02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗਾ ਮੇਰੇ ਮਨ ਗਾ...

ਅਜੀਤ ਡੈਸਕ 29-03-2026

ਮਨ ਦੀ ਸਭ ਤੋਂ ਕੋਮਲ ਅਵਸਥਾ ਹੁੰਦੀ, ਜਦ ਗਾਉਣ ਨੂੰ ਆਪ-ਮੁਹਾਰੇ ਜੀਅ ਕਰਦਾ ਹੈ | ਜ਼ਰੂਰੀ ਨਹੀਂ ਖੁਸ਼ੀ ਦੀ ਅਵਸਥਾ ਹੋਵੇ, ਇਹ ਵੀ ਜ਼ਰੂਰੀ ਨਹੀਂ ਕਿ ਬਿਰਹਾ, ਵੈਰਾਗ ਜਾਂ ਉਦਾਸੀ ਦੀ ਅਵਸਥਾ 'ਚ ਹੀ ਗਾਉਣ ਦੀ ਜਨਨੀ ਬਣ ਸਕਦੀ ਹੈ | ਇਕੱਲੀ ਇਨਸਾਨੀ ਪ੍ਰਜਾਤੀ ਵਿਚ ਹੀ ਨਹੀਂ, ਗਾਉਣ ਦੀ ਅਵਸਥਾ ਜਾਨਵਰਾਂ, ਪੰਛੀਆਂ ਅਤੇ ਇਥੋਂ ਤੱਕ ਕਿ ਕੀੜਿਆਂ-ਮਕੌੜਿਆਂ ਵਿਚ ਵੀ ਬਰਾਬਰ ਹੈ, ਪਰ ਫਰਕ ਸਿਰਫ ਏਨਾ ਹੀ ਹੈ ਕਿ ਇਨਸਾਨ ਤੋਂ ਇਲਾਵਾ ਬਾਕੀ ਸਭ ਪ੍ਰਜਾਤੀਆਂ ਕੇਵਲ ਅਤੇ ਕੇਵਲ ਖੁਸ਼ੀ ਦੀ ਅਵਸਥਾ ਵਿਚ ਹੀ ਗਾਉਂਦੀਆਂ ਹਨ ਜਦ ਕਿ ਇਨਸਾਨ ਵਿਚ ਇਹ ਗ਼ਮੀ, ਬਿਰਹੋਂ, ਵੈਰਾਗ, ਉਦਾਸੀ, ਬੇਵਸੀ, ਮਜਬੂਰੀ, ਬੇਚੈਨੀ ਵਿਚ ਵੀ ਮੁਮਕਿਨ ਹੋ ਸਕਦੀ ਹੈ | ਹੋਰ ਤਾਂ ਹੋਰ, ਮਾਹੌਲ, ਗਰਮੀ-ਸਰਦੀ, ਰੌਸ਼ਨੀ, ਹਨੇਰਾ ਆਦਿ ਦਾ ਵੀ ਗਾਉਣ ਅਵਸਥਾ ਤੱਕ ਪਹੁੰਚਾ ਦੇਣ ਦੀ ਗਿਣਤੀ ਸਧਾਰਨ ਤੋਂ ਕਿਤੇ ਵੱਧ ਹੈ | ਸੁੰਦਰ ਮਾਹੌਲ, ਕੁਦਰਤ ਦੀ ਗੋਦ, ਨਦੀ ਦਾ ਕਿਨਾਰਾ, ਪਹਾੜਾਂ ਵਿਚ, ਫ਼ਸਲਾਂ ਵਿਚ, ਬਾਗ਼ਾਂ ਵਿਚ, ਫੁਲਵਾੜੀਆਂ ਵਿਚ, ਜੀਅ ਫੜਿਆਂ ਵੀ ਫੜ ਨਹੀਂ ਹੁੰਦਾ ਤੇ ਗਾਉਣ ਨੱਠ-ਨੱਠ ਕੇ ਨਿਕਲਦਾ ਹੈ | ਬਿਰਹੋਂ, ਵੈਰਾਗ, ਉਦਾਸੀ ਹੂਕ ਦੀ ਜਨਨੀ ਹੈ ਤੇ ਜੋ ਬੋਲ ਇਸ ਅਵਸਥਾ ਵਿਚ ਉਪਜਦੇ ਹਨ ਉਨ੍ਹਾਂ ਦਾ ਮੁਕਾਬਲਾ ਬਾਕੀ ਕੁੱਲ ਅਵਸਥਾਵਾਂ ਰਲ ਕੇ ਵੀ ਨਹੀਂ ਕਰ ਸਕਦੀਆਂ | ਅੰਗਰੇਜ਼ੀ ਦੇ ਸਿਰਮੌਰ ਸ਼ਾਇਰ 'ਸ਼ੈਲੇ' ਦਾ ਕਥਨ ਹੈ ਕਿ ਸਾਡੇ ਮਿੱਠੇ ਗੀਤ ਕੇਵਲ ਉਹ ਹੀ ਹਨ ਜਿਨ੍ਹਾਂ ਵਿਚ ਉਦਾਸੀ ਦਾ ਕੋਸਾਪਣ ਹੈ |
ਪੰਛੀਆਂ ਦੇ ਗੀਤਾਂ ਵਿਚ ਕੇਵਲ ਧੁਨ, ਰਵਾਨਗੀ ਅਤੇ ਆਵਾਜ਼ ਹੈ ਜਦ ਕਿ ਇਨਸਾਨ ਦਾ ਰਾਗਾਂ ਵਿਚ ਇਸ ਸਭ ਕਾਸੇ ਦੇ ਨਾਲ-ਨਾਲ 'ਬੋਲ' ਵੀ ਹਨ ਤੇ ਬੋਲ ਜੋ ਬਿਰਹਾ ਵਿਚੋਂ ਉਪਜਦੇ ਹਨ ਉਹ ਪੱਥਰ ਪਾੜ ਦੇਣ ਦੀ ਸ਼ਕਤੀ ਰੱਖਦੇ ਹਨ ਤੇ ਸੁਣਨ ਵਾਲੇ ਨੂੰ ਵਿੰਨ੍ਹ ਕੇ ਸੁੱਟ ਜਾਂਦੇ ਹਨ | ਗਾਉਣ ਵਾਲਾ ਤਾਂ ਗਾ ਕੇ ਤੁਰਦਾ ਬਣਦਾ ਹੈ ਪਰ ਸੁਣਨ ਵਾਲਾ ਉਨ੍ਹਾਂ ਗੀਤਾਂ ਨੂੰ ਸੁਣ ਕੇ ਤੜਫ ਕੇ ਰਹਿ ਜਾਂਦਾ ਹੈ ਤੇ ਬਾਕੀ ਦੀ ਸਾਰੀ ਉਮਰ ਉਨ੍ਹਾਂ ਗੀਤਾਂ ਨੂੰ ਗੁਣ-ਗੁਣਾਉਂਦੇ ਰਹਿਣਾ, ਉਸ ਦੇ ਪੱਲੇ ਪੈ ਜਾਂਦਾ ਹੈ | 'ਮਾਂਗਨੇ ਸੇ ਜੋ ਮੌਤ ਮਿਲ ਜਾਏ, ਕੌਨ ਜੀਤਾ ਇਸ ਜ਼ਮਾਨੇ ਮੇਂ', ਪੁਰਾਣੀ ਫਿਲਮ 'ਸੁਨਹਿਰੇ ਕਦਮ' ਦਾ ਇਹ ਗੀਤ, ਲਤਾ ਮੰਗੇਸ਼ਕਰ ਦਾ ਗਾਇਆ ਹੋਇਆ ਹੈ, ਗਾਉਣ ਬਣਾਉਣ ਵਾਲੇ ਤਾਂ ਆਪਣਾ ਕੰਮ ਕਰਕੇ ਤੁਰਦੇ ਬਣੇ, ਪਰ ਅਗਲੀਆਂ ਪੀੜ੍ਹੀਆਂ ਦੀ ਜਾਨ ਨੂੰ ਸਿਆਪਾ ਪਾ ਗਏ | ਇਸ ਤਰ੍ਹਾਂ ਦੇ ਦਰਦ ਭਰੇ ਬੋਲਾਂ ਵਾਲੇ ਗੀਤ ਸਾਡੇ ਲਈ ਕਿੰਨਾ ਅਨਮੋਲ ਖਜ਼ਾਨਾ ਬਣ ਗਏ ਹਨ | ਹਰ ਰੋਜ਼ ਉਹ ਪੁਰਾਣੇ ਤਵੇ ਝਾੜਦੇ-ਪੂੰਝਦੇ ਰਹਿੰਦੇ ਹਨ, ਰੋਜ਼ ਸੁਣਦੇ ਹਨ ਤੇ ਆਪਣੇ ਖਰਿੰਡ ਆਪ ਛਿੱਲ ਕੇ ਅਜੀਬ ਚੀਸ ਦਾ ਅਨੰਦ ਮਾਣਦੇ ਹਨ | ਇਸ ਤਰ੍ਹਾਂ ਦੇ ਕਿੰਨੇ ਨਗਮੇ ਹਨ ਜੋ ਸਾਡੀ ਸਾਹਰਗ ਵਿਚ ਵੜ ਕੇ ਬੈਠੇ ਹਨ | ਸੰਨ 1973 ਵਿਚ ਮੈਂ ਪੜ੍ਹਾਈ ਵਾਸਤੇ ਅਮਰੀਕਾ ਗਿਆ ਸੀ ਜਿੱਥੇ ਮੈਨੂੰ ਭਾਰਤੀ ਮੂਲ ਦੇ ਇਕ ਵਿਦਿਆਰਥੀ ਕੋਲੋਂ 15-20 ਗਾਣੇ ਮੰਗ ਕੇ ਲਿਆਉਣੇ ਪਏ ਸਨ | ਕਿਉਂ ਜੋ ਜਿਊਾਦੇ ਰਹਿਣ ਲਈ ਜ਼ਰੂਰੀ ਹੋ ਗਏ ਸਨ | ਇਸੇ ਤਰ੍ਹਾਂ ਪੰਛੀਆਂ ਨੂੰ ਵੀ ਰੱਬ ਸੱਚੇ ਨੇ ਕਿੰਨੇ ਸੋਹਣੇ ਸੁਰ ਬਖ਼ਸ਼ੇ ਹਨ | ਕਈ ਪੰਛੀ ਤਾਂ ਜਦ ਗਾਉਂਦੇ ਹਨ ਤਾਂ ਕੁਲ ਕਾਇਨਾਤ ਜਿਵੇਂ ਉਨ੍ਹਾਂ ਦਾ ਗਾਉਣ ਸੁਣਨ ਲਈ ਰੁਕ ਜਾਂਦੀ ਹੈ | ਇਨਸਾਨ ਨੇ ਵੀ ਪੰਛੀ ਸੁਰਾਂ ਨੂੰ ਕਿੰਨਾ ਮਾਣ ਦਿੱਤਾ ਹੈ ਕਿ ਗੀਤ ਸੰਗੀਤ ਦੇ ਨਾਮੀ ਚਿੰਨ ਇਨ੍ਹਾਂ ਗਾਇਕ ਪੰਛੀਆਂ ਦੇ ਨਾਂਅ 'ਤੇ ਬਣਾਏ ਗਏ ਹਨ | ਸਾਡੀ ਲੋਕ ਗਾਇਕਾ ਸੁਰਿੰਦਰ ਕੌਰ ਨੂੰ ਪੰਜਾਬ ਦੀ 'ਕੋਇਲ'” ਦਾ ਖ਼ਿਤਾਬ ਪ੍ਰਾਪਤ ਹੈ | ਜ਼ਿਕਰਯੋਗ ਹੈ ਕਿ ਮਾਨਸਿਕ ਰੋਗੀਆਂ ਦੇ ਇਲਾਜ ਵਿਚ ਸੰਗੀਤ ਦੇ ਇਸਤੇਮਾਲ ਦੇ ਤਜਰਬੇ ਸਫਲ ਸਾਬਿਤ ਹੋਏ ਹਨ | ਬਾਲ ਵਿੱਦਿਆ ਵਿਚ 'ਸੰਗੀਤ' ਲਾਜ਼ਮੀ ਵਿਸ਼ਾ ਐਵੇਂ ਨਹੀਂ ਬਣਿਆ | ਰਹੀ ਗੱਲ ਮੌਸਮ ਦੀ, ਕੀਟ ਵਿਗਿਆਨ ਵਿਚ ਇਹ ਤੱਥ ਬਾਖੂਬੀ ਸ਼ਾਮਿਲ ਹੈ, ਕਿ ਗਰਮੀ ਤੇ ਸਰਦੀ ਦਾ ਕੀਟ ਜਗਤ ਦੀ ਗਾਇਕੀ 'ਤੇ ਸਿੱਧਾ ਅਸਰ ਪੈਂਦਾ ਹੈ | ਕਈ ਕੀੜੇ ਅੱਤ ਗਰਮੀ ਵਿਚ ਗਾਉਂਦੇ ਹਨ ਤੇ ਕਈ ਅੱਤ ਸਰਦੀ ਵਿਚ, ਕਈ ਨਿੱਘੀ ਧੁੱਪ ਵਿਚ ਤੇ ਕਈ ਤੜਕਸਾਰ, ਕਈ ਰਾਤ ਨੂੰ | ਇਸ ਲੇਖ ਦੇ ਅੰਤ ਵਿਚ, ਪੰਜਾਬ ਦੀ ਧਰਤੀ 'ਤੇ ਸੁੰਦਰ ਗਾਇਕੀ ਦੇ ਮੋਹਰੀਦਾਰ ਪੰਛੀਆਂ ਦੀ ਸੂਚੀ ਵਿਚ ਮੈਂ ਇਕ ਅਦਭੁੱਤ ਪੰਛੀ ਦੀ ਪਹਿਚਾਣ ਦੁਹਰਾਉਣਾ ਚਾਹੁੰਦਾ ਹਾਂ ਜਿਸ ਦੀ ਗਾਇਕੀ ਨੇ ਮੈਨੂੰ ਗਦ-ਗਦ ਕੀਤਾ ਪਿਆ ਹੈ, ਉਹ ਹੈ 'ਟੋਟਰੂ' ਅੰਗਰੇਜ਼ੀ ਵਿਚ ਜਿਸ ਨੂੰ Laughing 4ove ਕਹਿੰਦੇ ਹਨ | ਪੰਜਾਬ ਵਿਚ ਤੇਜ਼ੀ ਨਾਲ ਖ਼ਤਮ ਹੁੰਦੀ ਜਾ ਰਹੀ ਹੈ ਇਹ ਪ੍ਰਜਾਤੀ, ਕਿਧਰੇ ਅਲੋਪ ਹੀ ਨਾ ਹੋ ਜਾਵੇ | ਇਸ ਲੜੀ ਵਿਚ ਸ਼ਾਮਿਲ ਕਰਨ ਵਾਸਤੇ ਮੈਂ ਟੋਟਰੂ ਦੀ ਇਕ ਤਸਵੀਰ ਆਪਣੇ ਘਰ ਦੇ ਵਿਹੜੇ ਵਿਚੋਂ ਖਿੱਚੀ ਸੀ |

-ਐਡਵੋਕੇਟ ਫਿਲੌਰ, ਵਾਸੀ- ਪਿੰਡ ਥੰਮਣਵਾਲ
ਮੋਬਾਈਲ : 98722-56005

ਪਿਛਲੀ ਖ਼ਬਰ 29-03-26 ਅਗਲੀ ਖ਼ਬਰ ਡਾਕਟਰ ਜਗਤਾਰ ਨੂੰ ਯਾਦ ਕਰਦਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।