20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਮੇਰੀ ਕਾਲਮ ਨਵੀਸੀ ਦੇ ਮਾਖਿਉਂ ਮਿੱਠੇ ਪਲ

ਮੇਰੀ ਕਾਲਮ ਨਵੀਸੀ ਦੇ ਮਾਖਿਉਂ ਮਿੱਠੇ ਪਲ

ਅਜੀਤ ਡੈਸਕ 20-09-2026

1970 ਦੇ ਹੋਲਾ ਮਹੱਲਾ ਸਮੇਂ ਮੈਂ ਆਪਣੀ ਪਤਨੀ ਸਮੇਤ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮਾਹਿਲਪੁਰ ਨੇੜੇ ਪੈਂਦੇ ਆਪਣੇ ਜੱਦੀ ਪਿੰਡ ਸੂਨੀ ਗਿਆ ਹੋਇਆ ਸਾਂ ਤਾਂ ਸਵੇਰੇ ਅਖ਼ਬਾਰ ਤੋਂ ਪਤਾ ਲੱਗਾ ਕਿ ਭਾਸ਼ਾ ਵਿਭਾਗ ਪੰਜਾਬ ਨੇ ਆਪਣਾ ਸਾਲਾਨਾ ਇਨਾਮ ਵੰਡ ਸਮਾਗਮ ਅਨੰਦਪੁਰ ਸਾਹਿਬ ਰੱਖਿਆ ਹੈ | ਸਨਮਾਨਿਤ ਹੋਣ ਵਾਲਿਆਂ 'ਚ ਮੇਰੇ ਜਾਣੂ ਹਰਿਭਜਨ ਸਿੰਘ ਤੇ ਸੂਬਾ ਸਿੰਘ ਵੀ ਸਨ | ਅਸੀਂ ਵੀ ਉੱਥੇ ਪਹੁੰਚ ਗਏ, ਉਸ ਸਮੇਂ ਆਮ ਲੋਕ ਅਨੰਦਪੁਰ ਨੂੰ  ਸਿਰਫ਼ ਨੰਦਪੁਰ ਕਹਿੰਦੇ ਸਨ | ਉੱਥੇ ਸਿੱਖੀ ਠਾਠ ਦਾ ਹੜ੍ਹ ਆਇਆ ਪਿਆ ਸੀ | ਨਿਹੰਗ ਸਿੰਘਾਂ ਦੇ ਘੋੜੇ, ਤਲਵਾਰਾਂ ਤੇ ਨੇਜ਼ੇ, ਤੰਬੂਆਂ ਥੱਲੇ ਦਿੱਤੀਆਂ ਜਾਣ ਵਾਲੀਆਂ ਥੰਮ੍ਹੀਆਂ ਨਾਲੋਂ ਵੱਡੇ ਭੰਗ ਘੋਟਣ ਵਾਲੇ ਘੋਟਣੇ, ਜੋ ਸਿੰਘ ਤੇ ਸਿੰਘਣੀਆਂ ਵਰਤ ਰਹੇ ਸਨ | ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਮੁੱਖ ਮਹਿਮਾਨ ਸਨ | ਉਨ੍ਹਾਂ ਸੂਬਾ ਸਿੰਘ ਬਾਰੇ ਕੀ ਕਿਹਾ ਹੋਵੇਗਾ ਤੇ ਉੱਤਰ ਵਿਚ ਸੂਬਾ ਸਿੰਘ ਨੇ ਵੀ ਜ਼ੈਲ ਸਿੰਘ 'ਤੇ ਕੀ ਵਿਅੰਗ ਕੱਸਿਆ ਹੋਵੇਗਾ ਜਾਨਣਾ ਔਖਾ ਨਹੀਂ |

ਉਨ੍ਹਾਂ ਦਿਨਾਂ ਵਿਚ ਮੇਰਾ ਸੀਨੀਅਰ ਮਿੱਤਰ ਖੁਸ਼ਵੰਤ ਨੌਕਰੀ ਤੋਂ ਸੇਵਾਮੁਕਤ ਹੋ ਕੇ ਲਗਾਤਾਰ ਕਾਲਮ ਲਿਖ ਰਿਹਾ ਸੀ | ਮੈਂ ਪੰਜਾਬੀ 'ਚ ਉਸ ਵਰਗਾ ਬਣਨਾ ਚਾਹੁੰਦਾ ਸਾਂ, ਪਰ ਮੈਨੂੰ ਕਾਲਮ ਨਵੀਸ ਬਣਨ ਲਈ ਕਿਸੇ ਨੂੰ  ਬੇਨਤੀ ਕਰਨੀ ਠੀਕ ਨਹੀਂ ਸੀ ਲਗਦੀ | ਮੈਂ ਨਮੂਨੇ ਦਾ ਕਾਲਮ ਆਪਣੇ ਹੱਥੀਂ ਲਿਖ ਕੇ ਚਾਰ ਅਖ਼ਬਾਰਾਂ ਪੰਜਾਬੀ ਟਿ੍ਬਿਊਨ, ਅਜੀਤ, ਜੱਗ ਬਾਣੀ ਤੇ 'ਨਵਾਂ ਜ਼ਮਾਨਾ ਨੂੰ  ਭੇਜ ਦਿੱਤਾ | ਹਰ ਫੋਟੋ ਕਾਪੀ 'ਤੇ ਲਿਖ ਦਿੱਤਾ ਕਿ ਇਸ ਮਿਤੀ ਨੂੰ  ਜਾਂ ਉਸ ਤੋਂ ਪਿੱਛੋਂ ਛਪਣ ਲਈ ਹੈ | ਕਾਲਮ ਦਾ ਨਾਂਅ 'ਨਿੱਕ ਸੁੱਕ' ਰੱਖ ਦਿੱਤਾ | ਸਾਰੀਆਂ ਅਖ਼ਬਾਰਾਂ ਫਰੋਲੀਆਂ, ਪਰ ਕਿਸੇ ਵਿਚ ਵੀ ਨਹੀਂ ਛਪਿਆ ਤੇ ਮੈਂ ਮਨ ਨੂੰ  ਸਮਝਾ ਕੇ ਸੁੱਖ ਦੀ ਨੀਂਦ ਸੌਂ ਗਿਆ |
ਅਗਲੇ ਦਿਨ 3 ਟੈਲੀਫ਼ੋਨ ਆਏ | ਸਭ ਤੋਂ ਪਹਿਲਾਂ ਦੈਨਿਕ ਭਾਸਕਰ ਵਾਲੇ ਸਰਵਮੀਤ ਦਾ ਸਵਾਲੀਆ ਫ਼ੋਨ, ਅਜੀਤ ਲਈ ਕਾਲਮ ਲਿਖਣ ਲੱਗ ਪਏ ਹੋ? ਪਿੱਛੋਂ ਨਵਾਂ ਜ਼ਮਾਨਾ ਦੇ ਜਤਿੰਦਰ ਪੰਨੂੰ ਦਾ ਨਿਹੋਰੇ ਵਾਲਾ, 'ਸਾਡੇ ਲਈ ਕਿਉਂ ਨਹੀਂ ਲਿਖਦੇ?' ਫਿਰ  'ਅਕਸ' ਵਾਲੇ ਅਮਰਜੀਤ ਸਿੰਘ ਦਾ ਦਿੱਲੀ ਤੋਂ, ਇਹ ਦੱਸਣ ਲਈ ਕਿ ਉਸ ਨੂੰ  ਮੇਰੀ ਲਿਖਤ ਪਸੰਦ ਆਈ ਹੈ | ਦੁਪਹਿਰ ਪਿੱਛੋਂ 'ਅਜੀਤ' ਤੋਂ ਫ਼ੋਨ ਆਇਆ 'ਭਾਅ ਜੀ' ਦਾ, ਇਹ ਦੱਸਣ ਲਈ ਕਿ ਕਾਲਮ ਛਾਪਣ ਵਿਚ ਇਕ ਦਿਨ ਦੀ ਦੇਰੀ ਇਸ ਲਈ ਹੋ ਗਈ ਕਿ ਉਨ੍ਹਾਂ ਨੂੰ  ਮੇਰੀ ਤਸਵੀਰ ਨਹੀਂ ਲੱਭ ਰਹੀ ਸੀ | ਬਰਜਿੰਦਰ ਸਿੰਘ ਦੇ ਬੋਲਾਂ ਵਿਚ ਨਿੱਘ ਸੀ, ਇਕ ਐਲਾਨ ਵੀ ਕਿ ਜੇ ਮੈਂ ਲਗਾਤਾਰ ਲਿਖ ਸਕਾਂ ਤਾਂ ਉਹ ਮੇਰੀ ਰਚਨਾ ਹਰ ਹਫ਼ਤੇ ਛਾਪਣਾ ਚਾਹੁਣਗੇ | ਉਨ੍ਹਾਂ ਨੂੰ  ਮੇਰਾ ਦਿੱਤਾ ਨਾਂਅ 'ਨਿੱਕ ਸੁੱਕ' ਵੀ ਪਸੰਦ ਆਇਆ ਸੀ |
ਦਿੱਲੀ ਪਰਤਿਆ ਤਾਂ 'ਕੌਮੀ ਏਕਤਾ' ਦੇ ਸੰਪਾਦਕ ਦਾ ਫ਼ੋਨ ਆ ਗਿਆ ਕਿ ਮੈਂ ਹੋਲਾ ਮਹੱਲਾ ਦੇ ਸਮਾਗਮ ਬਾਰੇ ਉਨ੍ਹਾਂ ਦੇ ਪਰਚੇ ਲਈ ਕੁਝ ਲਿਖ ਦਿਆਂ | ਕੌਮੀ ਏਕਤਾ ਵਿਕਣ ਤੇ ਪੜਿ੍ਹਆ ਜਾਣ ਵਾਲਾ ਪਰਚਾ ਸੀ | ਉਸ ਦਾ ਸੰਪਾਦਕ ਮੈਨੂੰ ਖ਼ੁਦ ਬੇਨਤੀ ਕਰ ਰਿਹਾ ਸੀ | ਅੰਨ੍ਹਾ ਕੀ ਮੰਗੇ ਦੋ ਅੱਖਾਂ | ਮੈਂ ਕਾਗ਼ਜ਼-ਕਲਮ ਚੁੱਕੀ ਤੇ ਉੱਪਰ ਲਿਖੀਆਂ ਗੱਲਾਂ ਨੂੰ  ਮਿਰਚ ਮਸਾਲਾ ਲਾ ਕੇ ਰਿਪੋਰਟ ਲਿਖ ਦਿੱਤੀ | ਮੈਂ ਇਸ ਵਾਰੀ ਦੀ ਨੰਦਪੁਰ ਫੇਰੀ ਦਾ ਬਚਪਨ ਦੀ ਨੰਦਪੁਰ ਫੇਰੀ ਨਾਲ ਟਾਕਰਾ ਵੀ ਕੀਤਾ | ਕਿਵੇਂ ਮੈਂ ਆਪਣੇ ਬਾਪ ਨਾਲ ਸਾਈਕਲ 'ਤੇ ਅੱਗੇ ਜਾਂ ਪਿੱਛੇ ਬਹਿੰਦਾ ਅਤੇ ਨੂਰਪੁਰ ਬੇਦੀ ਵਿਸ਼ਰਾਮ ਕਰਕੇ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਨੇਰ੍ਹ ਚਾਨਣ ਮਾਣਦਾ ਨੰਦਪੁਰ ਪਹੁੰਚ ਕੇ ਕਿਸੇ ਨਾ ਕਿਸੇ ਦੀਵਾਨ ਵਾਲੇ ਤੰਬੂਆਂ ਹੇਠ ਵਿਛੀ ਪਰਾਲੀ ਦਾ ਬਿਸਤਰਾ ਬਣਾ ਕੇ ਸੌਂਦਾ ਸਾਂ | ਮੇਰਾ ਬਾਪ ਕੋਲ ਬੈਠਾ ਸਾਰੀ ਰਾਤ ਕਵੀਆਂ ਦੀ ਕਵੀਸ਼ਰੀ ਸੁਣਦਾ ਰਹਿੰਦਾ | ਰਿਪੋਰਟ ਪੜ੍ਹ ਕੇ ਸੰਪਾਦਕ ਨੇ ਆਪਣਾ ਚਪੜਾਸੀ ਮੇਰੇ ਘਰ ਭੇਜਿਆ, ਰਿਪੋਰਟ ਦੇ ਨਾਲ ਛਾਪਣ ਲਈ ਮੇਰੀ ਤਸਵੀਰ ਚਾਹੀਦੀ ਸੀ | ਮੇਰੀ ਅੱਡੀ ਜ਼ਮੀਨ 'ਤੇ ਨਾ ਲੱਗੇ, ਮੈਂ ਜਵਾਨੀ ਦੇ ਦਿਨਾਂ ਵਾਲੀ ਫੋਟੋ ਲੱਭ ਕੇ ਲਿਫਾਫੇ ਵਿਚ ਬੰਦ ਕਰਕੇ ਚਪੜਾਸੀ ਨੂੰ  ਦੇ ਦਿੱਤੀ | ਰਿਪੋਰਟ ਛਪ ਗਈ ਤੇ ਉੱਚੀਆਂ-ਨੀਵੀਆਂ ਗੱਲਾਂ ਦਾ ਬੜਾ ਮੁੱਲ ਪਿਆ, ਪ੍ਰਸੰਸਾ ਦੀਆਂ ਚਿੱਠੀਆਂ ਤੇ ਟੈਲੀਫ਼ੋਨ ਆਏ | ਮਹੀਨੇ ਕੁ ਪਿੱਛੋਂ ਪਤਾ ਲੱਗਾ ਕਿ ਮੈਨੂੰ ਮਨੀਆਰਡਰ ਵਾਲਾ ਲੱਭਦਾ ਫਿਰਦਾ ਹੈ | ਮੈਂ ਡਾਕਖਾਨੇ ਗਿਆ ਤਾਂ ਮੇਰੇ ਲਈ 'ਕੌਮੀ ਏਕਤਾ' ਵਾਲਿਆਂ 35 ਰੁਪਏ  ਭੇਜੇ ਸਨ | ਪੰਜਾਬੀ ਅਖ਼ਬਾਰ ਵਲੋਂ ਲੇਖਕ ਨੂੰ  ਪੈਸੇ…ਤੇ ਚਰਚਾ ਵਾਧੂ, ਪਰਚੇ ਵਿਚ ਛਪੀ ਤਸਵੀਰ ਉਸ ਤੋਂ ਵੀ ਉੱਤੇ | ਮੇਰੀ ਰਿਪੋਰਟ ਤੋਂ ਖ਼ੁਸ਼ ਹੋਏ ਸੰਪਾਦਕ ਨੇ ਲਗਾਤਾਰ ਕਾਲਮ ਲਿਖਣ ਲਈ ਕਿਹਾ ਤਾਂ ਮੈਨੂੰ ਪੱਤਰਕਾਰੀ ਚੰੂਢੀਆਂ ਵੱਢਣ ਲੱਗੀ, ਪਰ ਮੇਰੇ ਹੱਥ ਕਹਾਣੀਆਂ ਦੀਆਂ ਹੱਥਕੜੀਆਂ ਵਿਚ ਜਕੜੇ ਹੋਏ ਸਨ | ਕੀ ਕਰਦਾ?
ਮੇਰਾ ਕਾਲਮ 'ਨਿੱਕ ਸੁੱਕ' ਫਿਕਰ ਤੌਂਸਵੀ ਦੇ 'ਪਿਆਜ਼ ਕੇ ਛਿਲਕੇ' ਤੇ ਖੁਸ਼ਵੰਤ ਸਿੰਘ ਦੇ 'ਨਾ ਕਾਹੰੂ ਸੇ ਦੋਸਤੀ ਨਾ ਕਾਹੰੂ ਸੇ ਵੈਰ' ਵਾਂਗ ਖੂਬ ਪੜਿ੍ਹਆ ਜਾਂਦਾ ਹੈ | ਮੈਨੂੰ ਇਹ ਦੱਸਣ ਵਿਚ ਕੋਈ ਝਿਜਕ ਨਹੀਂ ਕਿ ਮੇਰੇ ਕਾਲਮ ਨੇ ਮੇਰੇ ਘਰ ਬਾਬਾ ਬੰਦਾ ਬਹਾਦਰ ਦੇ ਨਾਂਅ 'ਤੇ ਸਥਾਪਤ ਅੰਤਰਰਾਸ਼ਟਰੀ ਫਾਊਾਡੇਸ਼ਨ ਲੁਧਿਆਣਾ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਤੇ ਉਨ੍ਹਾਂ ਦੇ ਸਹਿਯੋਗੀ ਕਾਂਗਰਸੀ ਆਗੂ ਤੇ ਉੱਘੇ ਕਾਰੋਬਰੀ ਗੁਰਦੇਵ ਸਿੰਘ ਲਾਪਰਾਂ ਤੇ ਜਾਣੇ-ਪਛਾਣੇ ਸਮਾਜ ਸੇਵਕ ਤੇ ਰਾਮਗੜ੍ਹੀਆ ਭਾਈਚਾਰੇ ਵਾਲੇ ਗੁਰਨਾਮ ਸਿੰਘ ਕਲੇਰ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਰਾਹੀਂ ਮੇਰੇ ਲਈ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੁਸਤਕਾਂ ਦਾ ਸੈੱਟ, ਸਿਰੋਪਾਓ ਤੇ ਹਜ਼ੂਰ ਸਾਹਿਬ (ਨਾਂਦੇੜ) ਦਾ ਪ੍ਰਸ਼ਾਦ ਪਹੁੰਚਾਇਆ, ਜਿਸ ਨੂੰ  ਪ੍ਰਾਪਤ ਕਰਦੇ ਸਮੇਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੀ ਦਿ੍ੜ੍ਹਤਾ ਦੇ ਕਈ ਕਿੱਸੇ ਸਾਂਝੇ ਕੀਤੇ | ਉਨ੍ਹਾਂ ਦੇ ਸਾਥ ਨੇ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਟੀ 'ਚ ਕਵੀ ਗੁਰਭਜਨ ਸਿੰਘ ਗਿੱਲ ਤੇ ਦੋਸਤਾਂ ਦੇ ਦੋਸਤ ਜਗਦੇਵ ਸਿੰਘ ਜੱਸੋਵਾਲ (ਸਵਰਗਵਾਸੀ) ਦੀ ਸੰਗਤ 'ਚ ਗੁਜ਼ਾਰੇ ਦੋ ਸਾਲ ਚੇਤੇ ਕਰਵਾ ਦਿੱਤੇ | ਮੇਰੀ ਕਾਲਮ ਨਵੀਸੀ ਲਈ ਇਸ ਤੋਂ ਵੱਡੀ ਉਡਾਣ ਹੋਰ ਕੀ ਹੋ ਸਕਦੀ ਸੀ? ਮੇਰੇ ਲਈ ਇਹ ਪਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਥਾਪੜਾ ਹੀ ਨਹੀਂ, ਸਗੋਂ ਅਨੰਦਪੁਰ ਸਾਹਿਬ ਤੇ ਹਜ਼ੂਰ ਸਾਹਿਬ ਦੀ ਮਹਿਮਾ ਮਾਣਨ ਦੇ ਵੀ ਸਨ |

ਈਮੇਲ : sandhugulzar@yahoo.com

ਪਿਛਲੀ ਖ਼ਬਰ ਪੰਜਾਬ ਨੂੰ ਆਪਣੇ ਦਰਿਆਈ ਪਾਣੀਆਂ ਸੰਬੰਧੀ ਹੱਕ ਹਾਸਿਲ ਕਰਨੇ ਪੈਣਗੇ ਅਗਲੀ ਖ਼ਬਰ ਨਵੀਂ ਸਿੱਖਿਆ ਨੀਤੀ 2020-ਚੁਣੌਤੀਆਂ ਤੇ ਸੰਭਾਵਨਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।