19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਓ ਜਾਣੀਏ ਭਾਰਤ ਦੀ ਜਨਗਣਨਾ ਦਾ ਇਤਿਹਾਸ

ਅਜੀਤ ਡੈਸਕ 16-05-2026

ਪਿਆਰੇ ਬੱਚਿਓ, ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ, ਸਾਡਾ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ | ਇਸ ਸਮੇਂ ਭਾਰਤ ਦੇ 28 ਰਾਜ ਅਤੇ 8 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ | ਆਜ਼ਾਦੀ ਪਿਛੋਂ ਅਸੀਂ ਕਿੰਨੀ ਤਰੱਕੀ ਕੀਤੀ ਹੈ, ਇਸ ਲਈ ਭਾਰਤ ਵਿਚ ਹਰੇਕ 10 ਸਾਲਾਂ ਬਾਅਦ ਜਨਗਣਨਾ ਹੁੰਦੀ ਹੈ |
ਬੱਚਿਓ, ਭਾਰਤੀ ਜਨਗਣਨਾ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਭਾਰਤ ਵਿਚ ਜਨਗਣਨਾ ਦੀ ਸ਼ੁਰੂਆਤ ਕੌਟਿੱਲਿਆ ਦੀ ਕਿਤਾਬ 'ਅਰਥ ਸ਼ਾਸਤਰ' (321-296 ਈਸਾ ਪੂਰਵ) ਅਤੇ ਮੁਗਲ ਸਮਰਾਟ ਅਕਬਰ ਸਮੇਂ ਦੇ ਲੇਖਕ ਅਬੁਲ ਫ਼ਜ਼ਲ ਦੀ 'ਆਇਨਾ-ਏ-ਅਕਬਰੀ' ਲਿਖਤਾਂ ਵਿਚ ਮਿਲਦਾ ਹੈ | ਭਾਰਤ ਵਿਚ ਪਹਿਲੀ ਆਧੁਨਿਕ ਆਬਾਦੀ ਜਨਗਣਨਾ 1865-1872 ਈਸਵੀ ਵਿਚ ਲਾਰਡ ਮੇਓ ਦੇ ਕਾਰਜਕਾਲ ਸਮੇਂ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸਮੇਂ ਹੋਈ | ਪਰ 17 ਫਰਵਰੀ, 1881 ਤੋਂ ਬਿ੍ਟਿਸ਼ ਸ਼ਾਸਨ ਦੌਰਾਨ ਅੰਗਰੇਜ਼ ਅਫਸਰ ਡਬਲਯੂ.ਸੀ. ਪਲੋਡੇਨ ਦੀ ਅਗਵਾਈ ਵਿਚ ਸਾਰੇ ਭਾਰਤ ਵਿਚ ਇਕੋ ਸਮੇਂ ਜਨਗਣਨਾ ਕਰਵਾਈ ਗਈ | ਉਸ ਸਮੇਂ ਤੋਂ ਹਰੇਕ 10 ਸਾਲ ਬਾਅਦ ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਅਨੁਸਾਰ ਜਨਗਣਨਾ ਕਰਵਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਹੈ |
ਬੱਚਿਓ, ਜਨਗਣਨਾ ਦੇਸ਼ ਦੇ ਸਾਰੇ ਵਿਅਕਤੀਆਂ ਨਾਲ ਸੰਬੰਧਿਤ ਜਨਸੰਖਿਆ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਡੇਟਾ ਇਕੱਠਾ ਕਰਨ, ਵਿਸ਼ਲੇਸ਼ਣ ਕਰਨ ਅਤੇ ਪ੍ਰਸਾਰਿਤ ਕਰਨ ਦੀ ਪ੍ਰਕਿਰਿਆ ਹੈ | ਜਨਗਣਨਾ ਰਾਹੀਂ ਇਕੱਠੀ ਕੀਤੀ ਜਾਣਕਾਰੀ ਦਾ ਵਿਸ਼ਾਲ ਭੰਡਾਰ ਯੋਜਨਾਕਾਰ, ਪ੍ਰਕਾਸ਼ਨਾਂ, ਖੋਜ-ਕਰਤਾਵਾਂ ਅਤੇ ਹੋਰ ਡੇਟਾ ਉਪਭੋਗਤਾਵਾਂ ਲਈ ਡੇਟਾ ਦਾ ਸਭ ਤੋਂ ਮਹੱਤਵਪੂਰਨ ਸਰੋਤ ਬਣਾਉਂਦਾ ਹੈ | ਜਨਗਣਨਾ ਸ਼ਾਸਨ ਲਈ ਇਕ ਮਹੱਤਵਪੂਰਨ ਆਧਾਰ ਵਜੋਂ ਕੰਮ ਕਰਦੀ ਹੈ, ਜੋ ਕਿ ਸਰਕਾਰ ਨੂੰ ਰਾਜਨੀਤਕ, ਸਮਾਜਿਕ ਅਤੇ ਆਰਥਿਕ ਖੇਤਰਾਂ ਵਿਚ ਸਬੂਤ ਆਧਾਰਿਤ ਫੈਸਲੇ ਲੈਣ ਦੇ ਸਮਰੱਥ ਬਣਾਉਂਦੀ ਹੈ |
ਬੱਚਿਓ, ਭਾਰਤ ਦੇ 145 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ 16ਵੀਂ ਜਨਗਣਨਾ 2026-27 ਪੂਰਨ ਤੌਰ 'ਤੇ ਡਿਜੀਟਲ (ਮੋਬਾਈਲ ਐਪ) ਹੋਵੇਗੀ | ਇਹ ਦੋ ਪੜਾਵਾਂ ਵਿਚ ਹੋਵੇਗੀ | ਪਹਿਲਾ ਪੜਾਅ 15 ਮਈ ਤੋਂ 13 ਜੂਨ, 2026 ਤੱਕ ਗਿਣਤੀਕਾਰ ਘਰ-ਘਰ ਜਾ ਕੇ ਹਾਊਸ ਲਿਸਟਿੰਗ ਕਰਨਗੇ, ਜਦਕਿ ਦੂਜੇ ਪੜਾਅ ਵਿਚ ਫਰਵਰੀ-2027 ਵਿਚ ਪਰਿਵਾਰ ਦੇ ਹਰੇਕ ਜੀਅ ਬਾਰੇ ਕਾਲਮ ਨੰਬਰ 1 ਤੋਂ 31 ਤੱਕ ਮੋਬਾਈਲ ਐਪ ਰਾਹੀਂ ਜਾਣਕਾਰੀ ਇਕੱਠੀ ਕੀਤੀ ਜਾਵੇਗੀ | ਇਸ ਵਾਰੀ ਜਾਤੀ ਆਧਾਰਿਤ ਸਰਵੇਖਣ ਵੀ ਹੋਵੇਗਾ |
ਬੱਚਿਓ, ਆਜ਼ਾਦ ਭਾਰਤ ਦੀ ਪਹਿਲੀ ਜਨਗਣਨਾ 1951 ਤੋਂ ਸ਼ੁਰੂ ਹੋ ਕੇ 1961, 1971, 1981, 1991, 2001, ਤੱਕ ਹੋਈ | 2021 ਦੀ 8ਵੀਂ ਜਨਗਣਨਾ ਕੋਵਿਡ-19 ਦੀ ਮਹਾਂਮਾਰੀ ਕਰਕੇ ਨਹੀਂ ਹੋਈ, ਜੋ ਹੁਣ 2026-27 ਵਿਚ ਹੋਵੇਗੀ |
ਸੋ ਆਓ, ਸਾਰੇ ਭਾਰਤ ਵਾਸੀ ਜਨਗਣਨਾ 2026-27 ਬਾਰੇ ਸਹੀ ਜਾਣਕਾਰੀ ਦੇ ਕੇ ਭਾਰਤ ਦੇਸ਼ ਦੀ ਤਰੱਕੀ ਵਿਚ ਬਣਦਾ ਹਿੱਸਾ ਪਾਈਏ |

-ਸਰਕਾਰੀ ਮਿਡਲ ਸਕੂਲ, ਧਰਮ ਸਿੰਘ ਵਾਲਾ ਬਲਾਕ ਧਰਮਕੋਟ-2,
ਜ਼ਿਲ੍ਹਾ ਮੋਗਾ-142043 ਮੋਬਾਈਲ : 98555-40392

ਪਿਛਲੀ ਖ਼ਬਰ ਸਾਡੀ ਅੱਖ ਕਿਉਂ ਫੜਕਦੀ ਹੈ? ਅਗਲੀ ਖ਼ਬਰ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਦੱਸੋ ਇਹ ਗੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।