ਫ਼ਲਾਂ ਦੇ ਬਾਗ ਲਾਉਣ ਤੋਂ ਪਹਿਲਾਂ ਕੁਝ ਗੱਲਾਂ ਜਿਵੇਂ ਕਿ ਫ਼ਲਾਂ ਦੀ ਚੋਣ, ਕਿਸਮਾਂ, ਬੂਟੇ ਲਾਉਣ ਦੀ ਦਿਸ਼ਾ, ਸਹੀ ਫ਼ਾਸਲਾ, ਬਾਗ਼ ਵਿਚਲੇ ਰਸਤੇ, ਸਿੰਜਾਈ ਦਾ ਪ੍ਰਬੰਧ, ਸਹੀ ਯੋਜਨਾਬੰਦੀ ਆਦਿ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ | ਇਸ ਤੋਂ ਇਲਾਵਾ ਮਿੱਟੀ ਤੇ ਜਲਵਾਯੂ ਦੀ ਅਨੁਕੂਲਤਾ, ਸਿੰਚਾਈ ਵਾਲੇ ਪਾਣੀ ਦੀ ਗੁਣਵੱਤਾ ਤੇ ਮਿਆਰੀ ਕਿਸਮ ਦੇ ਬੂਟਿਆਂ ਦੀ ਚੋਣ ਬਹੁਤ ਜ਼ਰੂਰੀ ਹੈ |
ਬਾਗ ਲਾਉਣ ਦਾ ਸਮਾਂ-ਮੌਨਸੂਨ ਰੁੱਤ ਆਉਣ ਨਾਲ ਹੀ ਸਦਾਬਹਾਰ ਫ਼ਲਦਾਰ ਬੂਟੇ ਲਾਉਣ ਦਾ ਕੰਮ ਜੁਲਾਈ-ਅਗਸਤ ਵਿਚ ਸ਼ੁਰੂ ਹੋ ਜਾਦਾ ਹੈ, ਪਰ ਸਤੰਬਰ-ਅਕਤੂਬਰ ਮਹੀਨੇ ਦਾ ਸਮਾਂ ਵੱਧ ਢੁਕਵਾਂ ਹੁੰਦਾ ਹੈ, ਕਿਉਂਕਿ ਇਸ ਸਮੇਂ ਤੱਕ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ |
ਜਲਵਾਯੂ ਤੇ ਮਿੱਟੀ-ਬਾਗ ਲਾਉਣ ਵੇਲੇ ਫ਼ਲ ਦੀ ਚੋਣ ਇਲਾਕੇ ਅਨੁਸਾਰ ਕਰਨੀ ਚਾਹੀਦੀ ਹੈ | ਫ਼ਲਦਾਰ ਬੂਟੇ ਲਾਉਣ ਲਈ ਮਿੱਟੀ ਜ਼ਿਆਦਾ ਲੂਣੀ/ਖਾਰੀ, ਸੇਮ ਵਾਲੀ, ਉਜਾੜ ਵਾਲੀ ਨਹੀਂ ਹੋਣੀ ਚਾਹੀਦੀ, ਸਗੋਂ ਵਧੀਆ, ਮੈਰਾ, ਹਵਾਦਾਰ ਤੇ ਭਰਭੂਰ ਤੱਤਾਂ ਵਾਲੀ ਹੋਣੀ ਚਾਹੀਦੀ ਹੈ | ਜ਼ਮੀਨ ਦੀ 2 ਮੀਟਰ ਤੱਕ ਦੀ ਡੂੰਘਾਈ 'ਚ ਕੋਈ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ | ਪਾਣੀ ਦੀ ਸਤਹਿ 3 ਮੀਟਰ ਤੋਂ ਥੱਲੇ ਹੋਣੀ ਚਾਹੀਦੀ ਹੈ ਤੇ ਇਸ 'ਚ ਕੋਈ ਉਤਰਾਅ-ਚੜ੍ਹਾਅ ਨਹੀਂ ਆਉਣਾ ਚਾਹੀਦਾ | ਫ਼ਲਾਂ ਦੀ ਸਫ਼ਲ ਕਾਸ਼ਤ ਲਈ ਬਾਗਾਂ ਦੀ ਮਿੱਟੀ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ | ਜ਼ਿਆਦਾਤਰ ਬੂਟੇ 6.5 ਤੋਂ 7.5 ਤੱਕ ਪੀ.ਐਚ. ਵਾਲੀ ਮਿੱਟੀ 'ਚ ਵਧੀਆ ਉੱਗਦੇ ਹਨ, ਕਿਉਂਕਿ ਜ਼ਿਆਦਾਤਰ ਖ਼ੁਰਾਕੀ ਤੱਤ ਇਸ ਸੀਮਾ 'ਚ ਉਪਲਬਧ ਹੁੰਦੇ ਹਨ | ਨਿੰਬੂ ਜਾਤੀ ਦੇ ਕੁਝ ਬੂਟੇ, ਆੜੂ, ਨਾਸ਼ਪਾਤੀ ਤੇ ਅੰਬ ਖਾਰੀ ਮਿੱਟੀ 'ਚ ਨਹੀਂ ਉੱਗ ਸਕਦੇ | ਦੂਜੇ ਪਾਸੇ ਕੁਝ ਬੂਟੇ ਜਿਵੇਂ ਕਿ ਬੇਰ, ਖਜੂਰ, ਅਮਰੂਦ ਤੇ ਆਂਵਲਾ ਪੀ.ਐਚ. 9 ਵਾਲੀ ਮਿੱਟੀ 'ਚ ਵਧੀਆ ਹੁੰਦੇ ਹਨ | ਨਿੰਬੂ ਜਾਤੀ ਤੇ ਆੜੂ ਦੀ ਕਾਸ਼ਤ ਲਈ ਚਾਲਕਤਾ 0.5 ਮਿਲੀਮਹੋਸ/ਸੈਂਟੀਮੀਟਰ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਹੋਰ ਬੂਟਿਆਂ ਲਈ 1.0 ਮਿਲੀਮਹੋਸ/ਸੈਂਟੀਮੀਟਰ ਤੋਂ ਘੱਟ ਹੋਣੀ ਚਾਹੀਦੀ ਹੈ | ਨਿੰਬੂ ਜਾਤੀ ਤੇ ਆੜੂ ਦੀ ਕਾਸ਼ਤ ਲਈ ਕੈਲਸ਼ੀਅਮ ਕਾਰਬੋਨੇਟ ਅਤੇ ਚੂਨੇ ਦੀ ਮਾਤਰਾ ਕ੍ਰਮਵਾਰ 5 ਤੇ 10 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਹੋਰ ਫ਼ਲਾਂ ਲਈ 10 ਤੇ 20 ਤੋਂ ਘੱਟ ਹੋਣੀ ਚਾਹੀਦੀ ਹੈ |
ਸਹੀ ਕਿਸਮ ਦੀ ਚੋਣ- ਬੂਟਿਆਂ ਦੀ ਸਹੀ ਕਿਸਮ ਦੀ ਸਹੀ ਚੋਣ ਤੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਇਹ ਵੱਖ-ਵੱਖ ਫ਼ਲਾਂ ਦੇ ਬੂਟਿਆਂ ਦੀਆਂ ਇਹ ਉੱਨਤ ਕਿਸਮਾਂ ਸਿਫ਼ਾਰਸ਼ ਕੀਤੀਆਂ ਗਈਆਂ ਹਨ- ਸੰਗਤਰੇ 'ਚ ਪੀ.ਏ.ਯੂ. ਕਿੰਨੂ-1, ਡੇਜ਼ੀ, ਡਬਲਿਯੂ ਮਰਕਟ, ਕਿੰਨੂ ਤੇ ਦੇਸੀ ਸੰਤਰਾ, ਮਾਲਟੇ ਵਿਚ ਵੈਨੇਗੇਲੀਆ ਸੈਨਗੁਆਨੋ, ਅਰਲੀ ਗੋਲਡ, ਵਲੈਨਸ਼ੀਆ, ਮੁਸੰਮੀ, ਜਾਫ਼ਾ ਤੇ ਬਲੱਡ ਰੈੱਡ, ਗਰੇਪਫ਼ਰੂਟ ਵਿਚ ਸਟਾਰ ਰੂਬੀ, ਰੈਡਬਲੱਸ਼, ਮਾਰਸ਼ ਸੀਡਲੈੱਸ, ਡੰਕਨ ਤੇ ਫੋਸਟਰ, ਲੈਮਨ ਵਿਚ ਪੰਜਾਬ ਬਾਰਾਮਾਸੀ ਨਿੰਬੂ, ਪੰਜਾਬ ਗਲਗਲ, ਪੀ.ਏ.ਯੂ. ਬਾਰਾਮਾਸੀ ਨਿੰਬੂ-1 ਤੇ ਯੂਰੇਕਾ,
ਨਿੰਬੂ ਵਿਚ ਕਾਗਜ਼ੀ, ਮਿੱਠਾ ਵਿਚ ਦੇਸੀ, ਅਮਰੂਦ ਵਿਚ ਪੰਜਾਬ ਐਪਲ ਗੁਆਵਾ, ਪੰਜਾਬ ਕਿਰਨ, ਪੰਜਾਬ ਸਫ਼ੈਦਾ, ਸ਼ਵੇਤਾ, ਪੰਜਾਬ-ਪਿੰਕ, ਅਰਕਾ ਅਮੁਲਿਆ, ਸਰਦਾਰ ਤੇ ਅਲਾਹਾਬਾਦ ਸਫ਼ੈਦਾ, ਅੰਬ ਵਿਚ ਅਲਫੈਂਜ਼ੋ, ਦੁਸਹਿਰੀ, ਲੰਗੜਾ, ਗੰਗੀਆਂ ਸੰਧੂਰੀ (ਜੀਐੱਨ-19), ਜੀਐਨ-1, ਜੀਐਨ-2, ਜੀਐਨ-3, ਜੀਐਨ-4, ਜੀਐਨ-5, ਜੀਐਨ-6 ਤੇ ਜੀਐਨ-7, ਬੇਰ
ਵਿਚ ਵਲੈਤੀ, ਉਮਰਾਨ ਤੇ ਸਨੌਰ-2, ਲੀਚੀ ਵਿਚ ਦੇਹਰਾਦੂਨ, ਕਲਕੱਤੀਆ ਤੇ ਸੀਡਲੈਸ ਲੇਟ, ਆਉਲੇ ਵਿਚ ਬਲਵੰਤ, ਨੀਲਮ ਤੇ ਕੰਚਨ, ਕੇਲੇ ਵਿਚ ਗ੍ਰੈਂਡ ਨੈਨ, ਚੀਕੂ ਵਿਚ ਕਾਲੀਪੱਤੀ ਤੇ ਕ੍ਰਿਕਟਬਾਲ, ਪਪੀਤੇ ਵਿਚ ਰੈੱਡ ਲੇਡੀ 786, ਪੰਜਾਬ ਸਵੀਟ, ਪੂਸਾ ਡਲੀਸ਼ੀਅਸ, ਪੂਸਾ ਡਵਾਰਫ਼ ਤੇ ਹਨੀਡਿਉ, ਲੁਕਾਠ ਵਿਚ ਕੈਲੇਫੋਰਨੀਆ ਐਡਵਾਂਸ, ਗੋਲਡਨ ਯੈਲ ਤੇ ਪੇਲ ਯੈਲ, ਬਿੱਲ ਵਿਚ ਕਾਗਜ਼ੀ, ਡ੍ਰੈਗਨ ਵਿਚ ਰੈਡ ਡਰੈਗਨ-1 ਤੇ ਵਾਈਟ ਡਰੈਗਨ-1, ਜਾਮਣ ਵਿਚ ਕੋਂਕਣ ਬਹਾਦੋਲੀ ਤੇ ਗੋਮਾ ਪਿ੍ਅੰਕਾ |
ਬੂਟਿਆਂ ਦੀ ਚੋਣ-ਚੰਗੀ ਨਸਲ ਦੇ ਸਿਹਤਮੰਦ ਬੂਟੇ ਜਿਹੜੇ ਕੀੜਿਆਂ ਤੇ ਬਿਮਾਰੀਆਂ ਤੋਂ ਰਹਿਤ ਹੋਣ, ਕਿਸੇ ਭਰੋਸੇਯੋਗ, ਨੇੜਲੀ ਨਰਸਰੀ ਤੋਂ ਲੈਣੇ ਚਾਹੀਦੇ ਹਨ | ਬੂਟੇ ਨਰੋਏ ਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ | ਖ਼ਾਸ ਧਿਆਨ ਰੱਖੋ ਕਿ ਪਿਉਂਦ ਸਹੀ ਸਿਫ਼ਾਰਸ਼ ਕੀਤੇ ਜੜ੍ਹ-ਮੁੱਢ 'ਤੇ ਹੀ ਕੀਤੀ ਗਈ ਹੋਵੇ, ਜੋੜ ਪੱਧਰਾ ਹੋਵੇ ਤੇ ਬਹੁਤਾ ਉੱਚਾ ਨਾ ਹੋਵੇ | ਬੂਟੇ ਖਰੀਦਣ ਸਮੇਂ 10 ਤੋਂ 15 ਫ਼ੀਸਦੀ ਬੂਟੇ ਲੋੜ ਤੋਂ ਵੱਧ ਖਰੀਦੋ ਤਾਂ ਜੋ ਮਰਨ ਵਾਲੇ ਬੂਟਿਆਂ ਦੀ ਥਾਂ 'ਤੇ ਇਨ੍ਹਾਂ ਨੂੰ ਲਾਇਆ ਜਾ ਸਕੇ |
ਬੂਟਿਆਂ ਵਿਚਕਾਰ ਫ਼ਾਸਲਾ-ਨਵੇਂ ਬਾਗ਼ਾਂ ਨੂੰ ਵਰਗਾਕਾਰ, ਆਇਤਾਕਾਰ, ਛੇ-ਕੋਨਾ, ਤਿਕੋਣੇ ਜਾਂ ਕੁਇਨਕਨਸ ਢੰਗ ਨਾਲ ਲਾਇਆ ਜਾ ਸਕਦਾ ਹੈ, ਪਰ ਆਮ ਤੌਰ 'ਤੇ ਪੰਜਾਬ 'ਚ ਨਵੇਂ ਬਾਗਾਂ ਨੂੰ ਵਰਗਾਕਾਰ ਜਾਂ ਆਇਤਾਕਾਰ ਢੰਗ ਨਾਲ ਹੀ ਲਾਇਆ ਜਾਦਾ ਹੈ |
ਟੋਏ ਪੁੱਟਣਾ ਤੇ ਭਰਨਾ-ਹਰ ਬੂਟੇ ਲਈ ਇਕ ਮੀਟਰ ਡੂੰਘੇ ਅਤੇ ਇਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਓ | ਇਨ੍ਹਾਂ ਟੋਇਆਂ ਵਿਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿਚ ਪਾਓ ਤੇ ਜ਼ਮੀਨ ਤੋਂ ਉੱਚੇ ਭਰ ਦਿਓ | ਇਨ੍ਹਾਂ ਵਿਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਓ | ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤ੍ਹਾ 'ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਓ | ਨਵੇਂ ਬੂਟੇ ਲਾਉਣਾ ਤੇ ਮੁਢਲੀ ਦੇਖ-ਭਾਲ-ਟੋਏ ਤਿਆਰ ਕਰਨ ਤੋਂ ਬਾਅਦ ਬੂਟੇ ਲਾਉਣ ਵਾਲੇ ਫੱਟੇ (ਪਲਾਟਿੰਗ ਬੋਰਡ) ਨੂੰ ਇਸ ਤਰ੍ਹਾਂ ਰੱਖੋ ਕਿ ਇਕ ਪਾਸੇ ਨਿਸ਼ਾਨਬੰਦੀ ਵਾਲੀਆਂ ਕਿੱਲੀਆਂ ਫੱਟੇ 'ਤੇ ਪਾਸੇ ਵਾਲੇ ਕੱਟ ਵਿਚ ਪੂਰੀ ਤਰ੍ਹਾਂ ਫਿੱਟ ਹੋ ਜਾਣ | ਇਸ ਤੋਂ ਬਾਅਦ ਬੂਟੇ ਨੂੰ ਟੋਏ ਵਿਚ ਇਸ ਤਰ੍ਹਾਂ ਰੱਖੋ ਕਿ ਬੂਟੇ ਦਾ ਤਣਾ ਫੁੱਟੇ ਦੇ ਵਿਚਕਾਰਲੇ ਕੱਟ (ਵੀ-ਨੋਚ) ਵਿਚ ਆ ਜਾਵੇ | ਸਦਾਬਹਾਰ ਬੂਟੇ ਲਾਉਣ ਸਮੇਂ ਗਾਚੀ ਤੋਂ ਪੋਲੀਥੀਨ ਲਾਹ ਲੈਣਾ ਚਾਹੀਦਾ ਹੈ ਤੇ ਗਾਚੀ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ | ਟੋਏ ਦੇ ਵਿਚਕਾਰ ਬੂਟਾ ਲਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਆਲੇ-ਦੁਆਲੇ ਤੋਂ ਨੱਪ ਦਿਓ, ਤਾਂ ਜੋ ਗਾਚੀ ਨਾ ਟੁੱਟੇ ਤੇ ਬੂਟਾ ਸਿੱਧਾ ਰਹੇ | ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਤੱਕ ਜ਼ਰੂਰ ਉੱਚਾ ਹੋਵੇ ਤਾਂ ਜੋ ਜੜ੍ਹ-ਮੁੱਢ ਨਾ ਫੁੱਟ ਸਕੇ | ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਸੋਟੀ ਨਾਲ ਸਹਾਰਾ ਦਿਓ |
ਹਵਾਵਾਂ ਤੋਂ ਰੋਕ ਤੇ ਬਚਾਓ ਵਾੜ-ਬਾਗ ਨੂੰ ਗਰਮ ਤੇ ਸਰਦ ਹਵਾਵਾਂ ਤੋਂ ਬਚਾਅ ਲਈ ਬਾਗ ਦੁਆਲੇ ਹਵਾ ਰੋਕੂ ਰੁੱਖ ਜਾਂ ਵਾੜ ਜ਼ਰੂਰੀ ਹੈ, ਜਿਸ ਲਈ ਸਫ਼ੈਦਾ, ਅਰਜੁਨ, ਜਾਮਨ, ਅੰਬ, ਸ਼ਹਿਤੂਤ ਆਦਿ ਲਾਏ ਜਾ ਸਕਦੇ ਹਨ | ਇਨ੍ਹਾਂ ਦਰੱਖ਼ਤਾਂ ਵਿਚਕਾਰ ਬੋਗਨਵਿਲੀਆ, ਜੱਟੀਖੱਟੀ, ਗਲਗਲ, ਕਰੌਂਦਾ ਆਦਿ ਦੀ ਵਾੜ ਵੀ ਲਾ ਦੇਣੀ ਚਾਹੀਦੀ ਹੈ |
ਸਿੰਚਾਈ-ਨਵੇਂ ਲਾਏ ਬੂਟਿਆਂ ਨੂੰ 3-4 ਸਾਲਾਂ ਤੱਕ ਹਰ ਹਫ਼ਤੇ ਤੇ ਪੁਰਾਣੇ ਬੂਟਿਆਂ ਨੂੰ 2-3 ਹਫ਼ਤਿਆਂ ਪਿੱਛੋਂ ਮੌਸਮ, ਵਰਖਾ ਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ | ਫਰਵਰੀ 'ਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ 'ਚ ਫ਼ਲ ਲੱਗਣ ਤੋਂ ਬਾਅਦ ਤੇ ਗਰਮੀ ਦੇ ਮੌਸਮ 'ਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬੂਟਿਆਂ ਦੇ ਵਾਧੇ 'ਤੇ ਮਾੜਾ ਅਸਰ ਪੈਂਦਾ ਹੈ |
-ਬਾਗਬਾਨੀ ਵਿਭਾਗ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ |