15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੋਆ ਦੀ ਆਜ਼ਾਦੀ ਦਾ ਮਹਾਨ ਸ਼ਹੀਦ : ਕਰਨੈਲ ਸਿੰਘ ਈਸੜੂ

ਗੋਆ ਦੀ ਆਜ਼ਾਦੀ ਦਾ ਮਹਾਨ ਸ਼ਹੀਦ : ਕਰਨੈਲ ਸਿੰਘ ਈਸੜੂ

ਅਜੀਤ ਡੈਸਕ 15-08-2026

ਜਦੋਂ ਅਸੀ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਤੇ ਊਧਮ ਸਿੰਘ ਤੋ ਇਲਾਵਾ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦਾ ਨਾਂਅ ਵੀ ਸ਼ਹੀਦਾਂ ਵਾਲੀ ਕਤਾਰ ਦੀਆਂ ਸਫ਼ਾਂ 'ਚ ਵਿਖਾਈ ਦਿੰਦਾ ਹੈ। ਇਸ ਦੇ ਬਾਵਜੂਦਬਹੁਤੇ ਦੇਸ਼ਵਾਸੀ ਮਾਸਟਰ ਕਰਨੈਲ ਸਿੰਘ ਈਸੜੂ ਦੀ ਕੁਰਬਾਨੀ ਤੋਂ ਵਾਕਫ਼ ਨਹੀਂ ਹਨ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜਿਸ ਨੇ 15 ਅਗਸਤ 1955 ਨੂੰ ਭਾਰਤ ਦੇ ਹਿੱਸੇ ਗੋਆ, ਦਮਨ, ਦਿਓ (ਜਿਸ ਤੇ ਪੁਰਗਲੀਆਂ ਦਾ ਕਬਜ਼ਾ ਸੀ) ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ। ਖੰਨਾ ਤੋਂ 12 ਕਿਲੋਮੀਟਰ ਦੂਰ ਖੰਨਾ ਮਲੇਰਕੋਟਲਾ ਰੋਡ ਤੇ ਸਥਿਤ ਹੈ।
ਉਨ੍ਹਾਂ ਦਾ ਜਨਮ 1929 ਨੂੰ ਚੱਕ ਨੰਬਰ 50, ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਬਾਪੂ ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਮਾਸਟਰਕਰਨੈਲ ਸਿੰਘ ਤਿੰਨ ਭੈਣਾਂ ਤੇ ਦੋ ਭਰਾਂਵਾਂ ਚੋਂ ਸਭ ਤੋ ਛੋਟਾ ਸੀ। ਉਨ੍ਹਾਂ ਦੇ ਪਿਤਾ ਸੁੰਦਰ ਸਿੰਘ ਬਰਤਾਨਵੀ ਫ਼ੌਜ ਨੌਕਰੀ ਕਰਦੇ ਸਨ। ਕਰਨੈਲ ਸਿੰਘ ਨੇਮੁੱਢਲੀ ਸਿਖਿਆ ਖੁਸਪੁਰ ਦੇ ਮਿਸ਼ਨਰੀ ਸਕੂਲ ਤੋ ਕੀਤੀ। ਜਿੱਥੇ ਉਨ੍ਹਾ ਦੇ ਵੱਡੇ ਭਰਾ ਤਖਤ ਸਿੰਘ ਹੈਡਮਾਸਟਰ ਲੱਗੇ ਹੋਏ ਸਨ। ਉਹ ਆਪਣੇ ਨਿੱਘੇ ਸੁਭਾਅ ਤੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਆਪਣੇ ਸਾਥੀਆਂ 'ਚ ਬੜਾ ਹਰਮਨ ਪਿਆਰਾ ਸੀ। ਜਗਰਾਉਂ ਤੋ ਅਧਿਆਪਕ ਟ੍ਰੇਨਿੰਗ ਕਰਨ ਉਪਰੰਤ ਉਹ ਕੁਝ ਵਕਤ ਖੰਨੇ ਨੇੜੇ ਪੈਂਦੇ ਪਿੰਡ ਬੰਬਾਂ 'ਚ ਅਧਿਆਪਕ ਵੀ ਲੱਗਾ। ਬਤੌਰ ਅਧਿਆਪਕ ਹੁੰਦਿਆਂ ਮਾਸਟਰ ਕਰਨੈਲ ਸਿੰਘ ਈਸੜੂ ਅਧਿਆਪਕ ਯੂਨੀਅਨ 'ਚ ਵਧ ਚੜ੍ਹ ਕੇ ਹਿੱਸਾ ਲੈਦਾ। ਦੇਸ਼ ਭਗਤੀ ਦੀ ਅਸਲ ਚੇਟਕ ਕਰਨੈਲ ਸਿੰਘ ਨੂੰ ਆਪਣੇ ਚਾਚਾ ਜਵਾਹਰ ਸਿੰਘ ਤੋਂ ਲੱਗੀ। ਜਿਹੜੇ ਗਦਰ ਲਹਿਰ ਵਿਚ ਹਰਕਾਰੇ ਦੇ ਤੌਰ 'ਤੇ ਖ਼ੁਫੀਆ ਸਫ਼ਾਂ 'ਚ ਕੰਮ ਕਰਦੇ ਸਨ।
ਇਸੇ ਦੌਰਾਨ ਗੋਆ, ਦਮਨ, ਦਿਓ ਦੀ ਸੁਤੰਰਤਤਾ ਸੰਬੰਧੀ ਦੇਸ਼ ਦੇ ਇਨਕਲਾਬੀਆਂ ਨੇ ਸਾਰੇ ਸੂਬਿਆਂ ਦੇ ਨੌਜਵਾਨਾਂ ਨੂੰ ਸਤਿਆਗ੍ਰਹਿ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਜਿੱਥੇ ਅਜੇ ਵੀ ਪੁਰਤਗਾਲੀਆਂ ਦਾ ਕਬਜ਼ਾ ਸੀ। ਪੰਜਾਬ ਤੋ ਇਕ ਪਾਰਟੀ ਕਾਮਰੇਡ ਕਿਸ਼ੋਰੀ ਲਾਲ ਦੀ ਅਗਵਾਈ 'ਚ ਸੱਤਿਆਗ੍ਰਹਿ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਈ। ਕਹਿੰਦੇ ਹਨ ਕੇ ਮਾਸਟਰ ਕਰਨੈਲ ਸਿੰਘ ਨੂੰ ਇੰਨਾ ਲੋਕਾਂ ਨੇ ਪਾਰਟੀ 'ਚ ਸ਼ਾਮਿਲ ਹੋਣ ਦੀ ਆਗਿਆ ਨਾ ਦਿੱਤੀ। ਕਰਨੈਲ ਸਿੰਘ ਆਪਣੀ ਘੜੀ ਤੇ ਸਾਈਕਲ ਵੇਚ ਕੇ ਅਤੇ ਕੁਝ ਰੁਪਏ ਪੈਸੇ ਦੋਸਤ ਮਿੱਤਰਾਂ ਤੋ ਉਧਾਰੇ ਫੜ ਲੁਧਿਆਣੇ ਤੋ ਮੁੰਬਈ ਵਾਸਤੇ ਗੱਡੀ ਚੜ੍ਹ ਗਿਆ। ਮੁੰਬਈ ਰੇਲਵੇ ਸਟੇਸ਼ਨ 'ਤੇ 12 ਅਕਤੂਬਰ 1955 ਨੂੰ ਉਹ ਪੰਜਾਬੀ ਸਤਿਆਗ੍ਰਹਿ ਟੋਲੀ ਵਿਚ ਜਾ ਕੇ ਸ਼ਾਮਿਲ ਹੋ ਗਿਆ। ਹੁਣ ਰਾਸ਼ਟਰੀ ਸੱਤਿਆਗ੍ਰਹਿ ਜਥੇ ਦੀ ਕਮਾਂਡ ਇਕ ਬੰਗਾਲੀ ਕਾਮਰੇਡ ਚੇਤਨਾ ਦੇ ਹਵਾਲੇ ਕਰ ਦਿੱਤੀ ਗਈ। ਜਿਵੇਂ ਵੀ ਹੋ ਸਕਿਆ ਸਾਰੇ ਅੰਦੋਲਨਕਾਰੀ 15 ਅਗਸਤ 1955 ਨੂੰ ਸਵੇਰ ਹੋਣ ਤੱਕ ਗੋਆ ਦੀ ਸਰਹੱਦ ਤੋਂ ਪਹਿਲਾਂ, ਅੱਧਾ ਕਿਲੋਮੀਟਰ ਦੀ ਦੂਰੀ 'ਤੇ ਇਕੱਠੇ ਹੋ ਗਏ। ਗੋਆ ਦੀ ਧਰਤੀ ਉੱਤੇ ਪੈਰ ਰੱਖਣ ਤੋ ਪਹਿਲਾਂ ਗੀਤ ਗਾਏ ਗਏ ਤੇ ਭੰਗੜੇ ਪਾਏ ਗਏ, ਜਿਸ ਦੀ ਅਗਵਾਈ ਕਰਨੈਲ ਸਿੰਘ ਨੇ ਖੁਦ ਕੀਤੀ, ਕੌਮੀ ਝੰਡਾ ਲਹਿਰਾਇਆ ਗਿਆ। ਇਸ ਪਿੱਛੋਂ ਪੁਰਤਗਾਲੀਆਂ ਵੱਲੋਂ ਦਿੱਤੀ ਚਿਤਾਵਨੀ ਦੀ ਪ੍ਰਵਾਹ ਨਾ ਕਰਦਿਆਂ ਗੋਆ ਦੀ ਸਰਹੱਦ ਅੰਦਰ 4-4 ਦੀਆਂ ਟੁਕੜੀਆਂ 'ਚ ਨਾਅਰੇ ਮਾਰਦੇ ਦਾਖਲ ਹੋਣ ਲੱਗੇ। ਸਾਮਰਾਜੀ ਸਿਪਾਹੀਆਂ ਨੇ ਗੋਲੀਆਂ ਦੀ ਪਹਿਲੀ ਬੁਛਾੜ ਦਰਖ਼ਤਾਂ ਵੱਲ ਕੀਤੀ। ਜਦੋ ਸਿੱਧੀ ਗੋਲਾਬਾਰੀ ਹੋਈ ਤਾ ਕੁੱਝ ਗੋਲੀਆਂ ਕਾਮਰੇਡ ਚੇਤਨਾ ਨੂੰ ਲੱਗੀਆਂ। ਜ਼ਖ਼ਮੀ ਚੇਤਨਾ ਕੋਲੋਂ ਝੰਡਾ ਡਿੱਗਣ ਹੀ ਲੱਗਾ ਸੀ ਕਿ ਕਰਨੈਲ ਸਿੰਘ ਇਕਦਮ ਤੇਜੀ ਨਾਲ ਅੱਗੇ ਵਧਿਆ ਤੇ ਰਾਸ਼ਟਰੀ ਝੰਡਾ ਫੜ ਲਿਆ। ਬਸ ਫੇਰ ਕੀ ਸੀ! ਦੋ ਗੋਲੀਆਂ ਸਿੱਧੀਆਂ ਕਰਨੈਲ ਸਿੰਘ ਦੀ ਛਾਤੀ 'ਚ ਵੱਜੀਆਂ। ਉਹ ਬੋਲੇ ਸੋ ਨਿਹਾਲ ਤੇ ਇੰਕਲਾਬ ਜਿੰਦਾਬਾਦ ਦੇ ਨਾਅਰੇ ਮਾਰਦਾ ਹੋਇਆ ਗੋਆ ਦੇ ਇਸ ਖਿੱਤੇ ਲਈ ਆਪਣੀ ਕੁਰਬਾਨੀ ਦੇ ਗਿਆ ਅਤੇ ਪਿੰਡ ਈਸੜੂ (ਪੰਜਾਬ) ਭਾਰਤ ਦੇ ਲੋਕਾਂ ਦਾ ਮਾਰਗ ਦਰਸ਼ਕ ਬਣ ਗਿਆ। ਗੋਆ ਦੇ ਸਾਰੇ ਸ਼ਹੀਦਾਂ ਦਾ ਸਸਕਾਰ ਪੂਨਾ ਵਿਖੇ ਹੀ ਕੀਤਾ ਗਿਆ। ਉਨ੍ਹਾਂ ਦੀ ਸ਼ਹੀਦੀ ਤੋ 6 ਵਰ੍ਹੇ ਮਗਰੋਂ 1961 'ਚ ਗੋਆ ਆਜ਼ਾਦ ਹੋਇਆ।
ਗੋਆ ਵਿਚ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦਗਾਰ ਅਤੇ ਉਨ੍ਹਾਂ ਦੇ ਨਾਂਅ 'ਤੇ ਸਰਕਾਰੀ ਸਕੂਲ ਬਣਿਆ ਹੋਇਆ ਹੈ। ਪਟ੍ਰਾਦੇਵੀ (ਪਰਨੇਮ ਤਾਲੁਕ ਉੱਤਰੀ ਗੋਆ) ਪਿੰਡ ਵਿਚ ਇਹ ਯਾਦਗਾਰ ਸਥਿਤ ਹੈ। ਇਸ ਤੋਂ ਇਲਾਵਾ ਇਸੇ ਸਕੂਲ ਵਿਚ 15 ਅਗਸਤ 2015 ਨੂੰ ਉਨਾਂ ਦਾ ਕਾਸ਼ੀ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ। ਖ਼ਾਸ ਗੱਲ ਇਹ ਕਿ ਪਿੰਡ ਈਸੜੂ ਦਾ ਕੋਈ ਵੀ ਵਸਨੀਕ ਗੋਆ 'ਚ ਸਟੇਟ ਗੈਸਟ ਹੁੰਦਾ ਹੈ ।

ਪਿਛਲੀ ਖ਼ਬਰ ਮਹਾਂਸ਼ਕਤੀ ਬਣਨ ਲਈ ਸਰਬਪੱਖੀ ਵਿਕਾਸ ਦੀ ਲੋੜ ਅਗਲੀ ਖ਼ਬਰ ਦੋ ਦੋਸਤ, ਜੋ ਆਜ਼ਾਦੀ ਤੋਂ ਬਾਅਦ ਕਦੇ ਨਾ ਮਿਲ ਸਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।