ਬਰਤਾਨੀਆ ਇਕ ਬਹੁਤ ਵੱਡਾ ਟਾਪੂ ਹੈ, ਜਿਸ ਵਿਚ ਇੰਗਲੈਂਡ, ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਰਾਜ ਆਉਂਦੇ ਹਨ | ਇਸ ਦਾ ਰਕਬਾ ਢਾਈ ਲੱਖ ਕਿਲੋਮੀਟਰ ਦੇ ਕਰੀਬ ਹੈ | ਇਹ ਬੇਹੱਦ ਹੈਰਾਨੀ ਵਾਲੀ ਗੱਲ ਹੀ ਕਹੀ ਜਾ ਸਕਦੀ ਹੈ ਕਿ ਬਰਤਾਨੀਆ ਨੇ ਕੁਝ ਸਦੀਆਂ ਪਹਿਲਾਂ ਦੁਨੀਆ ਦੇ ਵੱਡੇ ਹਿੱਸੇ 'ਤੇ ਰਾਜ ਕੀਤਾ ਸੀ | ਉਸ ਸਮੇਂ ਅਕਸਰ ਇਹ ਵੀ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ ਵਿਚ ਸੂਰਜ ਨਹੀਂ ਛਿਪਦਾ | ਭਾਰਤ ਸਮੇਤ ਏਸ਼ੀਆ ਅਤੇ ਅਫ਼ਰੀਕਾ ਦੇ ਬਹੁਤੇ ਦੇਸ਼ ਇਸ ਦੇ ਗੁਲਾਮ ਸਨ | ਇਸ ਸਮੇਂ ਦੌਰਾਨ ਨਾ ਸਿਰਫ਼ ਇਸ ਦੇਸ਼ ਨੇ ਆਪਣੇ ਅਧੀਨ ਇਨ੍ਹਾਂ ਕਾਲੋਨੀਆਂ ਨੂੰ ਬੁਰੀ ਤਰ੍ਹਾਂ ਲੁੱਟਿਆ, ਸਗੋਂ ਇਨ੍ਹਾਂ ਕਾਲੋਨੀਆਂ ਦਾ ਵੱਡਾ ਸਰਮਾਇਆ ਵੀ ਇਸ ਨੇ ਆਪਣੇ ਦੇਸ਼ ਵਿਚ ਇਕੱਠਾ ਕਰ ਲਿਆ ਸੀ | ਹੌਲੀ-ਹੌਲੀ ਹਰ ਪਾਸੇ ਆਜ਼ਾਦੀ ਦੀਆਂ ਚਿਣਗਾਂ ਫੁੱਟੀਆਂ, ਜੋਂ ਭਾਂਬੜ ਦੇ ਰੂਪ ਵਿਚ ਬਦਲ ਗਈਆਂ | ਬਰਤਾਨੀਆ ਨੂੰ ਵੱਖੋ-ਵੱਖ ਮਜਬੂਰੀਆਂ ਕਰਕੇ ਇਨ੍ਹਾਂ ਦੇਸ਼ਾਂ ਨੂੰ ਆਜ਼ਾਦ ਕਰਨਾ ਪਿਆ | 20ਵੀਂ ਸਦੀ ਵਿਚ ਦੋ ਵੱਡੀਆਂ ਜੰਗਾਂ ਨੇ ਬਰਤਾਨੀਆ ਦੀ ਤਾਕਤ ਨੂੰ ਹੌਲੀ-ਹੌਲੀ ਘਟਾ ਦਿੱਤਾ | ਇਹ ਵੀ ਸਮੇਂ ਦਾ ਇਕ ਮਜ਼ਾਕ ਹੀ ਕਿਹਾ ਜਾ ਸਕਦਾ ਹੈ, ਕਿ ਜਿਸ ਦੇਸ਼ ਵਿਚ ਸਦੀਆਂ ਪਹਿਲਾਂ ਲੋਕਤੰਤਰ ਦੀ ਰੌਸ਼ਨੀ ਪੈਦਾ ਹੋਈ ਸੀ, ਉਸ ਦੇਸ਼ ਨੇ ਹੀ ਦਰਜਨਾਂ ਦੇਸ਼ਾਂ ਨੂੰ ਆਪਣਾ ਗੁਲਾਮ ਬਣਾਈ ਰੱਖਿਆ ਸੀ |
ਭਾਰਤ ਵਿਚ ਵੀ ਬਰਤਾਨੀਆ ਨੇ 200 ਸਾਲ ਦੇ ਲਗਭਗ ਹਕੂਮਤ ਕੀਤੀ | ਜੇ ਅੱਜ ਭਾਰਤ ਦਾ ਨਕਸ਼ਾ ਬਦਲਿਆ ਹੈ ਤਾਂ ਇਹ ਅੰਗਰੇਜ਼ੀ ਹਕੂਮਤ ਦੀ ਨੀਅਤ ਦਾ ਹੀ ਸਿੱਟਾ ਸੀ | 1947 ਤੋਂ ਪਹਿਲਾਂ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਹੋਂਦ ਨਹੀਂ ਸੀ | ਇਹ ਭਾਰਤ ਦੇ ਹੀ ਹਿੱਸੇ ਸਨ | ਦੇਸ਼ ਦੀ ਵੰਡ ਸਮੇਂ ਵੀ ਜੇਕਰ ਲੱਖਾਂ ਲੋਕ ਮਾਰੇ ਗਏ ਅਤੇ ਲੱਖਾਂ ਪਰਿਵਾਰ ਉਜਾੜੇ ਦਾ ਸ਼ਿਕਾਰ ਹੋਏ ਤਾਂ ਇਸ ਲਈ ਵੱਡਾ ਦੋਸ਼ ਬਰਤਾਨੀਆ ਨੂੰ ਹੀ ਦਿੱਤਾ ਜਾਂਦਾ ਹੈ | ਇਹ ਵੀ ਸਮੇਂ ਦੀ ਮਾਰ ਹੀ ਕਹੀ ਜਾ ਸਕਦੀ ਹੈ ਕਿ ਅੱਜ ਕੁਝ ਛੋਟੇ-ਮੋਟੇ ਟਾਪੂਆਂ ਨੂੰ ਛੱਡ ਕੇ ਪੂਰਾ ਬਰਤਾਨੀਆ ਜਿਸ ਨੂੰ 'ਗ੍ਰੇਟ ਬਿ੍ਟੇਨ' ਕਿਹਾ ਜਾਂਦਾ ਹੈ, ਸਿਰਫ਼ ਢਾਈ ਲੱਖ ਕਿਲੋਮੀਟਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜਿਸ ਵਿਚ ਉਪਰੋਕਤ 4 ਰਾਜ ਹੀ ਸ਼ਾਮਿਲ ਹਨ | ਪਰ ਪਿਛਲੇ ਲੰਮੇ ਸਮੇਂ ਤੋਂ ਬਰਤਾਨੀਆ ਬੇਹੱਦ ਮਾੜੇ ਦੌਰ 'ਚੋਂ ਗੁਜ਼ਰ ਰਿਹਾ ਹੈ | ਇਸ ਦੀ ਆਰਥਿਕਤਾ ਡੋਲ ਚੁੱਕੀ ਹੈ | ਇਸ ਦਾ ਸਿਆਸੀ ਭਵਿੱਖ ਅਨਿਸਚਿਤ ਬਣਦਾ ਨਜ਼ਰ ਆ ਰਿਹਾ ਹੈ | ਇਸ ਗੱਲ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ 10 ਸਾਲਾਂ ਵਿਚ ਇੱਥੇ 7 ਪ੍ਰਧਾਨ ਮੰਤਰੀ ਬਣੇ ਅਤੇ ਬਦਲੇ ਜਾ ਚੁੱਕੇ ਹਨ | ਇਥੇ ਦੋ ਕੰਜ਼ਰਵੇਟਿਵ ਅਤੇ ਲੇਬਰ ਪਾਰਟੀਆਂ ਦਾ ਹੀ ਗਲਬਾ ਰਿਹਾ ਹੈ | ਕੰਜ਼ਰਵੇਟਿਵ ਪਾਰਟੀ ਲੰਮੇ ਸਮੇਂ ਤੱਕ ਰਾਜ ਜ਼ਰੂਰ ਕਰਦੀ ਰਹੀ ਹੈ, ਪਰ ਇਸ ਸਮੇਂ ਦੌਰਾਨ ਇਸ ਦੇਸ਼ ਨੂੰ ਦਰਪੇਸ਼ ਕਠਿਨਾਈਆਂ ਵਧਦੀਆਂ ਹੀ ਰਹੀਆਂ | ਇਸੇ ਲਈ ਸਾਲ 2024 ਵਿਚ ਹੋਈਆਂ ਆਮ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੋਈ ਅਤੇ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣੇ ਸਨ, ਪਰ ਉਹ ਵੀ 2 ਸਾਲ ਤੱਕ ਦਾ ਹੀ ਸਮਾਂ ਪੂਰਾ ਕਰ ਸਕੇ | ਅਖ਼ੀਰ ਹੁਣ ਲੇਬਰ ਪਾਰਟੀ ਵਲੋਂ ਬਰਨਹਮ ਨੂੰ ਪ੍ਰਧਾਨ ਮੰਤਰੀ ਥਾਪਿਆ ਗਿਆ ਹੈ | ਸਾਰੇ ਯਤਨਾਂ ਦੇ ਬਾਵਜੂਦ ਵੀ ਇੱਥੇ ਕੀਮਤਾਂ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ | ਲੋਕ ਪੱਖੀ ਯੋਜਨਾਵਾਂ ਘਟਦੀਆਂ ਰਹੀਆਂ ਹਨ ਅਤੇ ਸਮੁੱਚੇ ਰੂਪ ਵਿਚ ਦੇਸ਼ ਵਿਚ ਗੜਬੜ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ | ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੇ ਵਾਧੇ ਦੀ ਰਹੀ ਹੈ |
ਇਸੇ ਹੀ ਸਮੇਂ ਵਿਚ ਹੁਣ ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਵਲੋਂ ਇੰਗਲੈਂਡ ਤੋਂ ਵੱਖ ਹੋਣ ਦੀਆਂ ਲਹਿਰਾਂ ਨੇ ਜ਼ੋਰ ਫੜ ਲਿਆ ਹੈ | ਸਕਾਟਲੈਂਡ ਜਾਨ ਸਿਵਨੀ ਦੀ ਅਗਵਾਈ ਵਿਚ ਆਜ਼ਾਦ ਦੇਸ਼ ਬਣਨਾ ਚਾਹੁੰਦਾ ਹੈ ਅਤੇ ਯੂਰਪੀਅਨ ਯੂਨੀਅਨ ਦਾ ਮੈਂਬਰ ਵੀ ਬਣਨਾ ਚਾਹੁੰਦਾ ਹੈ | ਇਸ ਦਾ ਕਾਰਨ ਦੇਸ਼ ਵਿਚ ਅਰਥਵਿਵਸਥਾ ਦਾ ਡੋਲਣਾ, ਟੈਕਸਾਂ ਦਾ ਵਧਣਾ ਤੇ ਊਰਜਾ ਦੇ ਸੋਮਿਆਂ ਦੀ ਕਮੀ ਨੂੰ ਮੰਨਿਆ ਜਾ ਰਿਹਾ ਹੈ | ਸਕਾਟਲੈਂਡ ਵਿਚ ਤੇਲ ਅਤੇ ਗੈਸ ਦੇ ਭੰਡਾਰ ਹਨ | ਇਸੇ ਹੀ ਤਰ੍ਹਾਂ ਵੇਲਸ ਵੀ ਸੁਤੰਤਰਤਾ ਚਾਹੁੰਦਾ ਹੈ | ਇੱਥੋਂ ਦੇ ਆਗੂਆਂ ਅਤੇ ਲੋਕਾਂ ਨੂੰ ਗਿਲਾ ਹੈ ਕਿ ਬਿ੍ਟੇਨ ਵਲੋਂ ਉਨ੍ਹਾਂ ਨੂੰ ਉਚਿਤ ਫੰਡ ਨਹੀਂ ਮਿਲ ਰਹੇ | ਵੇਲਸ ਦੇ ਕੁਦਰਤੀ ਸਾਧਨਾਂ 'ਤੇ ਉਨ੍ਹਾਂ ਦਾ ਨਿਯੰਤਰਣ ਨਹੀਂ ਹੈ | ਉੱਤਰੀ ਆਇਰਲੈਂਡ ਪਿਛਲੇ ਲੰਮੇ ਸਮੇਂ ਤੋਂ ਵੱਖਰੇ ਗੁਆਂਢੀ ਦੇਸ਼ ਆਇਰਲੈਂਡ ਗਣਰਾਜ ਨਾਲ ਮਿਲਣਾ ਚਾਹੁੰਦਾ ਹੈ | 1998 ਵਿਚ ਇੱਥੇ ਰਿਫਰੈਂਡਮ ਹੋਇਆ, ਜਿਸ ਵਿਚ ਉੱਤਰੀ ਆਇਰਲੈਂਡ ਦੇ ਲੋਕਾਂ ਨੇ ਆਇਰਲੈਂਡ ਗਣਰਾਜ ਨਾਲ ਇਕੱਠੇ ਹੋਣ ਨੂੰ ਤਰਜੀਹ ਦਿੱਤੀ ਸੀ | 300 ਸਾਲ ਤੋਂ ਬਾਅਦ ਅੱਜ ਬਿ੍ਟੇਨ ਟੁੱਟਣ ਦੇ ਕੰਢੇ 'ਤੇ ਖੜ੍ਹਾ ਹੈ | ਜੇਕਰ ਅਜਿਹਾ ਹੁੰਦਾ ਹੈ ਤਾਂ ਬਿ੍ਟੇਨ ਆਪਣਾ 46 ਫ਼ੀਸਦੀ ਰਕਬਾ ਗੁਆ ਲਵੇਗਾ | ਇਕ ਕਰੋੜ ਦੇ ਲਗਭਗ ਲੋਕ ਇਸ ਤੋਂ ਵੱਖ ਹੋ ਜਾਣਗੇ ਅਤੇ 13 ਫ਼ੀਸਦੀ ਤੋਂ ਵਧੇਰੇ ਇਸ ਦੀ ਅਰਥਵਿਵਸਥਾ 'ਤੇ ਅਸਰ ਪਵੇਗਾ ਤੇ ਉੱਤਰੀ ਸਾਗਰ ਦੇ ਤੇਲ-ਗੈਸ ਦੇ ਭੰਡਾਰਾਂ ਦਾ ਵੀ ਬਟਵਾਰਾ ਹੋਵਗਾ |
ਇਸ ਵੱਡੇ ਟਾਪੂ ਦੇ ਚਾਰ ਦੇਸ਼ ਬਣਨ ਨਾਲ ਬਰਤਾਨੀਆ ਨਿਸਚੇ ਹੀ ਆਪਣੀ ਕੌਮਾਂਤਰੀ ਆਭਾ ਗੁਆ ਲਵੇਗਾ | ਇਸ ਨੂੰ ਕੁਦਰਤ ਦੀ ਮਾਰ ਹੀ ਕਿਹਾ ਜਾ ਸਕਦਾ ਹੈ, ਕਿ ਉਹ ਦੇਸ਼ ਜਿਸ ਨੇ ਕਦੀ ਦੁਨੀਆ ਭਰ 'ਤੇ ਰਾਜ ਕੀਤਾ ਹੋਵੇ, 4 ਛੋਟੇ-ਛੋਟੇ ਟਾਪੂਆਂ ਵਿਚ ਵੰਡ ਕੇ ਰਹਿ ਜਾਏਗਾ | ਆਪਣੀ ਬਣ ਰਹੀ ਅਜਿਹੀ ਹਾਲਤ ਤੋਂ ਇਹ ਮੁੜ ਕਿਵੇਂ ਉੱਭਰ ਸਕੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ |
-ਬਰਜਿੰਦਰ ਸਿੰਘ ਹਮਦਰਦ