ਸਾਡੇ ਵਿਚੋਂ ਬਹੁਤ ਸਾਰੇ ਲੋਕ ਇਸ ਕਰਕੇ ਪ੍ਰੇਸ਼ਾਨ ਹੁੰਦੇ ਹਨ ਕਿ ਵਾਲ ਝੜਦੇ ਹਨ, ਵਾਲਾਂ ਵਿਚ ਸਿੱਕਰੀ ਅਤੇ ਵਾਲ ਬੇਜਾਨ ਜਿਹੇ ਰਹਿੰਦੇ ਹਨ। ਇਸ ਦਾ ਮੁੱਖ ਕਾਰਨ ਹੁੰਦਾ ਹੈ ਖੁਸ਼ਕ ਖੋਪੜੀ। ਖੁਸ਼ਕ ਖੋਪੜੀ ਕਾਰਨ ਵਾਲ ਬੇਜਾਨ ਅਤੇ ਚਮਕਹੀਣ ਹੋ ਜਾਂਦੇ ਹਨ, ਜੋ ਛੇਤੀ ਝੜਦੇ ਹਨ ਅਤੇ ਖੋਪੜੀ ਤੋਂ ਮ੍ਰਿਤ ਚਮੜੀ ਦੇ ਰੂਪ ਵਿਚ ਕੁਝ ਅੰਸ਼ ਡਿੱਗਦੇ ਰਹਿੰਦੇ ਹਨ। ਇਸ ਦੀ ਪਹਿਚਾਣ ਹੁੰਦੀ ਹੈ ਸਿਰ ਦੀ ਚਮੜੀ ਸਫੇਦ ਅਤੇ ਪੀਲੇ ਪੈਚੇਜ ਨਾਲ ਢਕ ਜਾਂਦੀ ਹੈ, ਜਦ ਕਿ ਸਾਧਾਰਨ ਚਮੜੀ ਲਾਲ ਅਤੇ ਗ੍ਰੀਸੀ ਹੁੰਦੀ ਹੈ। ਸਫੇਦ ਅਤੇ ਪੀਲੀ ਚਮੜੀ ਦੇ ਪੈਚ ਅਕਸਰ ਸਿਰ ਤੋਂ ਝੜਦੇ ਰਹਿੰਦੇ ਹਨ, ਜਿਸ ਨਾਲ ਵਾਲ ਚਮਕਹੀਣ ਹੋ ਜਾਂਦੇ ਹਨ।
ਕੀ ਹੈ ਵਜ੍ਹਾ
ਜਦੋਂ ਸਿਰ ਦੀ ਚਮੜੀ 'ਤੇ ਸਫੇਦ ਪੀਲੇ ਪੈਚ ਜੰਮ ਜਾਂਦੇ ਹਨ ਤਾਂ ਵਾਲਾਂ ਦੇ ਸੁਰਾਖ ਬੰਦ ਹੋ ਜਾਂਦੇ ਹਨ। ਇਸ ਨਾਲ ਨਾ ਤਾਂ ਸਿਰ ਦੀ ਚਮੜੀ ਸਾਹ ਲੈ ਸਕਦੀ ਹੈ ਅਤੇ ਸੀਬਮ ਵੀ ਨਿਕਲਣਾ ਘੱਟ ਹੋ ਜਾਂਦਾ ਹੈ ਜਿਸ ਨਾਲ ਸਿਰ ਵਿਚ ਰੁੱਖਾਪਨ ਵਧ ਜਾਂਦਾ ਹੈ ਅਤੇ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਵੀ ਵਧ ਜਾਂਦੀ ਹੈ ਅਤੇ ਹੌਲੀ-ਹੌਲੀ ਪੂਰੇ ਸਿਰ ਵਿਚ ਸਿੱਕਰੀ ਦੀ ਸਮੱਸਿਆ ਵਧਦੀ ਜਾਂਦੀ ਹੈ। ਜ਼ਿਆਦਾ ਵਧਣ 'ਤੇ ਇਹ ਕਿਸੇ ਵੀ ਇਨਫੈਕਸ਼ਨ ਵਿਚ ਬਦਲ ਜਾਂਦੀ ਹੈ। ਸਿਰ ਵਿਚ ਅਗਜ਼ੀਮਾ ਤੱਕ ਇਸ ਦਾ ਕਾਰਨ ਹੋ ਸਕਦਾ ਹੈ।
ਖ਼ੁਸ਼ਕ ਖੋਪੜੀ ਦਾ ਇਕ ਕਾਰਨ ਹਾਰਮੋਨਜ਼ ਵਿਚ ਬਦਲਾਅ ਵੀ ਹੈ ਅਤੇ ਵਾਲਾਂ ਨੂੰ ਜ਼ਿਆਦਾ ਧੋਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਸ਼ੈਂਪੂ ਵਿਚ ਕਈ ਕੈਮੀਕਲਜ਼ ਹੁੰਦੇ ਹਨ, ਜੋ ਤੇਜ਼ ਵੀ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ ਵਾਲਾਂ 'ਤੇ ਬੁਰਾ ਪੈਂਦਾ ਹੈ। ਕਈ ਵਾਰ ਇਸ ਦਾ ਕਾਰਨ ਤੇਲ ਵਾਲੇ ਗਲੈਂਡਜ਼ ਦਾ ਸੁਚਾਰੂ ਰੂਪ ਵਿਚ ਕੰਮ ਨਾ ਕਰਨਾ ਵੀ ਹੈ।
ਕਈ ਇਲਾਕਿਆਂ ਦਾ ਪਾਣੀ ਖਾਰਾ ਹੁੰਦਾ ਹੈ, ਜਿਸ ਨਾਲ ਸ਼ੈਂਪੂ ਦਾ ਪ੍ਰਭਾਵ ਵਾਲਾਂ 'ਤੇ ਘੱਟ ਹੁੰਦਾ ਹੈ ਅਤੇ ਸ਼ੈਂਪੂ ਦਾ ਵਾਲਾਂ 'ਚੋਂ ਨਿਕਲਣਾ ਵੀ ਮੁਸ਼ਕਿਲ ਰਹਿੰਦਾ ਹੈ। ਇਸ ਨਾਲ ਵੀ ਖੋਪੜੀ ਖੁਸ਼ਕ ਹੋ ਜਾਂਦੀ ਹੈ।
ਸ਼ੈਂਪੂ ਅਤੇ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਵਾਲਾਂ ਦੀ ਕੁਦਰਤੀ ਨਮੀ ਘੱਟ ਹੁੰਦੀ ਹੈ ਅਤੇ ਖੋਪੜੀ ਖੁਸ਼ਕ ਹੁੰਦੀ ਹੈ।
ਵੱਖ-ਵੱਖ ਵਾਲਾਂ ਦੇ ਸਟਾਈਲ ਬਣਾਉਣ ਨਾਲ ਉਨ੍ਹਾਂ 'ਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵੀ ਖੋਪੜੀ ਨੂੰ ਖੁਸ਼ਕ ਬਣਾਉਂਦੀਆਂ ਹਨ, ਕਿਉਂਕਿ ਉਨ੍ਹਾਂ ਵਿਚ ਸਖ਼ਤ ਕੈਮੀਕਲ ਹੁੰਦੇ ਹਨ।
ਪੌਸ਼ਟਿਕ ਭੋਜਨ ਦੀ ਕਮੀ ਵੀ ਖੋਪੜੀ ਨੂੰ ਖੁਸ਼ਕ ਬਣਾਉਂਦੀ ਹੈ, ਕਿਉਂਕਿ ਸਿਬੇਸ਼ੀਅਸ ਗਲੈਂਡਸ ਨੂੰ ਸਹੀ ਕੰਮ ਕਰਨ ਲਈ ਚੰਗੀ ਡਾਈਟ ਦੀ ਜ਼ਰੂਰਤ ਹੁੰਦੀ ਹੈ। ਜ਼ਿਆਦਾ ਸਮੇਂ ਤੱਕ ਧੁੱਪ ਵਿਚ ਰਹਿਣ ਨਾਲ ਵੀ ਖੋਪੜੀ ਖ਼ੁਸ਼ਕ ਹੁੰਦੀ ਹੈ।
ਖੁਸ਼ਕ ਖੋਪੜੀ ਦਾ ਇਲਾਜ
ਪ੍ਰਦੂਸ਼ਣ ਅਤੇ ਵਾਤਾਵਰਨ ਦੇ ਬਦਲਾਅ ਨੂੰ ਬਦਲਿਆ ਨਹੀਂ ਜਾ ਸਕਦਾ। ਬਸ ਸਹੀ ਪੌਸ਼ਟਿਕ ਖਾਣ-ਪੀਣ ਅਤੇ ਵਾਲਾਂ 'ਤੇ ਸਹੀ ਚੀਜ਼ਾਂ ਦੀ ਵਰਤੋਂ ਕਰਕੇ ਖ਼ੁਸ਼ਕ ਖੋਪੜੀ ਨੂੰ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ।
ਆਯੁਰਵੈਦਿਕ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਖਾਣੇ ਵਿਚ ਤਿਲ, ਬੀਨਸ, ਪੁੰਗਰੇ ਅਨਾਜ ਦੀ ਲਗਾਤਾਰ ਵਰਤੋਂ ਕੀਤੀ ਜਾ ਸਕਦੀ ਹੈ।
ਐਲੋਵੇਰਾ ਦਾ ਜੈੱਲ ਖੋਪੜੀ ਵਿਚ ਲਗਾਇਆ ਜਾ ਸਕਦਾ ਹੈ।
ਔਲਾ ਕੁਦਰਤ ਵਲੋਂ ਸਾਨੂੰ ਹੇਅਰ ਟਾਨਿਕ ਮਿਲਿਆ ਹੋਇਆ ਹੈ, ਇਸ ਦੀ ਵਰਤੋਂ ਵਾਲਾਂ ਅਤੇ ਉਸ ਦੀ ਚਮੜੀ 'ਤੇ ਕੀਤੀ ਜਾ ਸਕਦੀ ਹੈ।
ਕੁਝ ਨੁਕਤੇ
ਵਾਲ ਬਹੁਤ ਨਾਜ਼ੁਕ ਹੁੰਦੇ ਹਨ। ਇਨ੍ਹਾਂ 'ਤੇ ਸਖ਼ਤ ਕੈਮੀਕਲ ਦੀ ਵਰਤੋਂ ਨਾ ਕਰੋ। ਜ਼ਿਆਦਾ ਸਖ਼ਤ ਕੈਮੀਕਲਜ਼ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਵਾਲ ਟੁੱਟਣ ਲਗਦੇ ਹਨ।
ਖ਼ੁਸ਼ਕ ਵਾਲਾਂ ਲਈ ਵਿਸ਼ੇਸ਼ ਸ਼ੈਂਪੂ ਦੀ ਵਰਤੋਂ ਕਰੋ।
ਖੋਪੜੀ ਨੂੰ ਨਮੀ ਦੇਣ ਲਈ ਕੰਡੀਸ਼ਨਰ ਦੀ ਵਰਤੋਂ ਪੋਲੇ ਹੱਥਾਂ ਨਾਲ ਮਸਾਜ਼ ਕਰਕੇ ਕਰੋ, ਤਾਂ ਕਿ ਫਲੈਕਸ ਨਾ ਬਣੇ। ਕੰਡੀਸ਼ਨਰ ਨੂੰ ਖੋਪੜੀ ਵਿਚ ਹੀ ਲਗਾਓ, ਵਾਲਾਂ 'ਤੇ ਨਹੀਂ। ਵਾਲਾਂ ਨੂੰ ਜ਼ਿਆਦਾ ਨਾ ਧੋਵੋ। ਇਸ ਨਾਲ ਵਾਲਾਂ ਦਾ ਕੁਦਰਤੀ ਤੇਲ ਖ਼ਤਮ ਹੁੰਦਾ ਹੈ।
ਵਾਲਾਂ ਦੀ ਚਮਕ ਲਈ ਹੇਅਰ ਕ੍ਰੀਮ ਦੀ ਵਰਤੋਂ ਵੀ ਕਰ ਸਕਦੇ ਹੋ।
ਚੌੜੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਰੋ। ਪੌਸ਼ਟਿਕ ਭੋਜਨ ਦੀ ਲਗਾਤਾਰ ਵਰਤੋਂ ਕਰੋ। ਇਸ ਵਿਚ ਦਾਲਾਂ, ਹਰੀਆਂ ਸਬਜ਼ੀਆਂ, ਫਲ, ਦੁੱਧ ਅਤੇ ਪੁੰਗਰੇ ਅਨਾਜ ਲਓ।
ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ 'ਤੇ ਕੰਘੀ ਕਰਕੇ ਸੌਂਵੋ ਤਾਂ ਕਿ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਚਲਦਾ ਹੈ ਅਤੇ ਸੁਰਾਖ ਖੁੱਲ੍ਹ ਕੇ ਠੀਕ ਤਰ੍ਹਾਂ ਸਾਹ ਲੈ ਸਕਣ।
ਸਿਰ ਦੀ ਖੁਸ਼ਕੀ ਨੂੰ ਕਹੋ ਅਲਵਿਦਾ
ਅਜੀਤ ਡੈਸਕ
12-06-2026