02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਰਸਾਤ ਦੇ ਮੌਸਮ ਦਾ ਹਰਾ ਹਕੀਮ-ਹਜਾਰਦਾਣਾ

ਅਜੀਤ ਡੈਸਕ 21-06-2026

ਹਜਾਰਦਾਣੇ ਦੀਆਂ ਖੂਬੀਆਂ ਤੋਂ ਬੜੇ ਘੱਟ ਲੋਕ ਜਾਣੂ ਨੇ। ਇਸ ਨੂੰ ਭੂਮੀ ਆਂਵਲ਼ਾ, ਹਜਾਰਮਣੀ ਅਤੇ ਤਾਮਲਕੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂਅ ਫਾਈਲੈਂਥਸ ਨਿਰੂਰੀ (Ph਼&&anthus n}rur}) ਹੈ। ਇਸ ਦੇ ਪੌਦੇ ਜੂਨ ਮਹੀਨੇ ਦੀ ਪਹਿਲੀ ਬਰਸਾਤ ਤੋਂ ਉੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਰਦੀਆਂ ਵਿਚ ਮਰ ਜਾਂਦੇ ਹਨ। ਇਹ ਕੋਈ ਡੇਢ ਕੁ ਫੁੱਟ ਤੱਕ ਉੱਚੇ ਹੋ ਜਾਂਦੇ ਹਨ ਅਤੇ ਨਰਮ ਹੁੰਦੇ ਹਨ। ਖਾਲੀ ਪਏ ਜਾਂ ਤਾਜ਼ੇ ਵਗੇ ਹੋਏ ਖੇਤਾਂ ਵਿਚ ਨਮੀਂ ਵਾਲ਼ੀਆਂ ਥਾਵਾਂ 'ਤੇ ਬਰਸਾਤਾਂ ਵਿਚ ਇਹ ਪੌਦੇ ਆਮ ਦੇਖੇ ਜਾ ਸਕਦੇ ਹਨ। ਇਹ ਦਿੱਖ ਤੋਂ ਜੰਤਰ ਜਾਂ ਰਹਿਸਣ (ਢੈਂਚੇ) ਦੇ ਪੌਦੇ ਦਾ ਭੁਲੇਖਾ ਪਾਉਂਦੇ ਹਨ ਜਿਸ ਨੂੰ ਅਸੀਂ ਹਰੀ ਖਾਦ ਵਜੋਂ ਵਰਤਦੇ ਹਾਂ। ਪਰ ਜੰਤਰ ਦਾ ਪੌਦਾ ਵਧਦਾ ਚਲਿਆ ਜਾਂਦਾ ਹੈ ਜਦਕਿ ਹਜਾਰਦਾਣਾ ਛੋਟਾ ਜਿਹਾ ਹੀ ਰਹਿ ਜਾਂਦਾ ਹੈ। ਇਸ ਦਾ ਤਣਾ ਪਤਲਾ ਅਤੇ ਹਰਾ ਹੁੰਦਾ ਹੈ ਜਿਸ 'ਤੇ ਕਈ ਟਾਹਣੀਆਂ ਲੱਗੀਆਂ ਹੁੰਦੀਆਂ ਹਨ। ਇਸ ਦੇ ਪੱਤੇ ਲੰਬੇ ਆਂਡਾਕਾਰ, ਉੱਪਰੋਂ ਚਮਕਦਾਰ ਹਰੇ ਅਤੇ ਹੇਠਾਂ ਤੋਂ ਹਰੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਪੱਤੇ ਡੰਡੀਆਂ ਦੇ ਦੋਵੇਂ ਪਾਸਿਆਂ 'ਤੇ ਬਦਲਵੇਂ ਪੈਟਰਨ ਨਾਲ ਕਤਾਰ ਵਿਚ ਚਿਣੇ ਹੁੰਦੇ ਹਨ। ਇਨ੍ਹਾਂ ਡੰਡੀਆਂ ਦੇ ਹੇਠਾਂ ਕਤਾਰ ਵਿਚ ਛੋਟੇ-ਛੋਟੇ ਦਾਣੇਦਾਰ ਫਲ਼ ਜਾਂ ਬੀਜ ਲੱਗੇ ਹੁੰਦੇ ਹਨ ਜੋ ਪਹਿਲਾਂ ਹਰੇ ਹੁੰਦੇ ਹਨ ਅਤੇ ਬਾਅਦ ਵਿਚ ਭੂਰੇ ਹੋ ਜਾਂਦੇ ਹਨ। ਇਹ ਪੌਦਾ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਕਈ ਹੋਰ ਦੇਸ਼ਾਂ ਵਿਚ ਵੀ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਚਵਨਪ੍ਰਾਸ਼ ਵਿਚ ਪਾਇਆ ਜਾਂਦਾ ਹੈ ਅਤੇ ਆਯੁਰਵੇਦ ਵਿਚ ਇਸ ਪੌਦੇ ਦੀ ਵਰਤੋਂ 150 ਤੋਂ ਵੀ ਵੱਧ ਦਵਾਈਆਂ ਵਿਚ ਕੀਤੀ ਜਾਂਦੀ ਹੈ। ਇਸ ਵਿਚ ਪੋਟਾਸ਼ੀਅਮ, ਫਾਸਫੋਰਸ ਅਤੇ ਵਿਟਾਮਿਨ-ਏ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਸੋਡੀਅਮ, ਆਇਰਨ, ਕੈਲਸ਼ੀਅਮ, ਮੈਗਨੀਜ਼, ਮੈਗਨੀਸ਼ੀਅਮ, ਜ਼ਿੰਕ ਅਤੇ ਤਾਂਬਾ ਵੀ ਮਿਲ਼ਦਾ ਹੈ। ਇਸ ਪੌਦੇ ਵਿਚ ਵਿਟਾਮਿਨ-ਬੀ, ਵਿਟਾਮਿਨ-ਡੀ, ਵਿਟਾਮਿਨ-ਈ ਅਤੇ ਵਿਟਾਮਿਨ-ਕੇ ਵੀ ਮਿਲਦਾ ਹੈ। ਇਸ ਪੌਦੇ ਦੇ ਸਾਰੇ ਭਾਗ ਵਰਤਣਯੋਗ ਹੁੰਦੇ ਹਨ। ਇਹ ਠੰਢੀ ਤਾਸੀਰ ਦਾ ਪੌਦਾ ਹੈ ਅਤੇ ਇਸਦਾ ਗੁਣ ਲਘੂ ਮੰਨਿਆ ਜਾਂਦਾ ਹੈ। ਲਘੂ ਗੁਣ ਦਾ ਮਤਲਬ ਹੈ ਕਿ ਖਾਣ ਤੋਂ ਬਾਅਦ ਇਹ ਪੇਟ ਨੂੰ ਹਲਕਾਪਣ ਮਹਿਸੂਸ ਕਰਵਾਉਂਦਾ ਹੈ। ਇਸ ਪੌਦੇ ਦੀ ਵਰਤੋਂ ਕਫ ਅਤੇ ਪਿੱਤ ਦੇ ਦੋਸ਼ ਨੂੰ ਦਰੁੱਸਤ ਕਰਦੀ ਹੈ। ਹੋਮਿਓਪੈਥੀ ਵਿਚ ਇਸ ਪੌਦੇ ਦੇ ਵਿਗਿਆਨਿਕ ਨਾਂਅ ਦੀ ਦਵਾਈ ਫਾਈਲੈਂਥਸ ਨਿਰੂਰੀ ਮਿਲ਼ਦੀ ਹੈ ਜਿਸ ਨੂੰ ਪੀਲ਼ੀਆ, ਫੈਟੀ ਲਿਵਰ, ਜਿਗਰ ਦੀ ਸੋਜ ਠੀਕ ਕਰਨ, ਗੁਰਦੇ ਦੀ ਪੱਥਰੀ ਕੱਢਣ, ਪਿਸ਼ਾਬ ਨਾਲੀ ਦੀ ਇਨਫੈਕਸ਼ਨ ਦੂਰ ਕਰਨ ਅਤੇ ਪਾਚਣ ਕਿਰਿਆ ਨੂੰ ਦਰੁੱਸਤ ਕਰਨ ਆਦਿ ਵਾਸਤੇ ਵਰਤਿਆ ਜਾਂਦਾ ਹੈ।
ਇਸ ਪੌਦੇ ਦਾ ਰਸ, ਚੂਰਨ ਅਤੇ ਕਾੜ੍ਹਾ ਬਣਾ ਕੇ ਵਰਤਿਆ ਜਾ ਸਕਦਾ ਹੈ। ਇਸ ਪੌਦੇ ਦੀ ਵਰਤੋਂ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਹੈ, ਜਿਸ ਕਾਰਨ ਇਹ ਵਧੇ ਹੋਏ ਬਲੱਡ ਪ੍ਰੈਸ਼ਰ ਲਈ ਲਾਭਕਾਰੀ ਹੈ। ਇਹ ਪੌਦਾ ਪੱਥਰੀ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਇਹ ਸਾਡੇ ਗੁਰਦਿਆਂ ਵਿਚੋਂ ਹਾਨੀਕਾਰਕ ਤੱਤ ਖਾਸ ਕਰਕੇ ਪੱਥਰੀ ਬਣਾਉਣ ਵਾਲ਼ੇ ਔਗਜ਼ਾਲੇਟ ਕ੍ਰਿਸਟਲਜ਼ (®xa&ate cr਼sta&s) ਨੂੰ ਬਾਹਰ ਕੱਢ ਦਿੰਦਾ ਹੈ, ਉਨ੍ਹਾਂ ਨੂੰ ਮੁੜ ਤੋਂ ਬਣਨ ਨਹੀਂ ਦਿੰਦਾ। ਇਹ ਗੁਰਦੇ ਵਿਚੋਂ ਯੂਰਿਕ ਐਸਿਡ ਅਤੇ ਕੈਲਸ਼ੀਅਮ ਦੇ ਪੱਧਰ ਨੂੰ ਘਟਾਉਂਦਾ ਹੈ। ਇਹ ਜਿਗਰ ਦੀ ਸੋਜ਼, ਪਿੱਤੇ ਦੀ ਸੋਜ਼, ਪੀਲ਼ੀਏ ਅਤੇ ਜਿਗਰ ਦੀ ਕਮਜ਼ੋਰੀ ਨੂੰ ਠੀਕ ਕਰਦਾ ਹੈ। ਇਹ ਜਿਗਰ ਵਿਚੋਂ ਹਾਨੀਕਾਰਕ ਤੱਤ ਬਾਹਰ ਕਢਦਾ ਹੈ ਅਤੇ ਉਸ ਨੂੰ ਪੁਨਰ ਸੁਰਜੀਤ ਕਰਦਾ ਹੈ।
ਹਜਾਰਦਾਣੇ ਵਿਚ ਕੈਂਸਰ ਦੇ ਸੈੱਲਾਂ ਦੇ ਵਿਕਾਸ ਅਤੇ ਵਾਧੇ ਨੂੰ ਰੋਕਣ ਦੀ ਜ਼ਬਰਦਸਤ ਸਮਰੱਥਾ ਹੁੰਦੀ ਹੈ। ਪਿਸ਼ਾਬ ਨਾਲ ਸੰਬੰਧਿਤ ਸਮੱਸਿਆਵਾਂ ਠੀਕ ਕਰਨ ਲਈ ਇਸ ਪੌਦੇ ਦੀ ਵਰਤੋਂ ਪੁਰਾਣੇ ਸਮਿਆਂ ਤੋਂ ਕੀਤੀ ਜਾਂਦੀ ਹੈ। ਇਹ ਪਿਸ਼ਾਬ ਦੀ ਨਾਲੀ ਨੂੰ ਸਾਫ ਰੱਖਦਾ ਹੈ ਅਤੇ ਪਿਸ਼ਾਬ ਦੀ ਜਲਣ, ਇਨਫੈਕਸ਼ਨ ਅਤੇ ਰੁਕਾਵਟ ਦੂਰ ਕਰਨ ਵਿਚ ਮਦਦਗਾਰ ਹੈ।
ਹਜਾਰਦਾਣਾ ਗਲੂਕੋਜ਼ ਨੂੰ ਤੋੜਨ ਵਿਚ ਅਤੇ ਇਨਸੂਲਿਨ ਸੰਵੇਦਨਸ਼ੀਲਤਾ ਨੂੰ ਵਧਾਉਣ ਵਿਚ ਕਿਰਿਆਸ਼ੀਲ ਪਾਇਆ ਗਿਆ ਹੈ। ਇਸ ਕਰਕੇ ਇਹ ਖੂਨ ਵਿਚ ਸ਼ੂਗਰ ਨੂੰ ਘਟਾਉਂਦਾ ਹੈ।
ਹਜਾਰਦਾਣੇ ਦੀ ਵਰਤੋਂ ਸਮੇਂ ਸ਼ਰਾਬ ਦਾ ਸਖ਼ਤ ਪਰਹੇਜ ਰੱਖਣਾ ਚਾਹੀਦਾ ਹੈ। ਸ਼ਰਾਬ ਇਸ ਦੇ ਚੰਗੇ ਪ੍ਰਭਾਵ ਨੂੰ ਘੱਟ ਜਾਂ ਖਤਮ ਕਰ ਦਿੰਦੀ ਹੈ। ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲ਼ੀਆਂ ਮਾਵਾਂ ਨੂੰ ਇਸ ਦੀ ਵਰਤੋਂ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਇਸ ਪੌਦੇ ਦੀ ਲੋੜ ਤੋਂ ਵੱਧ ਮਾਤਰਾ ਲੈਣ ਨਾਲ ਪੇਟ ਦਰਦ ਹੋ ਸਕਦਾ ਹੈ ਅਤੇ ਦਸਤ ਵੀ ਲੱਗ ਸਕਦੇ ਹਨ, ਇਸ ਲਈ ਇਸ ਨੂੰ ਨਿਯਮਿਤ ਮਾਤਰਾ ਵਿਚ ਹੀ ਲੈਣਾ ਚਾਹੀਦਾ ਹੈ।

-ਮੋਬਾਈਲ : 8558831900

ਪਿਛਲੀ ਖ਼ਬਰ Var1 ਅਗਲੀ ਖ਼ਬਰ ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।