੰਘ ਦੁਚਿੱਤੀ ਵਿਚ ਪੈ ਗਿਆ | ਸਿੱਖ ਰਾਜ ਦਾ ਗੱਦਾਰ ਹੋਣ ਕਰਕੇ ਉਹ ਨਹੀਂ ਸੀ ਚਾਹੁੰਦਾ ਕਿ ਖ਼ਾਲਸਾ ਫੌਜ ਦੀ ਜਿੱਤ ਹੋਵੇ | ਮਨ ਬੇਈਮਾਨ ਹੋਣ ਕਾਰਨ ਇਕ ਬੁੱਕਲ ਦਾ ਸੱਪ ਬਣ ਕੇ ਉਸ ਨੇ ਜੰਗੀ ਪੈਂਤਰਾਂ ਮਾਰਿਆ ਅਤੇ ਆਪਣੀ ਚਾਰ-ਪੰਜ ਹਜ਼ਾਰ ਫੌਜ ਲੈ ਕੇ ਮੈਦਾਨੋਂ ਭੱਜ ਗਿਆ ਅਤੇ ਬਾਕੀ ਫੌਜ ਨੂੰ  ਵੀ ਉਨ੍ਹਾਂ ਦੇ ਪਿੱਛੇ ਆਉਣ ਦਾ ਹੁਕਮ ਦੇ ਗਿਆ | ਉਸ ਦੀ ਇਹ ਹਰਕਤ ਦੇਖ ਬਹੁਤ ਸਾਰੇ ਅਫ਼ਸਰ ਵੀ ਉਸ ਦੇ ਪਿੱਛੇ ਭੱਜ ਗਏ | ਪਰ ਸਿੱਖਾਂ ਵਿਚ ਅਥਾਹ ਜੋਸ਼ ਸੀ ਤੇ ਉਹ ਅਫ਼ਸਰਾਂ ਦੇ ਭੱਜਣ ਦੇ ਬਾਵਜੂਦ ਵੀ ਜੋਸ਼ ਨਾਲ ਲੜਦੇ ਰਹੇ | ਸਿੱਖ ਫੌਜ ਦੀ ਗਿਣਤੀ ਥੋੜ੍ਹੀ ਰਹਿ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੇ ਅੰਗਰੇਜ਼ਾਂ ਦੇ ਨੱਕ ਵਿਚ ਦਮ ਕਰ ਦਿੱਤਾ | ਅੰਗਰੇਜ਼ਾਂ ਨੂੰ  ਆਪਣੀ ਹਾਰ ਸਾਫ਼ ਦਿਖਾਈ ਦੇ ਰਹੀ ਸੀ ਪਰ ਉਨ੍ਹਾਂ ਦੀ ਗਿਣਤੀ ਬਹੁਤ ਵੱਡੀ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਦਾ ਫੌਜੀ ਜਰਨੈਲ ਹਾਰਡਿੰਗ ਬਹੁਤ ਹੀ ਨਿੱਡਰ ਤੇ ਦਲੇਰ ਸੀ | ਉਹ ਕਈ ਯੁੱਧ ਨੀਤੀਆਂ ਦਾ ਮਾਹਿਰ ਸੀ, ਜਦਕਿ ਦੂਜੇ ਪਾਸੇ ਸਿੱਖ ਫੌਜ ਬਿਨਾਂ ਅਗਵਾਈ ਤੋਂ ਲੜ ਰਹੀ ਸੀ | ਹੁਣ ਤੱਕ ਰਾਤ ਪੈ ਚੁੱਕੀ ਸੀ, ਜੋ ਖ਼ਾਲਸਾ ਰਾਜ ਲਈ ਪੂਰਾ ਹਨ੍ਹੇਰਾ ਲੈ ਕੇ ਆਈ | ਸਿੱਖ ਫੌਜਾਂ ਹੌਲੀ-ਹੌਲੀ ਯੁੱਧ ਨੀਤੀ ਅਨੁਸਾਰ ਪਿਛਾਂਹ ਮੁੜਨ ਲੱਗੀਆਂ | ਫੌਜ ਤਰੀਕੇ ਨਾਲ ਲੜਦੀ ਗਈ ਤੇ ਪਿੱਛੇ ਵੀ ਹਟਦੀ ਗਈ |
ਇਤਿਹਾਸ ਵਿਚ ਇਸ ਰਾਤ ਦੀ ਬੜੀ ਚਰਚਾ ਹੈ ਕਿਉਂਕਿ ਸਭ ਇਤਿਹਾਸਕਾਰ ਜਿਨ੍ਹਾਂ ਵਿਚ ਨਾਮੀ ਅੰਗਰੇਜ਼ ਇਤਿਹਾਸਕਾਰ ਵੀ ਸਨ, ਇਸ ਗੱਲ ਨੂੰ  ਭਲੀ-ਭਾਂਤ ਮੰਨਦੇ ਸਨ ਕਿ ਜੇ ਲਾਲ ਸਿੰਘ ਸੱਚ ਵਿਚ ਹੀ ਲਾਹੌਰ ਦਰਬਾਰ ਦਾ ਵਫ਼ਾਦਾਰ ਅਤੇ ਸ਼ੁਭਚਿੰਤਕ ਹੁੰਦਾ ਅਤੇ ਜੰਗ ਦੇ ਮੈਦਾਨ 'ਚੋਂ ਨਾ ਭੱਜਦਾ ਤਾਂ ਮੁਦਕੀ ਦੀ ਲੜਾਈ ਸਿੰਘ ਜ਼ਰੂਰ ਜਿੱਤ ਲੈਂਦੇ, ਜਿਸ ਨਾਲ ਪੰਜਾਬ ਦਾ ਇਤਿਹਾਸ ਹੋਰ ਹੀ ਹੁੰਦਾ | ਪਰ ਉਹ ਤਾਂ ਬੁੱਕਲ ਦਾ ਸੱਪ ਨਿਕਲਿਆ, ਜਿਸ ਨੇ ਸਮੇਂ ਸਿਰ ਡੰਗ ਮਾਰ ਕੇ ਜਿੱਤੀ ਹੋਈ ਜੰਗ ਹਰਾ ਦਿੱਤੀ | ਸਿੱਖ ਇਤਿਹਾਸ ਵਿਚ ਇਹ ਬੜੀ ਅਣਹੋਣੀ ਰਹੀ ਹੈ ਕਿ ਕੁਝ ਕੁ ਲੋਕ ਆਪਣਿਆਂ ਨੂੰ  ਹੀ ਨੁਕਸਾਨ ਪਹੁੰਚਾਉਣ ਲਈ ਧੋਖਾ ਦਿੰਦੇ ਰਹੇ ਹਨ ਅਤੇ ਬੁੱਕਲ ਦੇ ਸੱਪ ਬਣ ਕੇ ਆਪਣੀ ਹੀ ਕੌਮ ਨੂੰ  ਡਸਦੇ ਰਹੇ ਹਨ | ਜਦੋਂ ਰਾਤ ਨੂੰ  ਇਹ ਜੰਗ ਬੰਦ ਹੋ ਗਈ ਤਾਂ ਅਗਲੀ ਸਵੇਰ ਮੈਦਾਨ ਕੁਝ ਵੱਖਰਾ ਹੀ ਵਿਖਿਆਨ ਕਰ ਰਿਹਾ ਸੀ | ਮੈਦਾਨ ਵਿਚ ਸਿੱਖ ਫੌਜਾਂ ਦੀਆਂ ਸੁੰਨੀਆਂ ਪਈਆਂ 17 ਤੋਪਾਂ ਅੰਗਰੇਜ਼ਾਂ ਦੇ ਹੱਥ ਆ ਗਈਆਂ | ਪਰ ਇਸ ਜੰਗ ਦੇ ਸਮਾਪਤ ਹੋਣ 'ਤੇ ਇਕ ਹੋਰ ਅਜੀਬ ਘਟਨਾ ਵਾਪਰੀ ਕਿ ਅੰਗਰੇਜ਼ ਫੌਜ ਦਾ ਇਕ ਵੱਡਾ ਅਫ਼ਸਰ ਲਫਟੈਨ ਬਿਡਲਫ਼ ਸਿੱਖਾਂ ਦੇ ਕਾਬੂ ਆ ਗਿਆ | ਸਿੱਖ ਸਰਦਾਰਾਂ ਨੇ ਆਪਣੀ ਸੂਝਬੂਝ ਤੇ ਸਮਝਦਾਰੀ ਸਦਕਾ ਉਸ ਨੂੰ  ਸਹੀ ਸਲਾਮਤ ਅੰਗਰੇਜ਼ੀ ਛਾਉਣੀ ਵਿਚ ਪਹੁੰਚਾ ਦਿੱਤਾ | ਕੁਝ ਹੋਰ ਅੰਗਰੇਜ਼ ਅਫ਼ਸਰ ਅਤੇ ਅੰਗਰੇਜ਼ ਫੌਜੀ ਵੀ ਰਸਤਾ ਭੁੱਲਣ ਕਾਰਨ ਸਿੱਖਾਂ ਦੀ ਛਾਉਣੀ 'ਚ ਆ ਵੜੇ ਸਨ | ਸਿੰਘਾਂ ਨੇ ਉਨ੍ਹਾਂ ਨੂੰ  ਵੀ ਰਾਹ-ਖਰਚਾ ਅਤੇ ਖਾਣ-ਪੀਣ ਦਾ ਸਾਮਾਨ ਦੇ ਕੇ ਅੰਗਰੇਜ਼ੀ ਛਾਉਣੀ ਵਿਚ ਪਹੁੰਚਾ ਦਿੱਤਾ | ਉਹ ਹੈਰਾਨ ਸਨ ਕਿ ਸਿੱਖਾਂ ਦੀ ਮਹਿਮਾਨ ਨਿਵਾਜ਼ੀ ਅਤੇ ਉਨ੍ਹਾਂ ਦਾ ਇਹ ਇਖ਼ਲਾਕ ਹੀ ਹੈ, ਜਿਸ ਨੇ ਇਸ ਕੌਮ ਨੂੰ  ਸਰਬ-ਸ੍ਰੇਸ਼ਟ ਬਣਾਇਆ ਹੈ | ਇਸ ਤਰ੍ਹਾਂ ਅੰਗਰੇਜ਼ੀ ਅਫ਼ਸਰਾਂ ਨੇ ਸਿੱਖਾਂ ਦਾ ਬੜਾ ਸਤਿਕਾਰ ਕੀਤਾ ਅਤੇ ਉਨ੍ਹਾਂ ਦੀ ਦਿਆਨਤਦਾਰੀ ਨੂੰ  ਸਲੂਟ ਕੀਤਾ | 
-ਮਕਾਨ ਨੰ: 3098, ਸੈਕਟਰ-37ਡੀ, ਚੰਡੀਗੜ੍ਹ |
ਮੋਬਾਈਲ : 98764-52223

ਪਿਛਲੀ ਖ਼ਬਰ ਮਾਤਾ ਕਿਸ਼ਨ ਕੌਰ ਕਾਉਂਕੇ ਦਾ ਸਿੱਖ ਲਹਿਰਾਂ ਵਿਚ ਯੋਗਦਾਨ ਅਗਲੀ ਖ਼ਬਰ ਬਿਨਾ ਸੰਤੋਖ ਨਹੀ ਕਊ ਰਾਜੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।