ਹਰਿਆਣਾ ਨਾਲ ਸੰਬੰਧਿਤ ਦੋ ਨੇਤਾਵਾਂ ਦੀ ਹਾਲ ਹੀ 'ਚ ਰਾਜਪਾਲ ਦੇ ਅਹੁਦੇ 'ਤੇ ਨਿਯੁਕਤੀ ਹੋਈ ਹੈ, ਜਿਸ ਨਾਲ ਸੂਬੇ ਨਾਲ ਸੰਬੰਧ ਰੱਖਣ ਵਾਲੇ ਰਾਜਪਾਲ ਦੇ ਅਹੁਦੇ ਤੱਕ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਇਕ ਦਰਜਨ ਤੋਂ ਜ਼ਿਆਦਾ ਹੋ ਗਈ ਹੈ | ਹਰਿਆਣਾ ਦੇ ਮਹਿੰਦਰਗੜ੍ਹ (ਮੌਜੂਦਾ ਗੁਰੂਗ੍ਰਾਮ) ਤੋਂ ਭਾਜਪਾ ਦੀ ਸੰਸਦ ਮੈਂਬਰ ਰਹੀ ਸੀਨੀਅਰ ਭਾਜਪਾ ਨੇਤਾ ਡਾ. ਸੁਧਾ ਯਾਦਵ ਨੂੰ ਕਰਨਾਟਕ ਦੀ ਰਾਜਪਾਲ ਬਣਾਇਆ ਗਿਆ ਹੈ |

ਉਨ੍ਹਾਂ ਦੀ ਗਿਣਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਸਹਿਯੋਗੀਆਂ 'ਚ ਹੁੰਦੀ ਰਹੀ ਹੈ, ਡਾ. ਸੁਧਾ ਯਾਦਵ ਨੇ ਵਿਅਕਤੀਗਤ ਸੰਘਰਸ਼ ਤੋਂ ਲੈ ਕੇ ਭਾਜਪਾ ਸੰਗਠਨ 'ਚ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਣ ਤੱਕ ਲੰਬਾ ਸਫਰ ਤੈਅ ਕੀਤਾ ਹੈ ਤੇ ਉਹ ਭਾਜਪਾ ਦੀ ਚੋਣ ਕਮੇਟੀ ਦੀ ਮੈਂਬਰ ਵੀ ਰਹੀ ਹੈ | ਡਾ. ਸੁਧਾ ਯਾਦਵ ਦੀ ਰਾਜਪਾਲ ਦੇ ਰੂਪ 'ਚ ਇਸ ਨਵੀਂ ਭੂਮਿਕਾ ਨੂੰ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਇਕ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ | ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਯਾਦਵ ਬੀ.ਐੱਸ.ਐੱਫ. 'ਚ ਡਿਪਟੀ ਕਮਾਂਡੈਂਟ ਸਨ ਤੇ ਉਹ ਕਾਰਗਿੱਲ ਯੁੱਧ 'ਚ ਸ਼ਹੀਦ ਹੋ ਗਏ ਸਨ | ਉਸ ਸਮੇਂ ਨਰਿੰਦਰ ਮੋਦੀ ਹਰਿਆਣਾ ਭਾਜਪਾ ਦੇ ਇੰਚਾਰਜ ਸਨ ਤੇ ਉਨ੍ਹਾਂ ਡਾ. ਸੁਧਾ ਯਾਦਵ ਨੂੰ ਲੋਕ ਸਭਾ ਚੋਣ ਲੜਨ ਦਾ ਪ੍ਰਸਤਾਵ ਦਿੱਤਾ ਸੀ | ਡਾ. ਸੁਧਾ ਯਾਦਵ ਦਾ ਰਾਜਨੀਤੀ 'ਚ ਇਹ ਪਹਿਲਾ ਸਾਲ ਸੀ ਤੇ ਉਨ੍ਹਾਂ ਭਾਜਪਾ ਦੀ ਟਿਕਟ 'ਤੇ ਚੋਣ ਲੜਦਿਆਂ ਰਾਉ ਇੰਦਰਜੀਤ ਸਿੰਘ ਨੂੰ 1.39 ਲੱਖ ਵੋਟਾਂ ਦੇ ਅੰਤਰ ਨਾਲ ਹਰਾ ਕੇ ਰਾਸ਼ਟਰੀ ਰਾਜਨੀਤੀ 'ਚ ਆਪਣੀ ਪਛਾਣ ਬਣਾਈ ਸੀ | ਉਹ 1999 ਤੋਂ 2004 ਤੱਕ ਮਹਿੰਦਰਗੜ੍ਹ ਤੋਂ ਲੋਕ ਸਭਾ ਮੈਂਬਰ ਰਹੀ ਅਤੇ 2015 'ਚ ਉਨ੍ਹਾਂ ਨੂੰ ਭਾਜਪਾ ਓ.ਬੀ.ਸੀ. ਮੋਰਚੇ ਦੀ ਰਾਸ਼ਟਰੀ ਇੰਚਾਰਜ ਨਿਯੁਕਤ ਕੀਤਾ ਗਿਆ | ਉਹ 2019 ਤੋਂ 2022 ਤੱਕ ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਦੀ ਮੈਂਬਰ ਰਹੀ ਤੇ ਉਨ੍ਹਾਂ 2022 'ਚ ਭਾਜਪਾ ਸੰਸਦੀ ਬੋਰਡ 'ਚ ਸ਼ਾਮਿਲ ਹੋ ਕੇ ਪਾਰਟੀ ਦੇ ਉੱਚ ਸੰਗਠਨਾਤਮਿਕ ਢਾਂਚੇ 'ਚ ਜਗ੍ਹਾ ਬਣਾਈ ਅਤੇ ਉਹ ਸੁਸ਼ਮਾ ਸਵਰਾਜ ਦੇ ਬਾਅਦ ਇਸ ਅਹੁਦੇ ਤੱਕ ਪਹੁੰਚਣ ਵਾਲੀ ਹਰਿਆਣਾ ਦੀ ਦੂਸਰੀ ਮਹਿਲਾ ਸੀ | ਹੁਣ ਉਹ ਕਰਨਾਟਕ ਦੀ ਰਾਜਪਾਲ ਦੀ ਜ਼ਿੰਮੇਵਾਰੀ ਨਿਭਾਉਂਦਿਆ ਆਪਣੇ ਲੰਬੇ ਰਾਜਨੀਤਕ ਅਨੁਭਵ ਨੂੰ ਇਕ ਨਵੀਂ ਸੰਵਿਧਾਨਕ ਭੂਮਿਕਾ ਨਾਲ ਜੋੜੇਗੀ | ਜ਼ਿਕਰਯੋਗ ਹੈ ਕਿ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਇਸ ਸਮੇਂ ਕਰਨਾਟਕ 'ਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਹਨ |
ਦੁਸ਼ਿਅੰਤ ਗੌਤਮ ਬਣੇ ਸਿੱਕਮ ਦੇ ਰਾਜਪਾਲ
ਮੋਦੀ ਸਰਕਾਰ ਵਲੋਂ ਦੁਸ਼ਿਅੰਤ ਗੌਤਮ ਨੂੰ ਸਿੱਕਮ ਦਾ ਰਾਜਪਾਲ ਬਣਾਇਆ ਗਿਆ ਹੈ, ਉਹ ਹਰਿਆਣਾ ਤੋਂ 2020 ਤੋਂ 2022 ਦੌਰਾਨ ਰਾਜ ਸਭਾ ਮੈਂਬਰ ਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਹੇ ਹਨ | ਦੁਸ਼ਿਅੰਤ ਗੌਤਮ ਲੰਬੇ ਸਮੇਂ ਤੱਕ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚੇ ਨਾਲ ਜੁੜੇ ਰਹੇ ਹਨ | ਡਾ. ਸੁਧਾ ਯਾਦਵ ਤੇ ਦੁਸ਼ਿਅੰਤ ਗੌਤਮ ਤੋਂ ਪਹਿਲਾਂ ਹਰਿਆਣਾ ਦੇ ਕਈ ਹੋਰ ਨੇਤਾ ਵੀ ਵੱਖ-ਵੱਖ ਸੂਬਿਆਂ 'ਚ ਰਾਜਪਾਲ ਜਾਂ ਉਪ-ਰਾਜਪਾਲ ਵਜੋਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ | ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਡਾਲਾਵਾਸ ਦੀ ਚੰਦਰਵਤੀ 1990 'ਚ ਪੁਡੂਚੇਰੀ ਦੀ ਉਪ-ਰਾਜਪਾਲ ਬਣਨ ਵਾਲੀ ਹਰਿਆਣਾ ਦੀ ਪਹਿਲੀ ਮਹਿਲਾ ਆਗੂ ਸੀ | ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਨਾਲ ਸੰਬੰਧਿਤ ਆਚਾਰਿਆ ਦੇਵਵ੍ਰਤ ਵੀ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਹਿਣ ਤੋਂ ਬਾਅਦ ਸਾਲ 2019 ਤੋਂ ਹੁਣ ਤੱਕ ਗੁਜਰਾਤ ਦੇ ਰਾਜਪਾਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਇਸੇ ਤਰ੍ਹਾਂ ਅੰਬਾਲਾ ਦੇ ਵਸਨੀਕ ਚੌਧਰੀ ਸੂਰਜਭਾਨ ਨੇ ਹਰਿਆਣਾ ਤੋਂ ਨਿਕਲ ਕੇ ਰਾਸ਼ਟਰੀ ਰਾਜਨੀਤੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ, ਉਨ੍ਹਾਂ ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵਜੋਂ ਸੇਵਾਵਾਂ ਨਿਭਾਉਂਦਿਆ ਕੁਝ ਸਮੇਂ ਲਈ ਬਿਹਾਰ ਦੇ ਰਾਜਪਾਲ ਦਾ ਵਧੀਕ ਚਾਰਜ ਵੀ ਸੰਭਾਲਿਆ ਸੀ | ਉਹ ਲੋਕ ਸਭਾ ਦੇ ਡਿਪਟੀ ਸਪੀਕਰ ਤੋਂ ਇਲਾਵਾ ਕੇਂਦਰੀ ਖੇੇਤੀ ਮੰਤਰੀ ਵੀ ਰਹੇ ਹਨ | ਉਹ ਰਾਸ਼ਟਰੀ ਐੱਸ.ਸੀ/ਐੱਸ.ਟੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹਨ | ਇਨ੍ਹਾਂ ਤੋਂ ਇਲਾਵਾ ਸੋਨੀਪਤ ਜ਼ਿਲ੍ਹੇ ਦੇ ਚੌਧਰੀ ਰਣਬੀਰ ਸਿੰਘ ਸਿੱਕਮ ਦੇ ਰਾਜਪਾਲ ਰਹੇ ਹਨ, ਜਦਕਿ ਰੋਹਤਕ ਜ਼ਿਲ੍ਹੇ ਦੇ ਪਿੰਡ ਗੜ੍ਹੀ ਸਾਂਪਲੇ 'ਚ ਜਨਮੇ ਹੰਸਰਾਜ ਭਾਰਦਵਾਜ ਕੇਰਲ ਤੇ ਕਰਨਾਟਕ ਦੇ ਰਾਜਪਾਲ ਰਹਿ ਚੁੱਕੇ ਹਨ | ਭਾਰਦਵਾਜ ਰਾਜਪਾਲ ਬਣਨ ਤੋਂ ਪਹਿਲਾਂ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਵੀ ਰਹੇ ਸਨ ਤੇ ਉਨ੍ਹਾਂ ਰਾਸ਼ਟਰੀ ਰਾਜਨੀਤੀ 'ਚ ਅਹਿਮ ਭੂਮਿਕਾ ਨਿਭਾਈ ਸੀ |
ਗਣੇਸ਼ੀ ਲਾਲ ਤੇ ਜਨਰਲ ਵੀ.ਕੇ. ਸਿੰਘ ਵੀ ਰਾਜਪਾਲ ਬਣੇ
ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਸਾ ਦੇ ਰਹਿਣ ਵਾਲੇ ਪ੍ਰੋ. ਗਣੇਸ਼ੀ ਲਾਲ 29 ਮਈ 2018 ਤੋਂ 30 ਅਕਤੂਬਰ 2023 ਤੱਕ ਓਡੀਸ਼ਾ ਦੇ ਰਾਜਪਾਲ ਰਹੇ ਹਨ | ਉਹ 1996 'ਚ ਸਿਰਸਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਹਰਿਆਣਾ 'ਚ ਚੌਧਰੀ ਬੰਸੀਲਾਲ ਦੀ ਅਗਵਾਈ ਵਾਲੀ ਹਵਿਪਾ-ਭਾਜਪਾ ਗੱਠਜੋੜ ਸਰਕਾਰ 'ਚ ਕੈਬਨਿਟ ਮੰਤਰੀ ਵੀ ਰਹੇ ਸਨ | ਝੱਜਰ ਜ਼ਿਲ੍ਹੇ ਦੇ ਪੰਡਿਤ ਭਗਵਤ ਦਿਆਲ ਸ਼ਰਮਾ ਹਰਿਆਣਾ ਦੀ ਰਾਜਨੀਤੀ 'ਚ ਇਕ ਵੱਡਾ ਨਾਂਅ ਹਨ, ਜੋ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ | ਉਨ੍ਹਾਂ ਸੂਬੇ ਤੋਂ ਅੱਗੇ ਰਾਸ਼ਟਰੀ ਰਾਜਨੀਤੀ 'ਚ ਅਹਿਮ ਭੂਮਿਕਾ ਨਿਭਾਈ, ਉਹ 1977 ਤੋਂ 1980 ਤੱਕ ਓਡੀਸ਼ਾ ਤੇ 1980 ਤੋਂ 1984 ਤੱਕ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਹਨ | ਕੁਰੂਕਸ਼ੇਤਰ ਨਾਲ ਸੰਬੰਧਿਤ ਲੈਫ. ਜਨਰਲ ਜਗਜੀਤ ਸਿੰਘ ਦਿਆਲ ਪੁਡੂਚੇਰੀ ਤੇ ਅੰਡੇਮਾਨ ਨਿਕੋਬਾਰ ਟਾਪੂਆਂ ਦੇ ਉਪ-ਰਾਜਪਾਲ ਰਹੇ ਹਨ, ਜਦਕਿ ਰੋਹਤਕ ਜ਼ਿਲ੍ਹੇ ਦੇ ਸਾਂਘੀ ਪਿੰਡ ਦੇ ਰਹਿਣ ਵਾਲੇ ਡਾ. ਸਵਰੂਪ ਸਿੰਘ ਕੇਰਲਾ, ਗੁਜਰਾਤ ਤੇ ਰਾਜਸਥਾਨ ਦੇ ਰਾਜਪਾਲ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਿਜ਼ਾਮਪੁਰ ਮਾਜਰਾ ਪਿੰਡ ਦੇ ਵਸਨੀਕ ਚੌਧਰੀ ਸੁਲਤਾਨ ਸਿੰਘ ਗਹਿਲੋਤ ਵੀ ਤਿ੍ਪੁਰਾ ਦੇ ਰਾਜਪਾਲ ਰਹੇ ਹਨ | ਰਾਜਪਾਲ ਬਣਨ ਤੋਂ ਪਹਿਲਾਂ ਉਹ 18 ਸਾਲ ਰਾਜ ਸਭਾ ਸੰਸਦ ਮੈਂਬਰ ਰਹਿਣ ਤੋਂ ਇਲਾਵਾ ਹਰਿਆਣਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ | ਇਸੇ ਤਰ੍ਹਾਂ ਪਲਵਲ ਜ਼ਿਲ੍ਹੇ ਦੇ ਨਚਾਰੀ ਪਿੰਡ ਦੇ ਰਹਿਣ ਵਾਲੇ ਓਮਪ੍ਰਕਾਸ਼ ਸ਼ਰਮਾ ਨਾਗਾਲੈਂਡ ਦੇ ਰਾਜਪਾਲ ਰਹਿ ਚੁੱਕੇ ਹਨ, ਸ਼ਰਮਾ ਰਾਜਪਾਲ ਬਣਨ ਤੋਂ ਪਹਿਲਾਂ ਪੁਲਿਸ 'ਚ ਡੀ.ਜੀ.ਪੀ. ਦੇ ਅਹੁਦੇ 'ਤੇ ਰਹੇ ਸਨ | ਇਨ੍ਹਾਂ ਤੋਂ ਇਲਾਵਾ ਸੈਨਾ ਮੁਖੀ ਰਹੇ ਜਨਰਲ ਵੀ.ਕੇ. ਸਿੰਘ ਦਾ ਨਾਂਅ ਵੀ ਹਰਿਆਣਾ ਨਾਲ ਸੰਬੰਧਿਤ ਰਾਜਪਾਲ ਦੇ ਅਹੁਦੇ ਤੱਕ ਪਹੁੰਚਣ ਵਾਲੇ ਪ੍ਰਮੁੱਖ ਵਿਅਕਤੀਆਂ 'ਚ ਸ਼ਾਮਿਲ ਹੈ | ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਬਾਪੌੜਾ ਦੇ ਰਹਿਣ ਵਾਲੇ ਜਨਰਲ ਵੀ.ਕੇ. ਸਿੰਘ ਸੇਵਾਮੁਕਤ ਹੋਣ ਬਾਅਦ ਰਾਜੀਨੀਤੀ 'ਚ ਆਏ ਸਨ ਤੇ ਕੇਂਦਰ ਸਰਕਾਰ ਵਿਚ ਵਿਦੇਸ਼ ਰਾਜ ਮੰਤਰੀ ਵੀ ਰਹੇ ਹਨ | ਉਨਾਂ ਨੂੰ ਮਿਜ਼ੋਰਮ ਦਾ ਰਾਜਪਾਲ ਬਣਾਇਆ ਗਿਆ, ਉਨ੍ਹਾਂ ਸੈਨਾ ਤੋਂ ਰਾਜਨੀਤੀ ਤੇ ਫਿਰ ਰਾਜਪਾਲ ਦੇ ਅਹੁਦੇ ਤੱਕ ਪਹੁੰਚ ਕੇ ਇਕ ਮਿਸਾਲ ਕਾਇਮ ਕੀਤੀ ਹੈ |
-ਵਿਸ਼ੇਸ਼ ਪ੍ਰਤੀਨਿਧ
ਮੋਬਾਈਲ.- 9855465946
ਈ-ਮੇਲ : ramsinghbrar0gmail.com