17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਖ਼ੂਬਸੂਰਤ ਸ਼ਖ਼ਸੀਅਤ ਪਾਉਣ ਲਈ...

ਖ਼ੂਬਸੂਰਤ ਸ਼ਖ਼ਸੀਅਤ ਪਾਉਣ ਲਈ...

ਅਜੀਤ ਡੈਸਕ 17-09-2026

 

ਸਾਡੇ ਸਿਰਜਣਹਾਰ ਪ੍ਰਭੂ ਨੇ ਸੰਸਾਰ 'ਚ ਜਨਮੇ ਹਰ ਔਰਤ-ਮਰਦ ਨੂੰ  ਅਲੌਕਿਕ ਦਿਮਾਗ਼ ਅਤੇ ਸੋਚ ਸ਼ਕਤੀ ਤੋਹਫ਼ੇ ਵਜੋਂ ਬਖ਼ਸ਼ਦਿਆਂ ਸਭ ਪ੍ਰਾਣੀਆਂ ਤੋਂ ਉੱਤਮ ਪ੍ਰਾਣੀ ਦਾ ਰੁਤਬਾ ਦਿੱਤਾ ਹੈ, ਪਰ ਜੋ ਸੁਲਝੇ ਵਿਅਕਤੀ ਆਪਣੇ ਤੇਜ਼ ਦਿਮਾਗ, ਉਮਦਾ ਸੋਚ, ਸੰਸਕਾਰਾਂ ਅਤੇ ਵਰਤੋਂ ਵਿਵਹਾਰਾਂ ਦੀ ਸੁਚੱਜੀ ਵਰਤੋਂ ਕਰਦਿਆਂ ਆਪਣੀ ਆਦਰਸ਼ ਸ਼ਖ਼ਸੀਅਤ ਦਾ ਪ੍ਰਦਰਸ਼ਨ ਕਰਨ 'ਚ ਸਫਲ ਹੁੰਦੇ ਹਨ, ਉਹ ਸਮਾਜ 'ਚ ਹਮੇਸ਼ਾ ਹੀ ਆਦਰ-ਸਤਿਕਾਰ ਦੇ ਪਾਤਰ ਹੋ ਨਿੱਬੜਦੇ ਹਨ |
ਸਰੀਰਕ ਪੱਖੋਂ ਭਾਵੇਂ ਤੁਸੀਂ ਕਿੰਨੇ ਵੀ ਸੁੰਦਰ ਕਿਉਂ ਨਾ ਹੋਵੋ, ਕੀਮਤੀ ਬੂਟ-ਸੂਟ, ਗਹਿਣੇ ਵੀ ਪਹਿਨੇ ਹੋਣ ਪਰ ਜੇ ਤੁਹਾਡੀਆਂ ਛੋਟੀਆਂ-ਛੋਟੀਆਂ ਆਦਤਾਂ ਹੀ ਅਗਲੇ ਦੀ ਨਿਗ੍ਹਾ 'ਚ ਰੜਕਦੀਆਂ ਰਹੀਆਂ ਤਾਂ ਭਲਾ ਤੁਸੀਂ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਕਿਵੇਂ ਬਣੋਗੇ?
ਮੰਨ ਲਵੋ, ਕਿਸੇ ਸ਼ੋਕ ਸਭਾ ਵਿਚ ਬੈਠਿਆਂ ਆਪਣੀਆਂ ਸਹੇਲੀਆਂ, ਦੋਸਤਾਂ ਨਾਲ ਹੱਸ-ਠਹਾਕੇ ਮਾਰ ਗੱਲਾਂ 'ਚ ਮਸਤ ਹੋ ਤਾਂ ਤੁਹਾਡਾ ਇਹ ਅਣਉਚਿਤ ਵਿਵਹਾਰ ਸਭ ਨੂੰ  ਬੁਰਾ ਤਾਂ ਲੱਗੇਗਾ ਹੀ | ਜਿਸ ਕਿਸਮ ਦੇ ਸਮਾਗਮ 'ਤੇ ਜਾਣਾ ਹੋਵੇ, ਚਿਹਰੇ ਦੇ ਹਾਵ-ਭਾਵ, ਮੇਕਅੱਪ ਅਤੇ ਪਹਿਰਾਵਾ ਸਮੇਂ ਦੀ ਨਜ਼ਾਕਤ ਮੁਤਾਬਿਕ ਹੀ ਜਚਦੇ ਹਨ | ਪਹਿਰਾਵਾ ਹਮੇਸ਼ਾ ਸੱਭਿਅਕ, ਬੇਦਾਗ਼, ਵੱਟ-ਰਹਿਤ ਹੋਵੇ | ਜ਼ਿਆਦਾ ਪਾਰਦਰਸ਼ੀ, ਭੜਕੀਲੇ ਅਤੇ ਤੰਗ ਡਰੈੱਸਾਂ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ ਜੋ ਕਿ ਸਭ ਵਿਚ ਮਜ਼ਾਕ ਦਾ ਵਿਸ਼ਾ ਬਣ ਜਾਣ | ਅਕਸਰ ਵੇਖਣ 'ਚ ਆਉਂਦਾ ਹੈ ਕਿ ਅੱਜਕਲ੍ਹ ਆਧੁਨਿਕਤਾ ਦੇ ਨਾਂਅ 'ਤੇ ਕਈ ਲੜਕੀਆਂ ਵਿਦੇਸ਼ੀ ਪੱਛਮੀ ਸ਼ੈਲੀ ਦੇ ਊਲ-ਜਲੂਲ, ਅਧਨੰਗੇ ਪਹਿਰਾਵੇ ਪਿੱਛੇ ਦੀਵਾਨੀਆਂ ਹੀ ਹੋਈਆਂ ਫਿਰਦੀਆਂ ਹਨ | ਬੇਲੋੜੀਆਂ ਸ਼ਿੰਗਾਰ ਵਸਤਾਂ ਵੀ ਆਪ-ਹੁਦਰੇਪਣ ਦਾ ਪ੍ਰਤੀਕ ਹੁੰਦੀਆਂ ਹਨ | ਜ਼ਰੂਰੀ ਨਹੀਂ ਕਿ ਜੇ ਤੁਸੀਂ ਜ਼ਿਆਦਾ ਅਤੇ ਮਹਿੰਗੇ ਹੀਰੇ-ਸੋਨੇ ਦੇ ਗਹਿਣੇ ਪਹਿਨੇ ਹਨ ਤਾਂ ਤੁਸੀਂ ਵਧੇਰੇ ਖੂਬਸੂਰਤ ਦਿਖਾਈ ਦੇ ਰਹੇ ਹੋ | ਕਿਸੇ ਪਾਰਟੀ-ਸਮਾਗਮ 'ਚ ਖਾਣਾ ਖਾਣ ਵੇਲੇ ਪਲੇਟ ਤੁੰਨ ਕੇ ਭਰ ਲੈਣਾ ਵੀ ਅਸੱਭਿਅਕਪੁਣੇ ਦਾ ਪ੍ਰਤੀਕ ਹੁੰਦਾ ਹੈ | ਚੀਜ਼ ਓਨੀ ਲਵੋ, ਜਿੰਨੀ ਖਾ ਸਕਦੇ ਹੋਵੋ, ਲੋੜ ਪੈਣ 'ਤੇ ਦੁਬਾਰਾ ਲੈ ਸਕਦੇ ਹੋ, ਪਰ ਜੂਠ ਛੱਡਣਾ ਠੀਕ ਨਹੀਂ | ਖਾਣਾ ਹਮੇਸ਼ਾ ਆਰਾਮ ਨਾਲ ਖਾਓ | ਕਾਹਲੀ-ਕਾਹਲੀ ਖਾਣਾ ਖਾਂਦਿਆਂ ਗੱਲਾਂ ਕਰਦਿਆਂ ਤੁਹਾਡੇ ਮੰੂਹੋਂ ਉੱਡ ਰਹੇ ਭੋਜਨ ਕਿਣਕੇ ਹਰ ਕਿਸੇ ਨੂੰ  ਬੁਰੇ ਲੱਗਦੇ ਹਨ | ਹਰਮਨ-ਪਿਆਰੇ ਬਣਨ ਦੀ ਕੋਸ਼ਿਸ਼ ਕਰਦਿਆਂ ਸਭ ਨਾਲ ਅਜਿਹਾ ਵਿਵਹਾਰ ਕਰੋ ਕਿ ਉਹ ਤੁਹਾਡੇ ਤੋਂ ਪ੍ਰਭਾਵਿਤ ਹੋਣ | ਗੱਲਬਾਤ ਕਰਦਿਆਂ ਮਿੱਠਾ, ਨਿਮਰ ਅਤੇ ਹੌਲੀ ਬੋਲੋ | ਅਗਲੇ ਨੂੰ  ਵੀ ਗੱਲ ਕਰਨ ਦਾ ਮੌਕਾ ਦਿਓ | ਨਿਰੀਆਂ-ਪੁਰੀਆਂ ਆਪਣੀਆਂ ਹੀ ਨਾ ਹੱਕੀ ਜਾਓ | ਫੋਨ 'ਤੇ ਗੱਲਬਾਤ ਕਰਨ ਦੇ ਸਲੀਕੇ ਵਿਚੋਂ ਵੀ ਤੁਹਾਡੀ ਸ਼ਖ਼ਸੀਅਤ ਸਾਫ਼ ਝਲਕਦੀ ਹੈ, ਜਿਸ ਨੂੰ  ਮੁੱਖ ਰੱਖਦਿਆਂ ਗੱਲਬਾਤ ਦੇ ਢੰਗ ਨੂੰ  ਬਿਹਤਰ ਦਿਲਖਿੱਚਵਾਂ ਬਣਾਉਣਾ ਚਾਹੀਦਾ ਹੈ |
ਚੰਗੀ ਸ਼ਖ਼ਸੀਅਤ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਦਾ ਸੁਮੇਲ ਵੀ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ | ਤੰਦਰੁਸਤੀ ਲਈ ਅਤਿ ਜ਼ਰੂਰੀ ਹੈ, ਨਰੋਈ ਖੁਰਾਕ ਅਤੇ ਨਰੋਆ ਆਚਰਣ | ਪ੍ਰੋਟੀਨ, ਲੋਹਾ, ਕਾਰਬੋਹਾਈਡ੍ਰੇਟਸ ਅਤੇ ਵਿਟਾਮਿਨ-ਯੁਕਤ ਸੰਤੁਲਿਤ ਭੋਜਨ ਛਕੋ | ਵੱਧ ਤੋਂ ਵੱਧ ਸਾਫ਼-ਸੁਥਰਾ ਪਾਣੀ ਪੀਓ | ਸਲਾਦ ਤੇ ਫਲ ਵੀ ਖਾਓ | ਰੋਜ਼ਾਨਾ ਸਵੇਰ ਦੀ ਸੈਰ, ਕਸਰਤ, ਪ੍ਰਾਣਾਯਾਮ ਜਾਂ ਯੋਗਾ ਕਰਨ ਦੀ ਆਦਤ ਅਪਣਾਓ, ਜਿਸ ਨਾਲ ਬਿਮਾਰੀ ਕੋਹਾਂ ਦੂਰ ਰਹੇਗੀ | ਜੇ ਤੁਹਾਡਾ ਸਰੀਰ ਹੀ ਰੋਗੀ ਜਾਂ ਕਮਜ਼ੋਰ ਹੈ ਤਾਂ ਕੁਦਰਤੀ ਹੀ ਤੁਹਾਡੀ ਸ਼ਖ਼ਸੀਅਤ 'ਚ ਕਮਜ਼ੋਰੀ ਝਲਕਦੀ ਰਹੇਗੀ | ਹਰਮਨ-ਪਿਆਰੀ ਦਿਲ-ਲੁਭਾਓ ਸ਼ਖ਼ਸੀਅਤ ਪਾਉਣ ਲਈ ਜ਼ਰੂਰੀ ਹੁੰਦਾ ਹੈ, ਛੋਟੀਆਂ-ਛੋਟੀਆਂ ਆਪਣੀਆਂ ਗ਼ਲਤ ਆਦਤਾਂ-ਹਰਕਤਾਂ 'ਤੇ ਰੋਕ ਲਗਾਉਣਾ | ਹਮੇਸ਼ਾ ਚੰਗਾ ਸਾਹਿਤ, ਚੰਗੀਆਂ ਅਖ਼ਬਾਰਾਂ, ਮੈਗਜ਼ੀਨ ਪੜ੍ਹੋ | ਸਿੱਖਿਆਦਾਇਕ ਤੇ ਉਸਾਰੂ ਟੀ.ਵੀ. ਪ੍ਰੋਗਰਾਮ, ਫ਼ਿਲਮਾਂ ਦੇਖੋ | ਕਿਸੇ ਦੀ ਚੁਗਲੀ-ਨਿੰਦਿਾ, ਬੁਰਾਈ ਕਰਨ ਤੋਂ ਬਚੋ | ਹਰ ਕੰਮ ਸੁਲਝੇ ਤੌਰ-ਤਰੀਕੇ ਨਾਲ ਕਰ ਕੇ, ਹਰ ਕਿਸੇ ਨਾਲ ਹਸੰੂ-ਹਸੰੂ ਅਤੇ ਨਿਮਰਤਾਪੂਰਵਕ ਵਿਹਾਰ ਕਰ ਕੇ ਤੁਸੀਂ ਸੱਚਮੁੱਚ ਹੀ ਆਪਣੇ ਸੁਚੱਜੇਪਨਦਾ ਇਜ਼ਹਾਰ ਕਰ ਸਕੋਗੇ |
-ਬਿ੍ਸਬੇਨ (ਆਸਟ੍ਰੇਲੀਆ)
ਮੋਬਾਈਲ : +61-415-049-120

ਪਿਛਲੀ ਖ਼ਬਰ ਸਾਬਕਾ ਮੰਤਰੀ ਢਿੱਲੋਂ ਦੀ ਅਗਵਾਈ ਹੇਠ ਗੌਂਸਗੜ੍ਹ ਬਿਜਲੀ ਘਰ ਬਾਹਰ ਬਿਜਲੀ ਸੰਕਟ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰ... ਅਗਲੀ ਖ਼ਬਰ ਬੱਚਿਆਂ ਨੂੰ ਕਿਵੇਂ ਬਣਾਈਏ ਆਗਿਆਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।