23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਇਨਕਲਾਬੀ ਯੁੱਗ ਪੁਰਸ਼ : ਬਾਬਾ ਨਾਨਕ

ਇਨਕਲਾਬੀ ਯੁੱਗ ਪੁਰਸ਼ : ਬਾਬਾ ਨਾਨਕ

ਅਜੀਤ ਡੈਸਕ 24-11-2026

ਅਣਵੰਡੇ ਪੰਜਾਬ ਦਾ ਇਕ ਪਿੰਡ ਸੀ ਰਾਏ ਬੁਲਾਰ ਭੱਟੀ ਦੀ ਤਲਵੰਡੀ, ਇਸੇ ਪਿੰਡ ਰਾਏ ਬੁਲਾਰ ਦਾ ਦੀਵਾਨ ਮਹਿਤਾ ਕਾਲੂ ਬੇਦੀ ਰਹਿੰਦਾ ਸੀ | ਵਿਆਹ ਤੋਂ ਕਈ ਸਾਲਾਂ ਪਿੱਛੋਂ ਦੀਵਾਨ ਮਹਿਤਾ ਤੇ ਮਾਤਾ ਤਿ੍ਪਤਾ ਦੇ ਘਰ ਇਕ ਬੱਚੀ ਦਾ ਜਨਮ ਹੋਇਆ | ਨਾਨੀ ਨੇ ਬੱਚੀ ਦਾ ਨਾਂਅ ਨਾਨਕੀ ਰੱਖਿਆ ਗਿਆ | ਕੁਝ ਸਮੇਂ ਪਿੱਛੋਂ ਉਨ੍ਹਾਂ ਦੇ ਘਰ ਇਕ ਪੁੱਤਰ ਦਾ ਪ੍ਰਕਾਸ਼ ਹੋਇਆ, ਜਿਸ ਦਾ ਨਾਂਅ ਨਾਨਕ ਰੱਖਿਆ | ਨਾਨਕ ਕੁਝ ਵੱਡਾ ਹੋਇਆ ਤਾਂ ਸਿੱਖਿਆ ਲਈ ਪਾਂਧੇ ਕੋਲ ਭੇਜਿਆ ਗਿਆ ਪਰ ਉਨ੍ਹਾਂ ਅਜਿਹੇ ਪ੍ਰਸ਼ਨ ਪੁੱਛੇ ਕਿ ਪਾਂਧਾ ਹੱਥ ਖੜ੍ਹੇ ਕਰ ਗਿਆ | ਨਾਨਕ ਕੁਝ ਹੋਰ ਵੱਡਾ ਹੋਇਆ ਤਾਂ ਧਾਰਮਿਕ ਰਸਮਾਂ ਅਨੁਸਾਰ ਜਨੇਊ ਪਹਿਨਾਉਣ ਦੀ ਤਿਆਰੀ ਸ਼ੁਰੂ ਹੋਈ ਪਰ ਬਾਲ ਨਾਨਕ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ | ਇਨ੍ਹਾਂ ਦੋਵੇਂ ਘਟਨਾਵਾਂ ਕਾਰਨ ਪਿਤਾ ਦਾ ਗੁੱਸੇ ਤੇ ਫਿਕਰਮੰਦ ਹੋਣਾ ਸੁਭਾਵਿਕ ਸੀ | ਕੇਵਲ ਭੈਣ ਨਾਨਕੀ ਤੇ ਰਾਏ ਬੁਲਾਰ ਨੇ ਹੀ ਅਨੁਭਵ ਕੀਤਾ ਕਿ ਇਹ ਬਾਲਕ ਸਾਧਾਰਨ ਨਹੀਂ ਹੈ |

ਪਿਤਾ ਨੇ ਸੋਚਿਆ ਕਿ ਇਸ ਨੂੰ  ਵਪਾਰ ਵਾਲੇ ਪਾਸੇ ਪਾ ਕੇ ਦੇਖਦੇ ਹਾਂ | ਪਿਤਾ ਨੇ ਉਨ੍ਹਾਂ ਨੂੰ  ਕੁਝ ਪੈਸੇ ਦੇ ਕੇ ਨੇੜਲੇ ਕਸਬੇ 'ਚ ਕੋਈ ਕਮਾਈ ਵਾਲਾ ਸੌਦਾ ਕਰਨ ਨੂੰ  ਕਿਹਾ | ਇਤਿਹਾਸ 'ਚ ਇਹ ਰਕਮ ਵੀਹ ਰੁਪਏ ਦੱਸੀ ਗਈ ਹੈ | ਤ੍ਰਕਾਲਾਂ ਪਈਆਂ, ਹਨੇਰਾ ਹੋਣ ਲੱਗਾ ਪਰ ਨਾਨਕ ਵਾਪਸ ਨਾ ਪਹੁੰਚਿਆ | ਸਾਰਾ ਟੱਬਰ ਫਿਕਰਾਂ 'ਚ ਸੀ | ਬੀਬੀ ਨਾਨਕੀ ਹੀ ਸੀ, ਜੋ ਸਾਰਿਆਂ ਨੂੰ  ਹੌਸਲਾ ਦੇ ਰਹੀ ਸੀ | ਏਨੇ ਨੂੰ  ਦਰਵਾਜ਼ੇ 'ਤੇ ਦਸਤਕ ਹੋਈ | ਦਰਵਾਜ਼ਾ ਖੋਲਿ੍ਹਆ ਤਾਂ ਬਾਹਰ ਨਾਨਕ ਦੇ ਇਕ ਹਾਣੀ ਮੁੰਡੇ ਨੇ ਆਖਿਆ ਕਿ ਨਾਨਕ ਦਾ ਪਤਾ ਲੱਗ ਗਿਆ ਹੈ, ਉਹ ਟਿੱਬੇ 'ਤੇ ਝਿੜੀ ਵਿਚ ਲੁਕਿਆ ਬੈਠਾ ਹੈ | ਮਹਿਤਾ ਜੀ ਤੁਰੰਤ ਰਾਏ ਬੁਲਾਰ ਸਾਹਿਬ ਦੀ ਹਵੇਲੀ ਗਏ ਤੇ ਉਨ੍ਹਾਂ ਨੂੰ  ਨਾਲ ਲੈ ਕੇ ਝਿੜੀ ਵਿਚ ਪਹੁੰਚੇ | ਰਾਏ ਸਾਹਿਬ ਨੇ ਨਾਨਕ ਨੂੰ  ਪੁੱਛਿਆ ਕਿ ਪੁੱਤਰ ਤੂੰ ਘਰ ਕਿਉਂ ਨਹੀਂ ਆਇਆ | ਨਾਨਕ ਨੇ ਕਿਹਾ ਕਿ ਉਸ ਨੂੰ  ਬਾਪੂ ਜੀ ਤੋਂ ਡਰ ਲੱਗਦਾ ਸੀ, ਕਿਉਂਕਿ ਅੱਜ ਸਵੇਰੇ ਬਾਪੂ ਜੀ ਨੇ ਮੈਨੂੰ 20 ਰੁਪਏ ਦੇ ਕੇ ਇਮਾਨਦਾਰੀ ਨਾਲ ਕੋਈ ਵਪਾਰ ਕਰਕੇ ਨਫ਼ਾ ਖੱਟਣ ਲਈ ਕਿਹਾ ਸੀ | ਮੈਂ ਚੂਹਣਕਾਣੇ ਵੱਲ ਜਾ ਰਿਹਾ ਸੀ ਕਿ ਰਾਹ 'ਚ ਪੈਂਦੇ ਜੰਗਲ ਵਿਚ ਕੁਝ ਸਾਧੂ ਬੈਠੇ ਸਨ | ਇੰਝ ਜਾਪਦਾ ਸੀ ਜਿਵੇਂ ਉਹ ਕਈ ਦਿਨਾਂ ਦੇ ਭੁੱਖੇ ਹੋਣਗੇ | ਮੈਂ ਉਨ੍ਹਾਂ ਨਾਲ ਵਿਚਾਰ ਕਰਨ ਲੱਗ ਪਿਆ | ਉਹ ਕਿਸੇ ਤੋਂ ਮੰਗ ਕੇ ਨਹੀਂ ਸਨ ਖਾਂਦੇ | ਕੋਈ ਆਪਣੇ-ਆਪ ਭੋਜਨ ਦੇ ਜਾਵੇ ਤਾਂ ਹੀ ਖਾਂਦੇ ਸਨ | ਮੈਨੂੰ ਤਰਸ ਆ ਗਿਆ, ਮੈਂ ਪੈਸੇ ਦੇਣੇ ਚਾਹੇ ਪਰ ਉਨ੍ਹਾਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਭੀਖ ਨਹੀਂ ਸਨ ਲੈਂਦੇ | ਮੈਂ ਬਾਪੂ ਜੀ ਦੇ ਦਿੱਤੇ ਪੈਸਿਆਂ ਨਾਲ ਭੋਜਨ ਖਰੀਦ ਕੇ ਉਨ੍ਹਾਂ ਨੂੰ  ਰੋਟੀ ਖੁਆ ਦਿੱਤੀ | ਇਸ ਤੋਂ ਪਹਿਲਾਂ ਕਿ ਰਾਏ ਬੁਲਾਰ ਕੁਝ ਆਖਦੇ, ਮਹਿਤਾ ਜੀ ਨੇ ਗੁੱਸੇ 'ਚ ਇਕ ਥੱਪੜ ਮਾਰ ਦਿੱਤਾ | ਰਾਏ ਬੁਲਾਰ ਨੇ ਆਖਿਆ ਕਿ ਜਵਾਨ ਪੁੱਤਰ 'ਤੇ ਹੱਥ ਨਹੀਂ ਚੁੱਕੀਦਾ | ਉਨ੍ਹਾਂ ਨਾਨਕ ਨੂੰ  ਉਠਾਇਆ ਤੇ ਪਿਆਰ ਨਾਲ ਘਰ ਛੱਡ ਕੇ ਗਏ ਤੇ ਮਹਿਤਾ ਜੀ ਨੂੰ  ਤਾਕੀਦ ਕੀਤੀ ਕਿ ਨਾਨਕ ਨੂੰ  ਕੁਝ ਨਹੀਂ ਕਹਿਣਾ |
ਫਿਰ ਭੈਣ ਨਾਨਕੀ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਸਹੁਰੇ ਘਰ ਸੁਲਤਾਨਪੁਰ ਲੋਧੀ ਆ ਗਈ | ਕੁਝ ਸਮੇਂ ਪਿੱਛੋਂ ਭੈਣ ਨਾਨਕੀ ਨੇ ਪੇਕੇ ਘਰ ਫੇਰਾ ਪਾਇਆ ਤੇ ਮਾਪਿਆਂ ਨਾਲ ਸਲਾਹ ਕੀਤੀ ਕਿ ਨਾਨਕ ਦਾ ਵਿਆਹ ਕਰ ਦੇਣਾ ਚਾਹੀਦਾ ਹੈ | ਜਦੋਂ ਸਿਰ 'ਤੇ ਜ਼ਿੰਮੇਵਾਰੀ ਪਈ ਤਾਂ ਆਪਣੇ-ਆਪ ਕੰਮ ਵਿਚ ਦਿਲਚਸਪੀ ਲਵੇਗਾ | ਮਾਤਾ ਤਿ੍ਪਤਾ ਨੇ ਪੁੱਛਿਆ, 'ਬੇਟੀ ਤੇਰੀ ਪਛਾਣ ਵਿਚ ਕੋਈ ਲੜਕੀ ਹੈ? ਭੈਣ ਨਾਨਕੀ ਦਾ ਜਵਾਬ ਸੀ, 'ਮੇਰੀ ਨਜ਼ਰ ਵਿਚ ਇਕ ਲੜਕੀ ਹੈ ਸੁਲੱਖਣੀ, ਜੋ ਬਹੁਤ ਸਿਆਣੀ ਤੇ ਮਿੱਠ ਬੋਲੜੀ ਹੈ | ਪਿਤਾ ਨੇ ਆਖਿਆ ਕਿ ਪਹਿਲਾਂ ਨਾਨਕ ਤੋਂ ਪੁੱਛ ਲਓ, ਉਹ ਰਿਸ਼ਤੇ ਲਈ ਤਿਆਰ ਹੈ | ਬੇਬੇ ਨਾਨਕੀ ਨੇ ਨਾਨਕ ਨਾਲ ਗਲ ਕੀਤੀ ਤਾਂ ਥੋੜ੍ਹੀ ਸੋਚ-ਵਿਚਾਰ ਪਿੱਛੋਂ ਨਾਨਕ ਨੇ ਹਾਂ ਕਰ ਦਿੱਤੀ | ਭੈਣ ਨਾਨਕੀ ਤੇ ਭਾਈਆ ਜੈ ਰਾਮ ਨੇ ਲੜਕੀ ਦੇ ਪਿਤਾ ਮੂਲ ਚੰਦ ਖੱਤਰੀ ਨਾਲ ਗੱਲਬਾਤ ਕੀਤੀ ਤੇ ਉਹ ਰਿਸ਼ਤੇ ਲਈ ਤਿਆਰ ਹੋ ਗਏ | ਸਾਦੇ ਢੰਗ ਨਾਲ ਨਾਨਕ ਦਾ ਵਿਆਹ ਕਰ ਦਿੱਤਾ ਗਿਆ | ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਸ੍ਰੀਚੰਦ ਰੱਖਿਆ ਗਿਆ | ਭੈਣ ਤੇ ਭਣੋਈਆ ਵਧਾਈ ਦੇਣ ਆਏ | ਮੁੜ ਇਹ ਵਿਚਾਰ ਸ਼ੁਰੂ ਹੋਈ ਕਿ ਨਾਨਕ ਕਬੀਲਦਾਰ ਹੋ ਗਿਆ ਹੈ, ਇਸ ਨੂੰ  ਕੋਈ ਕਾਰੋਬਾਰ ਕਰਨਾ ਚਾਹੀਦਾ ਹੈ | ਭਾਈਆ ਜੈਰਾਮ ਨੇ ਸਲਾਹ ਦਿੱਤੀ ਕਿ ਨਾਨਕ ਨੂੰ  ਸਾਡੇ ਕੋਲ ਭੇਜ ਦੇਵੋ, ਮੈਂ ਉੱਥੇ ਕੰਮ 'ਤੇ ਲਵਾ ਦੇਵਾਂਗਾ | ਨਾਨਕ ਵੀ ਭੈਣ ਕੋਲ ਸੁਲਤਾਨਪੁਰ ਲੋਧੀ ਜਾਣ ਲਈ ਤਿਆਰ ਹੋ ਗਏ | ਨਾਨਕ ਜੀ ਨੂੰ  ਮੋਦੀਖਾਨੇ 'ਚ ਵਧੀਆ ਨÏਕਰੀ ਮਿਲ ਗਈ ਤੇ ਉਨ੍ਹਾਂ ਇਮਾਨਦਾਰੀ ਨਾਲ ਕੰਮ ਸ਼ੁਰੂ ਕੀਤਾ | ਇੱਥੇ ਵੀ ਉਹ ਆਪਣੇ ਸਵਾਲਾਂ ਦੇ ਜਵਾਬਾਂ ਬਾਰੇ ਸੋਚਦੇ ਰਹਿੰਦੇ ਸਨ | ਹੌਲੀ-ਹੌਲੀ ਉਨ੍ਹਾਂ ਆਪਣੇ ਸਵਾਲਾਂ ਦੇ ਹੱਲ ਲੱਭ ਲਏ ਤੇ ਇਨ੍ਹਾਂ ਆਧਾਰਿਤ ਬਾਣੀ ਦੀ ਰਚਨਾ ਸ਼ੁਰੂ ਕੀਤੀ | ਉਨ੍ਹਾਂ ਦੇ ਬਚਪਨ ਦਾ ਦੋਸਤ ਭਾਈ ਮਰਦਾਨਾ ਵੀ ਉੱਥੇ ਆ ਗਿਆ | ਬਾਬਾ ਮਰਦਾਨੇ ਦੀ ਰਬਾਬ ਦੀਆਂ ਧੁਨਾਂ 'ਤੇ ਗੁਰੂ ਜੀ ਆਪਣੀ ਬਾਣੀ ਗਾਇਨ ਕਰਦੇ | ਹੌਲੀ-ਹੌਲੀ ਸੰਗਤ ਜੁੜਨ ਲੱਗੀ |
ਉਨ੍ਹਾਂ ਨੇ ਹੁਣ ਆਪਣੇ ਮਿਸ਼ਨ ਦਾ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਤੇ ਨੌਕਰੀ ਛੱਡ ਦਿੱਤੀ | ਉਨ੍ਹਾਂ ਆਖਿਆ ਕਿ ਧਰਮ ਤੇ ਜਾਤ ਦੇ ਨਾਂਅ 'ਤੇ ਪਈਆਂ ਵੰਡੀਆਂ ਗਲਤ ਹਨ | ਸਾਰੇ ਇਕ ਦੀ ਹੀ ਸੰਤਾਨ ਹਨ ਤੇ ਬਰਾਬਰ ਹਨ | ਕਰਮਕਾਂਡਾਂ ਵਿਚ ਉਲਝਾ ਕੇ ਧਰਮ ਗੁਰੂਆਂ ਵਲੋਂ ਕੀਤੀ ਜਾਂਦੀ ਲੁੱਟ ਦਾ ਉਨ੍ਹਾਂ ਵਿਰੋਧ ਕੀਤਾ | ਸਰਕਾਰੀ ਜ਼ੁਲਮ ਵਿਰੁੱਧ ਜ਼ਾਲਮਾਂ ਨੂੰ  ਵੰਗਾਰਿਆ ਅਤੇ ਜ਼ੁਲਮ ਸਹਿ ਰਹੀ ਤੇ ਨੀਚ ਆਖੀ ਜਾਂਦੀ ਬਹੁਗਿਣਤੀ ਦੇ ਨਾਲ ਖੜ੍ਹੇ ਹੋਏ | ਗੁਰੂ ਜੀ ਦੇ ਘਰ ਦੂਜੇ ਪੁੱਤਰ ਦਾ ਜਨਮ ਹੋਇਆ | ਵਾਪਸ ਤਲਵੰਡੀ ਜਾਣ ਲਈ ਭੈਣ ਤੋਂ ਆਗਿਆ ਲਈ ਤੇ ਟੱਬਰ ਨੂੰ  ਲੈ ਕੇ ਤਲਵੰਡੀ ਆ ਗਏ | ਪਿਤਾ ਨੂੰ  ਦੁੱਖ ਹੋਇਆ ਕਿ ਨਾਨਕ ਇੰਨੀ ਵਧੀਆ ਨੌਕਰੀ ਛੱਡ ਕੇ ਆ ਗਿਆ | ਉਨ੍ਹਾਂ ਨੂੰ  ਉਦੋਂ ਵੀ ਦੁੱਖ ਹੁੰਦਾ, ਜਦੋਂ ਉਹ ਆਪਣੇ ਪੁੱਤਰ ਨੂੰ  ਮਰਦਾਨੇ ਦੀ ਰਬਾਬ 'ਤੇ ਆਪਣੇ ਸ਼ਬਦਾਂ ਦਾ ਗਾਇਨ ਕਰਦੇ ਵੇਖਦੇ | ਕੁਝ ਦਿਨਾਂ ਪਿੱਛੋਂ ਬਾਬੇ ਨਾਨਕ ਨੇ ਫ਼ੈਸਲਾ ਕੀਤਾ ਕਿ ਆਪਣੇ ਮਿਸ਼ਨ ਦੀ ਪੂਰਤੀ ਲਈ ਘਰੋਂ ਨਿਕਲਿਆ ਜਾਂਵੇ | ਮਰਦਾਨੇ ਨੂੰ  ਨਾਲ ਚੱਲਣ ਲਈ ਆਖਿਆ, ਕੁਝ ਸੋਚਣ ਪਿੱਛੋਂ ਉਹ ਤਿਆਰ ਹੋ ਗਿਆ | ਬਾਬਾ ਨਾਨਕ ਜਦੋਂ ਘਰੋਂ ਤੁਰਿਆ ਤਾਂ ਮਾਤਾ ਨੇ ਪੁੱਛਿਆ, 'ਪੁੱਤਰ ਕਦੋਂ ਵਾਪਸ ਆਵੇਂਗਾ |' ਗੁਰੂ ਜੀ ਨੇ ਕਿਹਾ, 'ਕੁਝ ਨਹੀਂ ਆਖਿਆ ਜਾ ਸਕਦਾ |' ਪਿਤਾ ਮਹਿਤਾ ਕਾਲੂ ਦੁਖੀ ਸਨ | ਸੁਲੱਖਣੀ ਜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨਾਨਕ ਘਰੋਂ ਨਿਕਲ ਗਏ | ਬੇਵਸੀ 'ਚ ਬਰੂਹਾਂ 'ਤੇ ਖੜ੍ਹੇ ਮਾਤਾ-ਪਿਤਾ ਤੇ ਪਤਨੀ ਬਾਬੇ ਨਾਨਕ ਨੂੰ  ਜਾਂਦਿਆਂ ਵੇਖਦੇ ਰਹੇ, ਜਿਸ ਦਾ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਿਹਾ ਹੈ ਤੇ ਕਦੋਂ ਵਾਪਸ ਆਵੇਗਾ | ਦੋਵੇਂ ਪੁੱਤਰ ਹੈਰਾਨੀ ਨਾਲ ਵੇਖ ਰਹੇ ਸਨ | ਜਦੋਂ ਜੋੜੀ ਅੱਖੋਂ ਤੋਂ ਓਝਲ ਹੋ ਗਈ ਤਾਂ ਮਾਤਾ-ਪਿਤਾ ਤੇ ਪਤਨੀ ਆਪਣੇ ਹੰਝੂਆਂ 'ਤੇ ਹੋਰ ਕਾਬੂ ਨਾ ਪਾ ਸਕੇ |
ਗੁਰੂ ਨਾਨਕ ਦੇਵ ਜੀ ਤੇ ਮਰਦਾਨੇ ਨੂੰ  ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਹੇ ਹਨ, ਕਿੱਥੇ ਰਹਿਣਗੇ ਤੇ ਕੀ ਖਾਣਗੇ? ਬਾਬੇ ਨਾਨਕ ਨੇ ਮਰਦਾਨੇ ਨਾਲ 24 ਸਾਲ ਬਹੁਤ ਸਾਰੇ ਦੇਸ਼ਾਂ ਦੀ ਪੈਦਲ ਯਾਤਰਾ ਕੀਤੀ | ਉਨ੍ਹਾਂ ਜੋ ਪ੍ਰਚਾਰਿਆ, ਉਸ ਨੂੰ  ਕਰਕੇ ਵੀ ਵਿਖਾਇਆ | ਮਰਦਾਨੇ ਨੂੰ  ਆਪਣਾ ਸਾਥੀ ਬਣਾਇਆ, ਜਿਹੜਾ ਦੂਜੇ ਧਰਮ ਦਾ ਤੇ ਅਖੌਤੀ ਉਸ ਜਾਤ ਦਾ ਸੀ, ਜਿਸ ਨੂੰ  ਨੀਵੀਂ ਆਖਿਆ ਜਾਂਦਾ ਸੀ | ਉਨ੍ਹਾਂ ਨਾਬਰਾਬਰੀ ਅਤੇ ਜਬਰ-ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ | ਜਿੱਥੇ ਵੀ ਕਿਸੇ ਮਹਾਂਪੁਰਖ ਦਾ ਪਤਾ ਲੱਗਿਆ, ਉਸ ਨਾਲ ਸੰਵਾਦ ਰਚਾਇਆ ਤੇ ਆਪਣੇ ਮਿਸ਼ਨ ਦੇ ਲੜ ਲਾਇਆ | ਧਾਰਮਿਕ ਕਰਮ-ਕਾਂਡਾਂ ਦਾ ਵਿਰੋਧ ਕੀਤਾ | ਉਨ੍ਹਾਂ ਕਰਾਮਾਤਾਂ ਨਾਲ ਨਹੀਂ, ਸਗੋਂ ਆਪਣੇ ਬੋਲਾਂ, ਬਾਣੀ, ਦਲੀਲ ਤੇ ਸਵੈਭਰੋਸੇ ਸਦਕਾ ਲੋਕਾਈ ਨੂੰ  ਸਿੱਧੇ ਰਾਹ ਪਾਇਆ | ਪਿਛਲੀ ਉਮਰੇ ਆਪਣੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਕਰਤਾਰਪੁਰ ਵਿਖੇ ਅਮਲੀ ਪ੍ਰਦਰਸ਼ਨ ਕੀਤਾ | ਕਰਤਾਰਪੁਰੀਏ ਕਿਰਤ ਕਰਦੇ ਸਨ, ਰਲ ਕੇ ਛਕਦੇ ਸਨ ਤੇ ਨਾਮ ਜਪਦੇ ਹੋਏ ਸੱਚਾਸੁੱਚਾ ਤੇ ਬਰਾਬਰੀ ਦਾ ਜੀਵਨ ਜਿਊਾਦੇ ਸਨ |
ਬਾਬੇ ਨਾਨਕ ਦੇ ਸ਼ਬਦਾਂ ਨੂੰ  ਸੁਣ ਲੋਕੀਂ ਆਪਣੇ-ਆਪ ਉਨ੍ਹਾਂ ਦੇ ਸਿੱਖ ਬਣ ਰਹੇ ਸਨ | ਹੋਰ ਕਿਸੇ ਪੈਗੰਬਰ ਦੇ ਆਪਣੇ ਜਿਊਾਦੇ-ਜੀਅ ਇੰਨੇ ਪੈਰੋਕਾਰ ਨਹੀਂ ਸਨ ਬਣੇ, ਜਿੰਨੇ ਗੁਰੂ ਜੀ ਦੇ ਬਣੇ ਸਨ | ਗੁਰੂ ਨਾਨਕ ਦੇਵ ਜੀ ਦਾ ਪਹਿਲਾ ਪ੍ਰਚਾਰਕ ਸੱਜਣ ਠੱਗ ਬਣਿਆ, ਜਿਸ ਨੇ ਗੁਰੂ ਜੀ ਦੇ ਸ਼ਬਦ ਸੁਣ ਕੇ ਸਾਰੇ ਔਗੁਣਾਂ ਤੋਂ ਤੋਬਾ ਕਰ ਲਈ ਸੀ | ਉਸ ਦੀ ਸਰਾਏ ਪਹਿਲੀ ਧਰਮਸ਼ਾਲਾ ਅਤੇ ਉਹ ਨਾਨਕ ਮਿਸ਼ਨ ਦਾ ਪਹਿਲਾ ਪ੍ਰਚਾਰਕ ਬਣਿਆ | ਬਿਨਾਂ ਸ਼ੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਭਾਰਤ ਸਗੋਂ ਦੱਖਣੀ ਏਸ਼ੀਆ ਤੋਂ ਮੱਧ ਏਸ਼ੀਆ ਤੱਕ ਬਰਾਬਰੀ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ | ਉਨ੍ਹਾਂ ਸਮਿਆਂ ਵਿਚ ਇਹ ਇਕ ਇਨਕਲਾਬੀ ਕਾਰਜ ਹੀ ਸੀ |

-ਮੋਬਾਈਲ : 94170-87328

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ-ਵਿਰਾਸਤ ਤੋਂ ਭਵਿੱਖਮੁਖੀ ਦਿ੍ਸ਼ਟੀ ਤੱਕ ਅਗਲੀ ਖ਼ਬਰ ਸਾਂਝੀਵਾਲਤਾ ਦੇ ਮਹਾਨ ਪ੍ਰਚਾਰਕ ਗੁਰੂ ਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।