20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪ੍ਰਵਾਸ ਦੇ ਸੁਪਨਿਆਂ ਤੋਂ ਡੇਅਰੀ ਕ੍ਰਾਂਤੀ ਤੱਕ : ਰਮਨਦੀਪ ਕੌਰ

ਪ੍ਰਵਾਸ ਦੇ ਸੁਪਨਿਆਂ ਤੋਂ ਡੇਅਰੀ ਕ੍ਰਾਂਤੀ ਤੱਕ : ਰਮਨਦੀਪ ਕੌਰ

ਅਜੀਤ ਡੈਸਕ 20-08-2026

 ਰਮਨਦੀਪ ਕੌਰ ਦੀ ਸੰਘਰਸ਼, ਸਫ਼ਲਤਾ ਅਤੇ ਸਵੈ-ਵਿਸ਼ਵਾਸ ਨੇ ਦੱਸ ਦਿੱਤਾ ਹੈ ਕਿ ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ, ਬਾਪੂ ਦਾ ਸਹਾਰਾ ਹਨ | ਰਮਨਦੀਪ ਕੌਰ  ਖੇਤੀ ਅਤੇ ਸਹਾਇਕ ਧੰਦਿਆਂ ਵਿਚ ਮਾਹਿਰ ਅਤੇ ਸਮਰਪਣ ਦੀ ਭਾਵਨਾ ਨਾਲ ਜੁੜੀ ਮਿਹਨਤਕਸ਼ ਨਾਰੀ ਹੈ | ਰਮਨਦੀਪ ਕੌਰ  ਦੀ ਕਹਾਣੀ ਪ੍ਰੇਰਣਾਦਾਇਕ ਵੀ ਹੈ ਤੇ ਚਰਚਿੱਤ ਵੀ | ਬਠਿੰਡਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੀ ਵਸਨੀਕ ਰਮਨਦੀਪ ਕੌਰ ਪਤਨੀ ਜਗਦੇਵ ਸਿੰਘ ਨੇ  ਵਿੱਦਿਅਕ ਸਿੱਖਿਆ  ਤੋਂ ਬਾਅਦ ਵਿਦੇਸ਼ ਜਾਣ ਦਾ ਸੁਪਨਾ ਸਿਰਜਿਆ | ਇਨ੍ਹਾਂ ਸੁਪਨਿਆਂ ਨੂੰ ਉਡਾਣ ਦੇਣਾ ਇਕ ਵੱਡੀ ਚਣੌਤੀ ਸੀ |  ਕੋਰੋਨਾ ਕਾਲ ਉਸ ਲਈ ਵਰਦਾਨ ਸਾਬਿਤ ਹੋਇਆ | ਉਸ ਨੇ ਆਪਣੇ ਪਿੰਡ ਦੀ ਮਿੱਟੀ ਵਿਚੋਂ ਹੀ ਉਹ ਸੁਨਹਿਰੀ ਭਵਿੱਖ ਲੱਭਣਾ ਸ਼ੂਰੂ ਕਰ ਦਿੱਤਾ | 
ਰਾਜਨੀਤੀ ਵਿਗਿਆਨ ਵਿਚ ਪੋਸਟ ਗ੍ਰੈਜੂਏਟ ਰਮਨਦੀਪ ਕੌਰ  ਨੂੰ ਆਰਥਿਕ ਲੋੜਾਂ-ਥੁੜਾਂ ਅਤੇ  ਭਵਿੱਖ ਦੀਆਂ ਚਿੰਤਾਵਾਂ ਨੇ ਢਾਅ ਲਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਸ ਦੇ ਜਜ਼ਬੇ  ਤੇ ਇਰਾਦਿਆਂ ਅੱਗੇ ਮੁਸ਼ਕਿਲਾਂ ਗੋਡੇ ਟੇਕ ਗਈਆਂ | ਇਕ ਛੋਟੀ ਜਿਹੀ ਘਟਨਾ ਜ਼ਿੰਦਗੀ ਦੀ ਦਿਸ਼ਾ ਬਦਲ ਦਿੰਦੀ ਹੈ | ਜਗਰਾਉਂ ਵਿਖੇ ਲੱਗੇ ਪਸ਼ੂ ਮੇਲੇ ਦਾ ਇਕ ਦੌਰਾ ਉਸ ਦੀ ਜ਼ਿੰਦਗੀ ਦਾ ਅਜਿਹਾ ਹੀ ਮੋੜ ਬਣਿਆ ਅੱਜ ਪਸ਼ੂ ਪਾਲਣ ਦੇ ਧੰਦੇ ਵਿਚ ਉਸ ਦਾ ਜ਼ਿਕਰ ਮੋਹਰੀ ਅÏਰਤਾਂ ਵਿਚ ਛਿੜਦਾ ਹੈ | ਉਸ ਨੇ ਡੇਅਰੀ ਟ੍ਰੇਨਿੰਗ ਸੈਂਟਰ ਸਰਦੂਲਗੜ੍ਹ ਤੋਂ ਪਸ਼ੂ ਪਾਲਣ ਦੀ ਸਿਖਲਾਈ ਲਈ ਅਤੇ ਫਿਰ ਲੁਧਿਆਣਾ ਤੋਂ ਵਿਸ਼ੇਸ਼ ਡੇਅਰੀ ਸਿਖਲਾਈ ਪ੍ਰਾਪਤ ਕੀਤੀ | ਇਹ ਸਿਖਲਾਈ ਉਸ ਲਈ ਸਿਰਫ਼ ਕੋਰਸ ਨਹੀਂ ਸੀ, ਸਗੋਂ ਉਸ ਦੇ ਨਵੇਂ ਜੀਵਨ ਦੀ ਨੀਂਹ ਸੀ |  ਉਸ ਦਾ ਇਹ ਸਫ਼ਰ ਸਿਰਫ਼ ਦੋ ਗਾਵਾਂ ਅਤੇ 0.8 ਹੈੱਕਟੇਅਰ ਜ਼ਮੀਨ ਨਾਲ ਸ਼ੁਰੂ ਹੋਇਆ | ਇਹ ਸਫ਼ਰ ਅੱਜ 28 ਗਾਵਾਂ ਅਤੇ 2 ਹੈਕਟੇਅਰ ਜ਼ਮੀਨ ਤੱਕ ਪਹੁੰਚ ਚੁੱਕਾ ਹੈ | ਅੱਜ ਉਹ ਆਪਣਾ ਸ਼ੁੱਧ ਦੁੱਧ ਸਿਰਫ਼ ਵੇਰਕਾ ਨੂੰ  ਸਪਲਾਈ ਕਰਦੀ ਹੈ | ਉਸ ਦੇ ਡੇਅਰੀ ਫਾਰਮ ਦੀ ਮਹੀਨਾਵਾਰ ਆਮਦਨ ਲੱਖਾਂ ਰੁਪਏ ਤੱਕ ਪਹੁੰਚ ਚੁੱਕੀ ਹੈ | 
ਰਮਨਦੀਪ  ਕੌਰ ਲਈ ਉਹ ਪਲ ਬੇਹੱਦ ਭਾਵੁਕ ਤੇ ਫਖ਼ਰਨੁਮਾ ਸਨ ਜਦੋਂ ਪਸ਼ੂ ਮੇਲੇ ਵਿਚ ਉਸ ਨੂੰ  ਦੂਜੇ ਦਰਜੇ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਿਰਫ਼ ਇਕ ਟਰਾਫ਼ੀ ਨਹੀਂ ਸੀ, ਸਗੋਂ ਉਸ ਧੀ ਦੀ ਜਿੱਤ ਸੀ ਜਿਸ ਨੇ ਸਮਾਜ ਨੂੰ ਦੱਸ ਦਿੱਤਾ ਕਿ ਮਹਿਲਾਵਾਂ ਖੇਤੀ ਅਤੇ ਡੇਅਰੀ ਖੇਤਰ ਵਿਚ ਵੀ ਨਵੀਆਂ ਉਚਾਈਆਂ ਛੂਹ ਸਕਦੀਆਂ ਹਨ |  ਪਰਿਵਾਰ ਦਾ ਇਹ ਸਾਥ ਹੀ ਉਸ ਦੀ ਤਾਕਤ ਬਣਿਆ ਅਤੇ ਅੱਜ ਉਹ ਖੁਦ ਸੈਂਕੜੇ ਨੌਜਵਾਨਾਂ ਅਤੇ ਮਹਿਲਾਵਾਂ ਲਈ ਪ੍ਰੇਰਣਾ ਬਣ ਚੁੱਕੀ ਹੈ |  ਰਮਨਦੀਪ ਕੌਰ ਦੀ ਕਹਾਣੀ ਸਿਰਫ਼ ਇਕ ਮਹਿਲਾ ਕਿਸਾਨ ਦੀ ਕਾਮਯਾਬੀ ਨਹੀਂ, ਸਗੋਂ ਪੰਜਾਬ ਦੇ ਹਰ ਉਸ ਨੌਜਵਾਨ ਲਈ ਇਕ ਸੁਨੇਹਾ ਹੈ ਜੋ ਸਮਝਦਾ ਹੈ ਕਿ ਸਫ਼ਲਤਾ ਸਿਰਫ਼ ਵਿਦੇਸ਼ਾਂ ਵਿਚ ਹੀ ਮਿਲ ਸਕਦੀ ਹੈ | ਜੇਕਰ ਇਰਾਦੇ ਮਜ਼ਬੂਤ ਹੋਣ, ਗਿਆਨ ਨਾਲ ਕਦਮ ਮਿਲਾਇਆ ਜਾਵੇ ਅਤੇ ਮਿਹਨਤ ਨੂੰ ਆਪਣਾ ਧਰਮ ਬਣਾ ਲਿਆ ਜਾਵੇ ਤਾਂ ਆਪਣੀ ਮਿੱਟੀ ਵੀ ਸੋਨਾ ਉਗਲਦੀ ਹੈ | ਰਮਨਦੀਪ ਕੌਰ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਸਿਰਫ਼ ਘਰਾਂ ਦੀ ਸ਼ਾਨ ਨਹੀਂ ਹੁੰਦੀਆਂ, ਉਹ ਪਿੰਡਾਂ ਦੀ ਤਕਦੀਰ ਵੀ ਬਦਲ ਸਕਦੀਆਂ ਹਨ | ਉਸ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੁਪਨਿਆਂ ਦਾ ਰਾਹ ਭਾਵੇਂ ਬਦਲ ਜਾਵੇ, ਪਰ ਜੇ ਹੌਂਸਲਾ ਜ਼ਿੰਦਾ ਰਹੇ ਤਾਂ ਮੰਜ਼ਿਲਾਂ ਆਪ ਪੈਰਾਂ ਵਿਚ ਆ ਝੁਕਦੀਆਂ ਹਨ |
-ਪ੍ਰਤੀਨਿਧ 'ਅਜੀਤ' ਵੈੱਬ ਟੀ.ਵੀ., ਉੱਪ ਦਫ਼ਤਰ ਜਗਰਾਉਂ |
ਮੋਬਾਈਲ : 98764-92410

ਪਿਛਲੀ ਖ਼ਬਰ ਕਰੀਅਰ ਦੀ ਚੋਣ : ਬੱਚੇ ਦੀ ਪਸੰਦ ਜਾਂ ਮਾਪਿਆਂ ਦੀ ਇੱਛਾ ਅਗਲੀ ਖ਼ਬਰ ਅਗਸਤ ਮਹੀਨਾ ਖ਼ਤਮ ਹੁੰਦੇ-ਹੁੰਦੇ ਕਰ ਲਓ ਇਹ ਕੰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।