06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਘਰ ਵੇਚਿਆ, ਜ਼ੁਲਮ ਸਹੇ, ਪਰ ਹੌਸਲਾ ਨਾ ਹਾਰਿਆ ਸ਼ਰਮੀਲਾ ਧਨਖੜ ਨੇ

ਘਰ ਵੇਚਿਆ, ਜ਼ੁਲਮ ਸਹੇ, ਪਰ ਹੌਸਲਾ ਨਾ ਹਾਰਿਆ ਸ਼ਰਮੀਲਾ ਧਨਖੜ ਨੇ

ਅਜੀਤ ਡੈਸਕ 06-08-2026

ਰਾਸ਼ਟਰਮੰਡਲ ਖੇਡਾਂ 2026 ਦੇ ਗਲਾਸਗੋ ਮੈਦਾਨ ਵਿਚ ਭਾਰਤ ਦੀ ਪੈਰਾ ਸ਼ਾਟਪੁੱਟ ਐਥਲੀਟ ਸ਼ਰਮੀਲਾ ਧਨਖੜ ਨੇ ਸਿਰਫ਼ ਸੋਨ ਤਗਮਾ ਹੀ ਨਹੀਂ ਜਿੱਤਿਆ, ਸਗੋਂ ਹਿੰਮਤ, ਸੰਘਰਸ਼ ਅਤੇ ਅਡੋਲ ਇਰਾਦਿਆਂ ਦੀ ਇਕ ਅਜਿਹੀ ਕਹਾਣੀ ਵੀ ਲਿਖੀ, ਜੋ ਹਰ ਭਾਰਤੀ ਲਈ ਪ੍ਰੇਰਨਾ ਬਣ ਗਈ ਹੈ। ਮਹਿਲਾਵਾਂ ਦੇ ਐਫ 57 ਸ਼ਾਟਪੁੱਟ ਵਰਗ ਵਿਚ 9.81 ਮੀਟਰ ਦਾ ਆਪਣਾ ਸੀਜ਼ਨ ਦਾ ਸਰਵੋਤਮ ਥਰੋਅ ਕਰਕੇ ਸ਼ਰਮੀਲਾ ਨੇ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ਪੈਰਾ ਐਥਲੈਟਿਕਸ ਵਿਚ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦਾ ਪਹਿਲਾ ਸੋਨ ਤਗਮਾ ਦਿਵਾਉਣ ਦਾ ਮਾਣ ਹਾਸਲ ਕੀਤਾ। ਇਸ ਜਿੱਤ ਨਾਲ ਭਾਰਤ ਦਾ ਪੈਰਾ ਅਥਲੈਟਿਕਸ ਵਿਚ 20 ਸਾਲਾਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ। ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਚਿਤਰੌਲੀ ਪਿੰਡ ਨਾਲ ਸੰਬੰਧਿਤ ਸ਼ਰਮੀਲਾ ਦੀ ਜ਼ਿੰਦਗੀ ਬਚਪਨ ਤੋਂ ਹੀ ਸੰਘਰਸ਼ਾਂ ਨਾਲ ਭਰੀ ਰਹੀ। ਕੇਵਲ ਦੋ ਸਾਲ ਦੀ ਉਮਰ ਵਿਚ ਪੋਲੀਓ ਕਾਰਨ ਉਸ ਦੀ ਇਕ ਲੱਤ ਪ੍ਰਭਾਵਿਤ ਹੋ ਗਈ। ਛੋਟੇ ਕਿਸਾਨ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਇਲਾਜ ਵੀ ਢੰਗ ਨਾਲ ਨਾ ਹੋ ਸਕਿਆ। ਮਾਂ ਦੀ ਨਜ਼ਰ ਵੀ ਕਮਜ਼ੋਰ ਸੀ ਅਤੇ ਪਰਿਵਾਰ ਗ਼ਰੀਬੀ ਨਾਲ ਜੂਝਦਾ ਰਿਹਾ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ, ਪਰ ਵਿਆਹ ਤੋਂ ਬਾਅਦ ਵੀ ਉਸ ਦੀ ਜ਼ਿੰਦਗੀ ਆਸਾਨ ਨਾ ਹੋਈ। ਦਾਜ ਦੀ ਮੰਗ, ਘਰੇਲੂ ਹਿੰਸਾ ਅਤੇ ਮਾਨਸਿਕ ਤਸ਼ੱਦਦ ਸਹਿੰਦੇ ਹੋਏ 26 ਸਾਲ ਦੀ ਉਮਰ ਵਿਚ ਉਸ ਨੂੰ ਦੋ ਧੀਆਂ ਸਮੇਤ ਘਰ 'ਚੋਂ ਕੱਢ ਦਿੱਤਾ ਗਿਆ। ਜ਼ਿੰਦਗੀ ਨੇ ਹਾਰ ਮੰਨਣ ਲਈ ਮਜਬੂਰ ਕੀਤਾ, ਪਰ ਸ਼ਰਮੀਲਾ ਨੇ ਹਾਰ ਨਹੀਂ ਮੰਨੀ। 28 ਸਾਲ ਦੀ ਉਮਰ ਵਿਚ ਉਸ ਨੇ ਅਜੀਤ ਨਾਲ ਦੂਜਾ ਵਿਆਹ ਕੀਤਾ। ਪਤੀ ਨੇ ਉਸ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ ਅਤੇ ਪੈਰਾ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। 34 ਸਾਲ ਦੀ ਉਮਰ ਵਿਚ ਕੋਚ ਟੇਕਚੰਦ ਅਤੇ ਦੇਵੇਂਦਰ ਦੀ ਰਹਿਨੁਮਾਈ ਹੇਠ ਉਸ ਨੇ ਸ਼ਾਟਪੁੱਟ ਦੀ ਵਿਧੀਵਤ ਸਿਖਲਾਈ ਸ਼ੁਰੂ ਕੀਤੀ। ਇਹ ਉਹ ਉਮਰ ਸੀ ਜਦੋਂ ਬਹੁਤੇ ਖਿਡਾਰੀ ਆਪਣੇ ਕਰੀਅਰ ਦੇ ਅੰਤ ਵੱਲ ਵਧਦੇ ਹਨ, ਪਰ ਸ਼ਰਮੀਲਾ ਨੇ ਇਥੋਂ ਆਪਣੀ ਨਵੀਂ ਸ਼ੁਰੂਆਤ ਕੀਤੀ। ਟ੍ਰੇਨਿੰਗ ਦਾ ਖ਼ਰਚ ਚੁਕਾਉਣਾ ਵੀ ਪਰਿਵਾਰ ਲਈ ਵੱਡੀ ਚੁਣੌਤੀ ਸੀ। ਸਾਲ 2023 ਵਿਚ ਸ਼ਰਮੀਲਾ ਨੇ ਆਪਣੇ ਸੁਪਨਿਆਂ ਨੂੰ ਜਿਊਂਦਾ ਰੱਖਣ ਲਈ ਆਪਣਾ ਘਰ ਤੱਕ ਵੇਚ ਦਿੱਤਾ ਅਤੇ ਕਿਰਾਏ ਦੇ ਮਕਾਨ ਵਿਚ ਰਹਿ ਕੇ ਅਭਿਆਸ ਜਾਰੀ ਰੱਖਿਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਉਹ ਤਮਗੇ ਤੋਂ ਖੁੰਝ ਗਈ ਅਤੇ ਚੌਥੇ ਸਥਾਨ 'ਤੇ ਰਹੀ, ਪਰ ਇਸ ਨਿਰਾਸ਼ਾ ਨੂੰ ਉਸਨੇ ਆਪਣੀ ਤਾਕਤ ਬਣਾ ਲਿਆ। ਇਸ ਤੋਂ ਬਾਅਦ ਏਸ਼ੀਅਨ ਪੈਰਾ ਖੇਡਾਂ, ਫੱਜਾ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਸਨੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਗਲਾਸਗੋ ਵਿਚ ਮਿਲਿਆ ਇਹ ਸੋਨ ਤਗਮਾ ਸਿਰਫ਼ ਇਕ ਖਿਡਾਰੀ ਦੀ ਜਿੱਤ ਨਹੀਂ, ਸਗੋਂ ਭਾਰਤ ਦੇ ਪੈਰਾ ਖੇਡ ਅੰਦੋਲਨ ਦੀ ਵੱਡੀ ਕਾਮਯਾਬੀ ਹੈ। ਇਹ ਸਾਬਤ ਕਰਦਾ ਹੈ ਕਿ ਸਰੀਰਕ ਅਪੰਗਤਾ ਕਦੇ ਵੀ ਸੁਪਨਿਆਂ ਦੀ ਰਾਹ ਵਿਚ ਰੁਕਾਵਟ ਨਹੀਂ ਬਣ ਸਕਦੀ, ਜੇ ਮਨ ਵਿਚ ਜਿੱਤਣ ਦਾ ਜਜ਼ਬਾ ਹੋਵੇ।
ਪੈਰਾ ਖਿਡਾਰੀ ਦੇਸ਼ ਦਾ ਮਾਣ, ਤਰਸ ਨਹੀਂ ਸਨਮਾਨ ਦੇ ਹੱਕਦਾਰ ਸ਼ਰਮੀਲਾ ਧਨਖੜ ਦੀ ਇਹ ਉਪਲਬਧੀ ਪੂਰੇ ਦੇਸ਼ ਲਈ ਇਕ ਮਜ਼ਬੂਤ ਸੰਦੇਸ਼ ਹੈ ਕਿ ਪੈਰਾ ਖਿਡਾਰੀ ਕਿਸੇ ਤੋਂ ਘੱਟ ਨਹੀਂ। ਅੱਜ ਲੋੜ ਹੈ ਕਿ ਦੇਸ਼ ਵਿਚ ਪੈਰਾ ਖਿਡਾਰੀਆਂ ਲਈ ਹੋਰ ਵਧੀਆ ਸਹੂਲਤਾਂ, ਆਰਥਿਕ ਸਹਾਇਤਾ, ਆਧੁਨਿਕ ਸਿਖਲਾਈ ਅਤੇ ਸਮਾਜਕ ਸਨਮਾਨ ਨੂੰ ਯਕੀਨੀ ਬਣਾਇਆ ਜਾਵੇ।
ਸ਼ਰਮੀਲਾ ਦੀ ਜ਼ਿੰਦਗੀ ਇਹ ਸਿਖਾਉਂਦੀ ਹੈ ਕਿ ਸੰਘਰਸ਼ ਕਦੇ ਵੀ ਸਫ਼ਲਤਾ ਦੀ ਰਾਹ ਨਹੀਂ ਰੋਕਦਾ, ਸਗੋਂ ਉਸਨੂੰ ਹੋਰ ਸ਼ਾਨਦਾਰ ਬਣਾਉਂਦਾ ਹੈ। ਘਰ ਵੇਚ ਕੇ ਵੀ ਜਿਸ ਨੇ ਆਪਣਾ ਸੁਪਨਾ ਨਹੀਂ ਵੇਚਿਆ, ਉਹ ਅੱਜ ਭਾਰਤ ਦੇ ਕਰੋੜਾਂ ਲੋਕਾਂ ਦੀ ਪ੍ਰੇਰਣਾ ਬਣ ਚੁੱਕੀ ਹੈ। 'ਜਦੋਂ ਇਰਾਦੇ ਮਜ਼ਬੂਤ ਹੋਣ ਤਾਂ ਹਾਲਾਤ ਨਹੀਂ, ਹੌਸਲਾ ਇਤਿਹਾਸ ਲਿਖਦਾ ਹੈ। ਸ਼ਰਮੀਲਾ ਧਨਖੜ ਦਾ ਸੋਨ ਤਗਮਾ ਹਰ ਉਸ ਵਿਅਕਤੀ ਲਈ ਸੰਦੇਸ਼ ਹੈ ਜੋ ਮੁਸ਼ਕਿਲਾਂ ਅੱਗੇ ਹਾਰ ਮੰਨਣ ਬਾਰੇ ਸੋਚਦਾ ਹੈ।'
-ਖੇਡ ਪੱਤਰਕਾਰ
ਮੋਬਾਈਲ : 98729-78781

ਪਿਛਲੀ ਖ਼ਬਰ ਪਰਵਲ ਦੇ ਵਿਭਿੰਨ ਪਕਵਾਨ ਅਗਲੀ ਖ਼ਬਰ ਸਾਉਣ ਦੀਆਂ ਪੀਂਘਾਂ, ਤੀਆਂ ਦੀਆਂ ਰੌਣਕਾਂ ਅਤੇ ਪੰਜਾਬੀ ਬੋਲੀਆਂ ਦੀ ਅਮਰ ਗੂੰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।