06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਓ ਗਰਮੀਆਂ ਦੀਆਂ ਛੁੱਟੀਆਂ ਨੂੰ ਅਨੰਦਮਈ, ਉਸਾਰੂ ਅਤੇ ਲਾਹੇਵੰਦ ਬਣਾਈਏ

ਅਜੀਤ ਡੈਸਕ 30-05-2026

 'ਵਿਹਲਾ ਮਨ ਸ਼ੈਤਾਨ ਦਾ ਘਰ' ਕਹਾਵਤ ਘਰਾਂ ਵਿਚ ਆਮ ਸੁਣਨ ਨੂੰ ਮਿਲਦੀ ਹੈ ਅਤੇ ਇਸਦੀ ਬੱਚਿਆਂ ਉੱਪਰ ਵਧੇਰੇ ਵਰਤੋਂ ਹੁੰਦੀ ਹੈ। ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਕੋਲ ਵਧੇਰੇ ਸਮਾਂ ਹੁੰਦਾ ਹੈ। ਜ਼ਿਆਦਾਤਰ ਬੱਚੇ ਇਸ ਵਾਧੂ ਸਮੇਂ ਦੀ ਸਹੀ ਵਰਤੋਂ ਨਹੀਂ ਕਰਦੇ ਅਤੇ ਸਮੇਂ ਨੂੰ ਅੰਜਾਈਂ ਬਤੀਤ ਕਰਦੇ ਹਨ

ਬੱਚੇ ਵਾਧੂ ਸਮੇਂ ਦੀ ਸਹੀ ਵਰਤੋਂ ਕਰਕੇ ਛੁੱਟੀਆਂ ਨੂੰ ਅਨੰਦਮਈ ਅਤੇ ਉਸਾਰੂ ਬਣਾ ਸਕਦੇ ਹਨ। ਛੁੱਟੀਆਂ ਦੌਰਾਨ ਅਕਸਰ ਸਕੂਲ ਵਲੋਂ ਕੁਝ ਦਿਨਾਂ ਲਈ ਸਮਰ ਕੈਂਪ ਲਗਾਏ ਜਾਂਦੇ ਹਨ ਤਾਂ ਕਿ ਬੱਚਿਆਂ ਵਿਚ ਛੁਪੀ ਪ੍ਰਤਿਭਾ ਵਿਚ ਨਿਖ਼ਾਰ ਲਿਆਂਦਾ ਜਾ ਸਕੇ, ਇਸੇ ਤਰਜ਼ 'ਤੇ ਅਸੀਂ ਘਰ ਵਿਚ ਹੀ ਬਹੁਤ ਕੁਝ ਨਵਾਂ ਸਿੱਖ ਅਤੇ ਕਰ ਸਕਦੇ ਹਾਂ।
ਵਿਦਿਆਰਥੀ ਜੀਵਨ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਬੜਾ ਚਾਅ ਅਤੇ ਉਤਸੁਕਤਾ ਹੁੰਦੀ ਹੈ। ਇਨ੍ਹਾਂ ਛੁੱਟੀਆਂ ਦੌਰਾਨ ਸਾਡੇ ਕੋਲ ਕੁਝ ਨਵਾਂ ਕਰਨ ਦਾ ਸਮਾਂ ਅਤੇ ਮੌਕਾ ਵੀ ਹੁੰਦਾ ਹੈ ਕਿ ਅਸੀਂ ਆਪਣੇ ਸ਼ੌਕ ਨੂੰ ਪੂਰਾ ਕਰਕੇ ਉਸ ਨੂੰ ਨਵੀਂ ਦਿਸ਼ਾ ਦਈਏ ਅਤੇ ਰੁਚੀਆਂ ਨੂੰ ਪੂਰਾ ਕਰ ਸਕੀਏ। ਸਮਾਂ-ਸਾਰਨੀ ਬਣਾ ਕੇ ਇਨ੍ਹਾਂ ਦਿਨਾਂ ਵਿਚ ਤੁਸੀਂ ਪੇਂਟਿੰਗ, ਗੀਤ ਸੰਗੀਤ, ਡਾਂਸ, ਅਤੇ ਸੁੰਦਰ ਲਿਖਾਈ ਆਦਿ ਵਿਚ ਨਿਖਾਰ ਲਿਆ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਤੁਹਾਡੀ ਵਿਅਕਤੀਗਤ ਵੱਖ-ਵੱਖ ਖੇਡਾਂ ਵਿਚ ਰੁਚੀ ਹੈ, ਜਿਵੇਂ ਸਾਈਕਲ ਚਲਾਉਣਾ, ਤੈਰਾਕੀ, ਦੌੜ ਆਦਿ ਤਾਂ ਉਨ੍ਹਾਂ ਦੀ ਚੋਣ ਕਰਕੇ ਤੁਸੀਂ ਆਪਣੀ ਖੇਡ ਨੂੰ ਅੱਗੇ ਲਿਜਾ ਸਕਦੇ ਹੋ। ਇਸ ਲਈ ਤੁਸੀਂ ਕਿਸੇ ਕੋਚ ਜਾਂ ਗਾਈਡ ਅਧਿਆਪਕ ਦੀ ਵੀ ਸਹਾਇਤਾ ਲੈ ਸਕਦੇ ਹੋ, ਪਰ ਯਾਦ ਰੱਖਣਾ ਕਿ ਕੋਚ ਅਜਿਹਾ ਹੋਵੇ ਜਿਸ ਦੀ ਨਿਗਰਾਨੀ ਹੇਠ ਤੁਸੀਂ ਪੂਰੀ ਤਰਾਂ ਸੁਰੱਖਿਅਤ ਮਹਿਸੂਸ ਕਰ ਸਕੋ। ਜੇਕਰ ਤੁਸੀਂ ਕਿਸੇ ਰਿਸ਼ਤੇਦਾਰੀ ਵਿਚ ਜਾਣ ਜਾਂ ਘੁੰਮਣ ਫਿਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਉਥੋਂ ਦਾ ਵਾਤਾਵਰਨ ਅਤੇ ਸਥਿਤੀਆਂ ਨੂੰ ਧਿਆਨ ਵਿਚ ਜ਼ਰੂਰ ਰੱਖੋ। ਗ਼ਰਮੀ ਦਾ ਮੌਸਮ ਹੋਣ ਕਰਕੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਜ਼ਰੂਰੀ ਕੰਮ ਤੋਂ ਬਿਨਾਂ ਨਾ ਜਾਓ। ਇਸ ਦੇ ਨਾਲ-ਨਾਲ ਤੁਸੀਂ ਪੌਦੇ ਲਗਾ ਕੇ ਵੀ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿਚ ਸਹਾਇਕ ਹੋ ਸਕਦੇ ਹੋ, ਜੋ ਕਿ ਸਮੇਂ ਦੀ ਲੋੜ ਵੀ ਹੈ। ਉਪਰੋਕਤ ਰੁਚੀਆਂ ਜਿੱਥੇ ਤੁਹਾਨੂੰ ਸਰੀਰਕ ਤੌਰ 'ਤੇ ਰਿਸ਼ਟ-ਪੁਸ਼ਟ ਰੱਖਣਗੀਆਂ, ਉੱਥੇ ਨਾਲ ਹੀ ਤੁਸੀਂ ਬੇਲੋੜੀ ਅਤੇ ਵਧੇਰੇ ਮੋਬਾਈਲ ਦੀ ਵਰਤੋਂ ਤੋਂ ਵੀ ਦੂਰੀ ਬਣਾ ਕੇ ਰੱਖ ਸਕਦੇ ਹੋ। ਤੁਸੀਂ ਸਰੀਰਕ ਤੇ ਮਾਨਸਿਕ ਤੌਰ 'ਤੇ ਆਪਣੇ-ਆਪ ਨੂੰ ਮਜ਼ਬੂਤ ਮਹਿਸੂਸ ਕਰੋਗੇ। ਛੁੱਟੀਆਂ ਦੌਰਾਨ ਆਪਣੇ ਘਰੇਲੂ ਕੰਮ ਖੁਦ ਕਰਨ ਦੀ ਕੋਸ਼ਿਸ਼ ਕਰੋ, ਪਰ ਮਾਤਾ ਪਿਤਾ ਦੀ ਅਗਵਾਈ ਜ਼ਰੂਰ ਲਓ। ਆਓ, ਗ਼ਰਮੀ ਤੋਂ ਬਚਾਅ ਕਰਕੇ ਆਪਾਂ ਇਨ੍ਹਾਂ ਛੁੱਟੀਆਂ ਨੂੰ ਚੰਗੇ ਅਤੇ ਉਸਾਰੂ ਕੰਮਾਂ ਵਿਚ ਲਗਾ ਕੇ ਯਾਦਗਾਰ ਬਣਾਈਏ ਅਤੇ ਛੁੱਟੀਆਂ ਦਾ ਭਰਪੂਰ ਲੁਤਫ਼ ਲਈਏ।

-ਹੈੱਡ ਟੀਚਰ, ਸ. ਐ. ਸ. ਦੋਦੇ,
ਬਲਾਕ ਗੰਡੀਵਿੰਡ।

ਪਿਛਲੀ ਖ਼ਬਰ ਬਾਲ ਕਵਿਤਾ ਆ ਗਈਆਂ ਛੁੱਟੀਆਂ ਮਨਾਓ ਬੱਚਿਓ ਅਗਲੀ ਖ਼ਬਰ 3 ਜੂਨ ਸਾਈਕਲ ਦਿਵਸ 'ਤੇ ਵਿਸ਼ੇਸ਼ ਬਾਲ ਕਹਾਣੀ ਮੇਰੀ ਸਾਈਕਲ ਸਦਾ ਬਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।