29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਾਰੂਥਲ ਵਿਚ ਉੱਗਿਆ ਗੁਲਾਬ ਰੇਸ਼ਮਾ

ਮਾਰੂਥਲ ਵਿਚ ਉੱਗਿਆ ਗੁਲਾਬ ਰੇਸ਼ਮਾ

ਅਜੀਤ ਡੈਸਕ 29-11-2026

ਰੇਸ਼ਮਾ ਟਿੱਬਿਆਂ ਦੀ ਧੀ ਸੀ | ਮਖ਼ਮਲੀ ਸੁਰਾਂ ਦੀ ਮਲਿਕਾ…ਵਾਹਗੇ ਦੀ ਲੀਕ ਦੇ ਆਰ-ਪਾਰ ਗੂੰਜਦੀ ਆਵਾਜ਼-ਏ-ਖ਼ਲਕ... | ਉਸ ਦੇ ਗੀਤ ਸ਼ੱਕਰ ਦੀ ਮਿਠਾਸ ਨਾਲ ਲਬਰੇਜ਼ ਹੁੰਦੇ, ਉਸ ਦੀ ਹੇਕ ਵਿਚ ਬਿਰਹਾ ਦੀ ਹੂਕ ਸੁਣਾਈ ਦਿੰਦੀ | ਜਦੋਂ ਉਸ ਦੇ ਬੋਲ 'ਸ਼ਹਿਰ ਭੰਬੋਰ ਦੀਓ ਨੀ ਕੁੜੀਓ...' ਹਵਾ ਵਿਚ ਘੁਲਦੇ, ਤਾਂ ਕਾਇਨਾਤ ਵੀ ਸਾਹ ਰੋਕ ਸੁਣਦੀ | ਉਸ ਦੀ '...ਲੰਬੀ ਜੁਦਾਈ...' ਸੁਣ ਪੌਣਾਂ ਉਦਾਸ ਹੋ ਜਾਂਦੀਆਂ | 'ਹਾਏ ਓ ਰੱਬਾ, ਨਹੀਓਾ ਲੱਗਦਾ ਦਿਲ ਮੇਰਾ...' ਬੰਬੀਹੇ ਦੀ ਕੂਕ ਵਾਂਗਰਾਂ ਚਾਰ-ਚੁਫੇਰੇ ਘਨਘੋਰ ਘਟਾ ਬਣ ਅੰਬਰ 'ਤੇ ਛਾ ਜਾਂਦੀ | ਰੇਸ਼ਮਾ ਜਦੋਂ ਵਜਦ ਵਿਚ ਗਾਉਂਦੀ ਤਾਂ ਸਰੋਤੇ ਬੁੱਤ ਬਣ ਬੈਠਦੇ, ਮਤੇ ਮੋਤੀਆਂ ਦੀ ਸ਼ਬਦ-ਮਾਲਾ ਦਾ ਕੋਈ ਮਣਕਾ ਬਿਖਰ ਜਾਵੇ!

ਰੇਤਲੇ ਰਾਜਸਥਾਨ ਦੀ ਰਿਆਸਤ ਬੀਕਾਨੇਰ ਦੇ ਰਤਨਗੜ੍ਹ ਤੋਂ ਤਿੰਨ ਮੀਲ ਦੂਰ ਪਿੰਡ ਲੋਹਾ ਵਿਚ ਜਨਮੀ ਸੀ ਇਹ ਮਾਰੂਫ਼ ਫ਼ਨਕਾਰਾ… ਦੇਸ਼ ਦੀ ਵੰਡ ਦੇ ਨੇੜੇ-ਤੇੜੇ | ਪਿਤਾ ਹਾਜੀ ਮੁਹੰਮਦ ਮੁਸ਼ਤਾਕ ਊਠਾਂ ਘੋੜਿਆਂ ਦਾ ਵਪਾਰ ਕਰਦਾ | ਵਣਜਾਰਾ ਕਬੀਲਾ ਸੀ, ਉਨ੍ਹਾਂ ਦਾ | ਕਦੇ ਇੱਥੇ, ਕਦੇ ਉੱਥੇ | ਕਾਫ਼ਲੇ ਨੂੰ ਜਿੱਥੇ ਰਾਤ ਪੈਂਦੀ, ਠਾਹਰ ਕਰ ਲੈਂਦਾ | ਬੀਆਬਾਨਾਂ, ਉਜਾੜਾਂ ਵਿਚ ਤਾਰਿਆਂ ਦੀ ਲੋਅ ਥੱਲੇ, ਮੱਠਾ-ਮੱਠਾ ਤੁਰਦੇ ਊਠਾਂ ਦੇ ਗਲਾਂ ਵਿਚ ਪਾਈਆਂ ਟੱਲੀਆਂ, ਜਦੋਂ ਸੰਗੀਤ ਪੈਦਾ ਕਰਦੀਆਂ ਤਾਂ ਰੇਸ਼ਮਾ ਦੇ ਮਨ ਵਿਚ ਵੀ ਮਧੁਰ ਤਰੰਗਾਂ ਛਿੜ ਪੈਂਦੀਆਂ | ਉਸ ਦੇ ਬੁੱਲ੍ਹ ਫ਼ਰਕਣ ਲੱਗਦੇ | ਇਹੀ ਸਮਾਂ ਸੀ, ਜਦੋਂ ਅਮੋਲ ਰੱਬੀ ਦਾਤਾਂ ਦੀ ਸੌਗਾਤ ਉਸ ਦੀ ਝੋਲੀ ਪਈ |
ਮੌਸੀਕੀ ਦਾ ਇਸ਼ਕ ਰੇਸ਼ਮਾ ਦੇ ਹੱਡੀਂ ਰਚ ਚੁੱਕਿਆ ਸੀ | ਕਿਧਰੇ ਕੱਵਾਲੀਆਂ ਜਾਂ ਗੀਤ ਸੁਣ ਕੇ ਉਸ ਦੇ ਮਨ ਵਿਚ ਵੀ ਗਾਉਣ ਦੀ ਤੜਪ ਉੱਠਦੀ | ਗਾਇਨ ਕਲਾ ਦੀ ਉਸ ਨੇ ਕਿਸੇ ਕੋਲੋਂ ਸ਼ਾਗਿਰਦੀ ਨਹੀਂ ਕੀਤੀ | 'ਅੱਲ੍ਹਾ ਜਾਣਦਾ ਹੈ…ਮੈਂ ਕਿਤੇ ਨਹੀਂ ਸਿੱਖਿਆ… ਇਹ ਅੱਲ੍ਹਾ ਦੀ ਦੇਣ ਹੈ…ਜਿਸਨੂੰ ਚਾਹੇ, ਬਖ਼ਸ਼ ਦੇਵੇ... |' ਇਕੇਰਾਂ ਰੇਸ਼ਮਾ ਸਿੰਧ ਸੂਬੇ ਦੇ ਪਿੰਡ ਸੇਵਨ ਵਿਖੇ ਸੂਫ਼ੀ ਦਰਵੇਸ਼ ਲਾਲ ਸ਼ਾਹਬਾਜ਼ ਕਲੰਦਰ ਦੀ ਮਜ਼ਾਰ 'ਤੇ ਸਿਜਦਾ ਕਰਨ ਗਈ | ਲੱਖਾਂ ਦਾ ਇਕੱਠ ਸੀ ਉੱਥੇ | ਪ੍ਰਸਿੱਧ ਸੂਫ਼ੀ ਫ਼ਨਕਾਰ ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ | ਉਸ ਦੀ ਵਾਰੀ ਆਈ | ਇਹ ਪਰਵਰਦਿਗਾਰ ਦਾ ਥਾਪੜਾ ਹੀ ਸੀ ਕਿ ਜਦੋਂ ਬਾਰਾਂ ਕੁ ਸਾਲ ਦੀ ਬਾਲੜੀ ਨੇ ਆਪਣੀ ਬੁਲੰਦ ਆਵਾਜ਼ ਵਿਚ ਕਲੰਦਰ ਨੂੰ ਨਮਨ ਕੀਤਾ ਤਾਂ ਸਰੋਤੇ ਅਸ਼-ਅਸ਼ ਕਰ ਉੱਠੇ:
ਓ ਲਾਲ ਮੇਰੀ ਪੱਤ ਰੱਖੀਓ ਭਲਾ
ਝੂਲੇ ਲਾਲਨ
ਸੇਵਨ ਦਾ.. ਸਿੰਦੜੀ ਦਾ
ਸਖੀ ਸ਼ਾਹਬਾਜ਼ ਕਲੰਦਰ
ਦਮਾ ਦਮ ਮਸਤ ਕਲੰਦਰ. . .
ਚਾਰੇ ਪਾਸੇ ਸੱਨਾਟਾ ਛਾ ਗਿਆ | ਕੱਵਾਲੀ ਦੇ ਬੋਲ ਅਤੇ ਧੁਨ ਉਸ ਨੇ ਖੁਦ ਆਪ ਹੀ ਬਣਾਈ ਸੀ | ਫਿਜ਼ਾ ਵਿਚ ਗੂੰਜਦੀ ਆਵਾਜ਼ ਵਿਚ ਇਕ ਤੜਪ ਸੀ | ਉਹ ਅਕਸਰ ਕਹਿੰਦੀ ਕਿ ਜਦੋਂ ਉਹ ਗਾਉਂਦੀ ਹੈ, ਤਾਂ ਪੀਰਾਂ ਫ਼ਕੀਰਾਂ ਦਾ ਸਾਇਆ ਉਸ ਦੇ ਸਿਰ 'ਤੇ ਹੁੰਦਾ ਹੈ | ਇਤਫ਼ਾਕ-ਵੱਸ ਇਸੇ ਉਰਸ ਵਿਚ ਰੇਡੀਓ ਪਾਕਿਸਤਾਨ ਦਾ ਨਿਰਮਾਤਾ ਸਲੀਮ ਗਿਲਾਨੀ ਵੀ ਆਪਣੀ ਅਕੀਦਤ ਭੇਟ ਕਰਨ ਆਇਆ ਹੋਇਆ ਸੀ | ਉਸ ਨੇ ਰੇਸ਼ਮਾ ਨੂੰ ਸੁਣਿਆ ਤਾਂ ਦੰਗ ਰਹਿ ਗਿਆ ਅਤੇ ਉਸ ਨੂੰ ਕਰਾਚੀ ਰੇਡੀਓ ਸਟੇਸ਼ਨ 'ਤੇ ਆਉਣ ਲਈ ਸੱਦਾ ਦੇ ਦਿੱਤਾ | 1968 ਵਿਚ ਸਲੀਮ ਗਿਲਾਨੀ ਨੇ ਉਸ ਦੀ ਉਹੀ ਕੱਵਾਲੀ ਦੀ ਰਿਕਾਰਡਿੰਗ ਦਾ ਆਗਾਜ਼ 'ਲਾਲ ਮੇਰੀ ਪੱਤ ਰੱਖੀਓ...' ਨਾਲ ਕੀਤਾ | ਪਾਕਿਸਤਾਨ ਵਿਚ ਗੀਤ ਬਰਾਡਕਾਸਟ ਹੋਇਆ ਤਾਂ ਤਹਿਲਕਾ ਮਚ ਗਿਆ | ਚਾਰੇ ਪਾਸੇ 'ਰੇਸ਼ਮਾ…ਰੇਸ਼ਮਾ' ਦੀ ਗੂੰਜ ਪੈਣ ਲੱਗੀ | ਪਰ ਰੇਸ਼ਮਾ ਇਸ ਸਭ ਕਾਸੇ ਤੋਂ ਬੇਖ਼ਬਰ ਸੀ | ਕਾਫ਼ਲਾ ਅੱਗੇ ਨਿਕਲ ਗਿਆ ਸੀ |
ਸਾਹਿਤਕਾਰ ਬਲਵੰਤ ਗਾਰਗੀ ਨੇ ਰੇਸ਼ਮਾ ਨੂੰ ਬਹੁਤ ਨੇੜਿਓਾ ਤੱਕਿਆ | ਉਸ ਦੇ ਮਾਰਮਿਕ ਸ਼ਬਦ ਰੇਸ਼ਮਾ ਦੀ ਗਾਇਕੀ ਦਾ ਸਿਖ਼ਰ ਬਿਆਨ ਕਰਦੇ ਹਨ: 'ਰੇਸ਼ਮਾ ਦਾ ਪਹਿਲਾ ਰਿਕਾਰਡ 'ਹਾਏ ਓ ਰੱਬਾ, ਨਹੀਓਾ ਲੱਗਦਾ ਦਿਲ ਮੇਰਾ...' 1969 ਵਿਚ ਲੰਡਨ ਰਾਹੀਂ ਹਿੰਦੁਸਤਾਨ ਆਇਆ ਤਾਂ ਸਾਰੇ ਅੱਗ ਲੱਗ ਗਈ | ਇਹੋ ਜਿਹੀ ਆਵਾਜ਼, ਜਿਸ ਵਿਚ ਜੰਗਲੀ ਕਬੀਲੇ ਦਾ ਹੁਸਨ ਤੇ ਦਿਲ ਨੂੰ ਧੂਹ ਪਾਉਣ ਵਾਲੀ ਹੂਕ ਸੀ, ਕਦੇ ਨਹੀਂ ਸੀ ਸੁਣੀ ਕਿਸੇ ਨੇ | ਇਸ ਵਿਚ ਪੰਜਾਬ ਦੀ ਰੂਹ ਗੂੰਜਦੀ ਸੀ | ਜੋ ਕੋਈ ਰੇਸ਼ਮਾ ਦੇ ਗੀਤ ਨੂੰ ਸੁਣਦਾ, ਦਿਲ ਫੜ ਕੇ ਬੈਠ ਜਾਂਦਾ | ਇਸ ਵਿਚ ਅਜੀਬ ਵੈਣ ਤੇ ਦਰਦ ਸੀ |' 
ਰੇਸ਼ਮਾ ਜਦੋਂ ਕੰਨ 'ਤੇ ਹੱਥ ਰੱਖ ਗੀਤ ਦੀ ਧੁਨ ਛੇੜਦੀ ਤਾਂ ਤਪਦੇ ਰੇਗਿਸਤਾਨ ਵਿਚ ਪੱਛੋਂ ਦੀਆਂ ਕਣੀਆਂ ਡਿਗਦੀਆਂ ਸੁਣਾਈ ਦਿੰਦੀਆਂ | ਉਸ ਦਾ ਵਿਸ਼ਵਾਸ ਸੀ ਕਿ ਖੁੱਲ੍ਹੀ ਫਿਜ਼ਾ ਵਿਚ ਗਾਉਣ ਦਾ ਆਪਣਾ ਹੀ ਮਜ਼ਾ ਹੈ | '...ਅੱਲ੍ਹਾ ਤੁਹਾਡੇ ਨਾਲ ਹੁੰਦਾ ਹੈ…ਮੈਨੂੰ ਪੀਰਾਂ ਫ਼ਕੀਰਾਂ ਔਲੀਆਵਾਂ ਨਾਲ ਅਕੀਦਤ ਹੈ…ਜਦੋਂ ਮੈਂ ਗਾਉਂਦੀ ਹਾਂ ਤਾਂ ਉਨ੍ਹਾਂ ਦਾ ਸਾਇਆ ਮੇਰੇ ਸਿਰ ਉੱਤੇ ਹੁੰਦੈ... |'
ਦੇਸ਼ ਦੀ ਵੰਡ ਪਿੱਛੋਂ ਰੇਸ਼ਮਾ ਦੇ ਕਬੀਲੇ ਨੇ ਲਹਿੰਦੇ ਵੱਲ ਮੁਹਾਰਾਂ ਮੋੜ ਲਈਆਂ, ਕਰਾਚੀ ਅੱਪੜੇ ਅਤੇ ਇਸਲਾਮ ਧਾਰਨ ਕਰ ਲਿਆ | ਜਵਾਨ ਹੋਈ ਤਾਂ ਅੱਲ੍ਹਾ ਨੇ ਉਸ ਨੂੰ ਅੱਤ ਦੇ ਹੁਸਨ ਨਾਲ ਨਿਵਾਜਿਆ-ਤਿੱਖੇ ਨੈਣ ਨਕਸ਼, ਗੋਰਾ ਨਿਛੋਹ ਰੰਗ ਅਤੇ ਬਲੌਰੀ ਅੱਖਾਂ-ਕਿਸੇ ਵੀ ਬਨਾਵਟੀ ਮੁਲੰਮੇ ਤੋਂ ਨਿਰਲੇਪ! ਪੰਦਰਾਂ ਕੁ ਸਾਲ ਦੀ ਉਮਰੇ ਨੇੜਲੇ ਰਿਸ਼ਤੇਦਾਰ ਮੁਹੰਮਦ ਖ਼ਾਨ ਨਾਲ ਨਿਕਾਹ ਹੋ ਗਿਆ ਅਤੇ ਦੋ ਪੁੱਤਰਾਂ ਅਤੇ ਦੋ ਧੀਆਂ ਨੇ ਉਸ ਦੀ ਗੋਦ ਨੂੰ ਭਾਗ ਲਾਏ | 
ਸਿੱਧੀ ਸਪਾਟ, ਬਿਨਾਂ ਕਿਸੇ ਵਲ-ਫ਼ਰੇਬ ਅਤੇ ਭੋਲੇਪਣ ਦਾ ਸਿਖ਼ਰ ਸੀ ਉਹ ਜਾਦੂਭਰੀ ਟੱਪਰੀਵਾਸਣ ਮੁਟਿਆਰ! ਇਕ ਵਾਰ ਕੈਨੇਡਾ ਦੇ 'ਪਿੰਡ ਟੋਰਾਂਟੋ' ਅਖਾੜਾ ਲਾਉਣ ਗਈ | ਕਿਸੇ ਕਹਿ ਘੱਲਿਆ, 'ਅੰਗਰੇਜ਼ੀ ਵਿਚ ਕੋਈ ਸਵਾਲ ਕਰਨ ਤਾਂ ਤੂੰ 'ਯੈਸ' ਕਹਿ ਛੱਡਣਾ |' ਕਹਿਣ ਲੱਗੀ ਕਿ ਹਰ ਗੱਲ 'ਤੇ 'ਯੈਸ' ਕਹਿਣ ਨਾਲ ਹਾਸਾ ਮਚ ਗਿਆ | ਕਹਿਣਾ ਜ਼ਰੂਰੀ ਜੁ ਸੀ | ਕਿਧਰੇ ਗੋਰੇ ਇਹ ਨਾ ਸਮਝ ਲੈਣ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ…!' ਰੇਡੀਓ ਸਟੇਸ਼ਨ ਤੋਂ ਤਿੰਨ ਸੌ ਰੁਪਏ ਦਾ ਪਹਿਲਾ ਚੈੱਕ ਲੈਣ ਵੇਲੇ ਰਸੀਦ ਉੱਤੇ ਅੰਗੂਠਾ ਲਾਉਣ ਨੂੰ ਉਸ ਨੇ ਨਿਕਾਹਨਾਮੇ ਦੀ ਗਵਾਹੀ ਸਮਝ ਲਿਆ ਸੀ | ਕਿਸੇ ਪੁੱਛਿਆ: 'ਤੂੰ ਕਿਹੜੇ ਮਹੀਨੇ ਜਨਮੀ ਸੈਂ?' ਹੱਸ ਪਈ, ਅਖੇ, ਮਹੀਨਾ ਤਾਂ ਚੇਤੇ ਨੀ ਮੈਨੂੰ…ਪਰ ਉਦੋਂ ਖਰਬੂਜ਼ੇ ਤੇ ਹਦਵਾਣੇ ਭਰ ਜੋਬਨ 'ਤੇ ਸਨ | ਫਿਰ ਇਕ ਵਾਰ ਮਾਸਕੋ ਗਾਉਣ ਗਈ ਤਾਂ ਕਿਤੇ ਰਾਹ ਭੁੱਲ ਗਈ | ਅੱਗਿਓਾ ਸਰਦਾਰ ਜੀ ਮਿਲ ਪਏ | ਸੁੱਖ ਦਾ ਸਾਹ ਲਿਆ | 'ਮੇਰਾ ਸਿੱਖ ਭਰਾ ਮਿਲ ਗਿਆ…ਹੁਣ ਮੰਜ਼ਿਲ ਤੱਕ ਜ਼ਰੂਰ ਅਪੜਾਵੇਗਾ |' ਇੰਟਰਵਿਊ ਕਰਨ ਸਮੇਂ ਜਦੋਂ ਰਿਪੋਰਟਰ ਉਸ ਦੇ ਕੁੜਤੇ 'ਤੇ ਮਾਈਕ ਲਗਾਉਣ ਲੱਗਾ, ਤਾਂ ਉਸ ਦੇ ਬੋਲਾਂ ਨੇ ਫੁਲਝੜੀਆਂ ਬਿਖੇਰ ਦਿੱਤੀਆਂ, 'ਦੇਖੀਂ ਭਰਾਵਾ…ਕਿਤੇ ਇਹ ਮੈਨੂੰ ਕਰੰਟ ਈ ਨਾ ਮਾਰ ਦੇਵੇ... |' 
ਪਹਿਲੀ ਵਾਰ ਜਦੋਂ ਇਕ ਅਖ਼ਬਾਰ ਵਿਚ ਫੋਟੋ ਛਪੀ ਤਾਂ ਉਹ ਡਰ ਗਈ | 'ਕਿਤੇ ਮਾਪੇ ਤੇ ਬਰਾਦਰੀ ਇਹ ਨਾ ਸੋਚਣ ਕਿ ਮੈਂ ਕੀ ਚੰਦ ਚਾੜ੍ਹ ਦਿੱਤੈ…?' ਆਪਾ ਨਾ ਭੁੱਲਦਿਆਂ, ਉਸ ਨੇ ਇਸਲਾਮ ਅਤੇ ਗਾਇਕੀ ਦੀ ਤਹਿਜ਼ੀਬ ਵਿਚ ਰਹਿੰਦਿਆਂ ਜ਼ਿੰਦਗੀ ਭਰ, ਨਾ ਤਾਂ ਆਪਣੇ ਸਿਰ ਤੋਂ ਦੁਪੱਟਾ ਉੱਤਰਨ ਦਿੱਤਾ ਅਤੇ ਨਾ ਹੀ ਕੋਈ ਲੱਚਰ ਗਾਣਾ ਗਾਇਆ | ਉਸ ਦੀ ਹਲੀਮੀ ਬਾ-ਕਮਾਲ ਸੀ: '...ਮੈਂ ਤਾਂ ਵਣਜਾਰਨ ਸਾਂ…ਖੱਦਰ ਸਾਂ…ਲੋਕਾਂ ਰੇਸ਼ਮ ਬਣਾ ਦਿੱਤਾ... |'
ਰੇਸ਼ਮਾ ਦਾ ਗਾਉਣ ਦਾ ਅੰਦਾਜ਼ ਵਚਿੱਤਰ ਤੇ ਨਿਵੇਕਲਾ ਸੀ | ਆਪਣੀ ਪਹਿਲੀ ਰਿਕਾਰਡਿੰਗ ਤੋਂ ਹੀ ਉਸ ਦੇ ਗੀਤਾਂ ਦੀ ਮਕਬੂਲੀਅਤ ਨੇ ਨਵੇਂ ਮੁਕਾਮ ਸਿਰਜ ਦਿੱਤੇ | ਘਰ-ਘਰ ਉਸ ਦੀ ਆਵਾਜ਼ ਦੀਆਂ ਗੱਲਾਂ ਹੋਣ ਲੱਗੀਆਂ | ਉਸ ਦੇ ਗੀਤ ਲੋਕਾਂ ਦੀ ਜ਼ੁਬਾਨ 'ਤੇ ਆਪ-ਮੁਹਾਰੇ ਚੜ੍ਹ ਗਏ, ਜਿਨ੍ਹਾਂ ਵਿਚ ਸੋਜ਼ ਸੀ, ਦਰਦ ਸੀ, ਉਦਰੇਵਾਂ ਸੀ:
-ਦਮਾਦਮ ਮਸਤ ਕਲੰਦਰ
-ਲੰਬੀ ਜੁਦਾਈ
-ਹਾਏ ਓ ਰੱਬਾ ਨਹੀਓਾ ਲੱਗਦਾ ਦਿਲ ਮੇਰਾ
-ਸੁਣ ਚਰਖ਼ੇ ਦੀ ਮਿੱਠੀ ਮਿੱਠੀ ਘੂਕ, ਮਾਹੀਆ ਮੈਨੂੰ ਯਾਦ ਆਂਵਦਾ
-ਵੇ ਮੈਂ ਤੇਰੇ ਨਾਲ ਚੋਰੀ ਚੋਰੀ ਲਾਈਆਂ ਅੱਖੀਆਂ
-ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ
-ਗੋਰੀਏ ਮੈਂ ਜਾਣਾ ਪ੍ਰਦੇਸ 
-ਉੱਠ ਗਏ ਗਵਾਂਢੋਂ ਯਾਰ, ਰੱਬਾ ਹੁਣ ਕੀ ਕਰੀਏ. . .
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 89684-33500

 

ਪਿਛਲੀ ਖ਼ਬਰ ਪੰਜਾਬ : ਚੋਣਾਂ ਦੀ ਦਹਿਲੀਜ਼ 'ਤੇ ਅਗਲੀ ਖ਼ਬਰ ਬੜਾ ਕੁਝ ਬਦਲ ਰਿਹਾ ਹੈ ਵਿਕਾਸ ਦੇ ਨਾਲ-ਨਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।