08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

'ਭਾਰਤ ਰਤਨ' ਐੱਲ.ਕੇ. ਅਡਵਾਨੀ ਜੀਵਨ ਦੇ 100ਵੇਂ ਵਰ੍ਹੇ ਵਿਚ

'ਭਾਰਤ ਰਤਨ' ਐੱਲ.ਕੇ. ਅਡਵਾਨੀ ਜੀਵਨ ਦੇ 100ਵੇਂ ਵਰ੍ਹੇ ਵਿਚ

ਅਜੀਤ ਡੈਸਕ 08-11-2026

ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਅੱਜ 8 ਨਵੰਬਰ ਨੂੰ  ਆਪਣੇ ਜੀਵਨ ਦੇ ਸੌਵੇਂ ਵਰ੍ਹੇ ਵਿਚ ਦਾਖ਼ਲ ਹੋ ਰਹੇ ਹਨ | ਇਸ ਵਰ੍ਹੇ ਉਨ੍ਹਾਂ ਦੇ ਜਨਮ ਦਿਨ ਮੌਕੇ ਦੀਵਾਲੀ ਦਾ ਸ਼ੁੱਭ ਸੰਯੋਗ ਬਣਿਆ ਹੈ, ਜੋ ਪ੍ਰਭੂ ਸ੍ਰੀ ਰਾਮ ਅਤੇ ਦੀਵਿਆਂ ਨਾਲ ਜੁੜਿਆ ਤਿਉਹਾਰ ਹੈ | ਇਹ ਸਮਾਂ ਹੋਰ ਵੀ ਖ਼ਾਸ ਹੈ ਕਿਉਂਕਿ ਅਸੀਂ ਜਨਸੰਘ ਦੀ ਸਥਾਪਨਾ ਦੇ 75 ਵਰ੍ਹੇ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜੈਅੰਤੀ ਵੀ ਮਨਾ ਰਹੇ ਹਾਂ | ਹਾਲ ਹੀ ਵਿਚ ਅਸੀਂ ਆਰ.ਐਸ.ਐਸ. ਦੇ ਸੌ ਵਰ੍ਹੇ ਪੂਰੇ ਹੋਣ ਦਾ ਜਸ਼ਨ ਵੀ ਮਨਾਇਆ ਹੈ |

ਅਜਿਹੀਆਂ ਬਹੁਤ ਘੱਟ ਸ਼ਖ਼ਸੀਅਤਾਂ ਹੁੰਦੀਆਂ ਹਨ, ਜਿਨ੍ਹਾਂ ਦੇ ਜੀਵਨ ਨੇ ਆਧੁਨਿਕ ਭਾਰਤ ਦੇ ਇੰਨੇ ਵੱਖ-ਵੱਖ ਅਧਿਆਵਾਂ ਨੂੰ  ਛੂਹਿਆ ਹੋਵੇ | ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ  ਦੇਵ ਦੀਵਾਲੀ ਵਾਲੇ ਦਿਨ ਹੋਇਆ ਸੀ | 1947 'ਚ ਨੌਜਵਾਨ ਵਜੋਂ ਉਨ੍ਹਾਂ ਨੇ ਸਿੰਧ ਵਿਚ ਆਪਣੀ ਜਾਣੀ-ਪਛਾਣੀ ਦੁਨੀਆ ਨੂੰ  ਪਿੱਛੇ ਛੱਡਣ ਦਾ ਦਰਦ ਹੰਢਾਇਆ | ਉਨ੍ਹਾਂ ਨੇ ਮਨ ਵਿਚ ਕਿਸੇ ਕੁੜੱਤਣ ਤੋਂ ਬਿਨਾਂ ਨਵੇਂ ਸਿਰਿਓਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ | ਸਾਰੀਆਂ ਔਕੜਾਂ ਦੇ ਬਾਵਜੂਦ ਸਿਫ਼ਰ ਤੋਂ ਮੁੜ ਸ਼ੁਰੂ ਕਰਨ ਦਾ ਇਹ ਗੁਣ ਹਮੇਸ਼ਾ ਉਨ੍ਹਾਂ ਦੇ ਨਾਲ ਰਿਹਾ ਹੈ | ਇਹ ਗੁਣ ਉਦੋਂ ਵੀ ਦੇਖਣ ਨੂੰ  ਮਿਲਿਆ ਜਦੋਂ ਉਹ ਜਨ ਸੰਘ ਨੂੰ  ਮਜ਼ਬੂਤ ਕਰ ਰਹੇ ਸਨ ਤੇ ਬਾਅਦ ਵਿਚ ਭਾਜਪਾ ਨੂੰ  ਖੜ੍ਹਾ ਕਰ ਰਹੇ ਸਨ | ਭਾਜਪਾ ਪ੍ਰਧਾਨ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ 1989 ਵਿਚ ਕਾਂਗਰਸ 400 ਤੋਂ ਸਿੱਧੀ 200 ਤੋਂ ਹੇਠਾਂ ਆ ਡਿੱਗੀ ਅਤੇ 1996 'ਚ ਭਾਜਪਾ ਪਹਿਲੀ ਵਾਰ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ | ਅਡਵਾਨੀ ਨੇ ਕਾਰਜਕਰਤਾਵਾਂ ਦੀਆਂ ਕਈ ਪੀੜ੍ਹੀਆਂ ਤਿਆਰ ਕੀਤੀਆਂ ਤੇ ਪਾਰਟੀ ਨੂੰ  'ਦੇਸ਼ ਪਹਿਲਾਂ' ਦੇ ਸਿਧਾਂਤ 'ਤੇ ਆਧਾਰਿਤ ਸਪੱਸ਼ਟ ਬੁਨਿਆਦ ਦਿੱਤੀ | ਇਕ ਨੇਤਾ ਵਜੋਂ ਦੋ ਗੁਣ ਅਡਵਾਨੀ ਜੀ ਨੂੰ  ਹਮੇਸ਼ਾ ਵੱਖਰਾ ਬਣਾਉਂਦੇ ਹਨ | ਪਹਿਲਾ, ਉਨ੍ਹਾਂ ਦੀ ਵਿਚਾਰਧਾਰਕ ਸਪੱਸ਼ਟਤਾ ਤੇ ਬੌਧਿਕ ਤੀਖਣਤਾ | ਦੂਜਾ, ਜਿਸ ਢੰਗ ਨਾਲ ਉਨ੍ਹਾਂ ਨੇ ਭਾਰਤੀ ਸਿਆਸਤ ਦੇ ਇਕ ਵੱਡੇ ਹਿੱਸੇ ਵਲੋਂ ਕਈ ਵਰਿ੍ਹਆਂ ਤੱਕ ਪ੍ਰਚਾਰੀ ਗਈ ਅਖੌਤੀ ਧਰਮ-ਨਿਰਪੱਖਤਾ ਦੇ ਪਾਜ ਉਧੇੜੇ | ਉਨ੍ਹਾਂ ਨੇ ਹਰ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ | ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਉਨ੍ਹਾਂ ਨੇ ਪਹਿਲਾਂ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ 'ਚ ਕੰਮ ਕੀਤਾ | ਉੱਥੋਂ ਉਹ ਦੇਸ਼ ਦੀ ਰਾਜਧਾਨੀ ਗਏ, ਜਿੱਥੇ ਉਨ੍ਹਾਂ ਨੇ ਅਟਲ ਜੀ ਦੇ ਨਾਲ ਮਿਲ ਕੇ ਨੇੜਿਓਾ ਕੰਮ ਕਰਨਾ ਸ਼ੁਰੂ ਕੀਤਾ | ਇਤਿਹਾਸ ਗਵਾਹ ਹੈ ਕਿ ਦੋ ਸਿਰਮੌਰ ਸਿਆਸੀ ਆਗੂਆਂ ਦਾ ਕਈ ਦਹਾਕਿਆਂ ਤੱਕ ਇਕੱਠਿਆਂ ਕੰਮ ਕਰਨਾ ਤੇ ਇਕ-ਦੂਜੇ ਦੇ ਮੁਕਾਬਲੇਬਾਜ਼ ਬਣਨ ਦੀ ਥਾਂ ਆਪਸੀ ਸਹਿਯੋਗ ਨਾਲ ਅੱਗੇ ਵਧਣਾ ਬਹੁਤ ਵਿਰਲਾ ਹੁੰਦਾ ਹੈ | 
1967 'ਚ ਅਡਵਾਨੀ ਜੀ ਦਿੱਲੀ ਮੈਟਰੋਪੋਲੀਟਨ ਕੌਂਸਲ ਦੇ ਚੇਅਰਮੈਨ ਬਣੇ, ਜਿੱਥੇ ਉਨ੍ਹਾਂ ਨੇ ਮਰਹੂਮ ਵਿਜੈ ਕੁਮਾਰ ਮਲਹੋਤਰਾ (ਜੋ ਮੁੱਖ ਕਾਰਜਕਾਰੀ ਕੌਂਸਲਰ ਬਣੇ) ਦੇ ਨਾਲ ਮਿਲ ਕੇ ਕੰਮ ਕੀਤਾ | 1970 ਵਿਚ ਉਨ੍ਹਾਂ ਦੀ ਸੰਸਦੀ ਪਾਰੀ ਦੀ ਸ਼ੁਰੂਆਤ ਹੋਈ | ਸੰਸਦ ਵਿਚ ਉਨ੍ਹਾਂ ਦੇ ਵਿਚਾਰਾਂ ਦੀ ਸਾਰੀਆਂ ਸਿਆਸੀ ਧਿਰਾਂ ਵਲੋਂ ਸ਼ਲਾਘਾ ਕੀਤੀ ਜਾਂਦੀ ਰਹੀ ਹੈ | ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ | ਬਾਅਦ ਵਿਚ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਤੇ ਫਿਰ ਸੱਤਾਧਾਰੀ ਧਿਰ ਦੇ ਬੈਂਚਾਂ 'ਤੇ ਬੈਠ ਕੇ ਵੀ ਉਨ੍ਹਾਂ ਆਪਣੀ ਛਾਪ ਛੱਡੀ | ਮੈਨੂੰ 1991 ਦੀਆਂ ਲੋਕ ਸਭਾ ਚੋਣਾਂ ਚੰਗੀ ਤਰ੍ਹਾਂ ਯਾਦ ਹਨ | ਇਹ ਫ਼ੈਸਲਾ ਕੀਤਾ ਗਿਆ ਸੀ ਕਿ ਅਡਵਾਨੀ ਜੀ ਦੋ ਸੀਟਾਂ ਤੋਂ ਚੋਣ ਲੜਨਗੇ, ਜਿਨ੍ਹਾਂ 'ਚੋਂ ਇਕ ਗਾਂਧੀਨਗਰ ਸੀ | ਗੁਜਰਾਤ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਸੀ | ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਕੱਛ ਵਿਚ ਆ ਕੇ ਵਸੇ ਸਨ | ਅਡਵਾਨੀ ਜੀ ਗੁਜਰਾਤ ਤੋਂ ਰਾਜ ਸਭਾ ਮੈਂਬਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ | ਇਸ ਲਈ ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਘਰ ਵਾਪਸੀ ਵਰਗਾ ਸੀ | ਭਾਜਪਾ ਸੰਗਠਨ ਨਾਲ ਜੁੜੇ ਹੋਣ ਕਰਕੇ ਮੈਨੂੰ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਤਿਆਰ ਕਰਨ 'ਚ ਮਦਦ ਕਰਨ ਅਤੇ ਪੂਰੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨਾਲ ਸਹਿਯੋਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ | ਗਾਂਧੀਨਗਰ ਦੇ ਲੋਕਾਂ ਨੇ ਉਨ੍ਹਾਂ ਨੂੰ  ਵਾਰ-ਵਾਰ ਜਿਤਾ ਕੇ ਸੰਸਦ ਵਿਚ ਭੇਜਿਆ |
ਐਮਰਜੈਂਸੀ ਦਾ ਦੌਰ ਉਨ੍ਹਾਂ ਦੇ ਜੀਵਨ ਵਿਚ ਅਹਿਮ ਮੋੜ ਸੀ | ਉਹ ਲੋਕਤੰਤਰ ਨੂੰ  ਬਚਾਉਣ ਤੇ ਸੰਵਿਧਾਨ ਦੀ ਰਾਖੀ ਲਈ ਮੂਹਰਲੀ ਕਤਾਰ 'ਚ ਰਹੇ | ਉਨ੍ਹਾਂ ਦੇ ਤਜਰਬੇ ਉਨ੍ਹਾਂ ਦੀ ਕਿਤਾਬ 'ਏ ਪਿ੍ਜ਼ਨਰਜ਼ ਸਕ੍ਰੈਪ-ਬੁੱਕ' ਵਿਚ ਦਰਜ ਹਨ | ਉਸ ਕਿਤਾਬ ਦੇ ਇੱਕ ਹਿੱਸੇ, ਜਿਸ ਦਾ ਸਿਰਲੇਖ 'ਏ ਟੇਲ ਆਫ ਟੂ ਐਮਰਜੈਂਸੀਜ਼' ਹੈ, ਵਿਚ ਜੂਨ 1975 ਤੋਂ ਭਾਰਤ ਵਿਚ ਵਾਪਰੀਆਂ ਘਟਨਾਵਾਂ ਤੇ 1933 ਵਿਚ ਨਾਜ਼ੀ ਜਰਮਨੀ ਦੀਆਂ ਘਟਨਾਵਾਂ ਦਰਮਿਆਨ ਹੈਰਾਨੀਜਨਕ ਸਮਾਨਤਾਵਾਂ ਨੂੰ  ਬੜੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ | ਉਹ ਜੋਸ਼ੀਲੇ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਲ-ਨਾਲ ਬੇਮਿਸਾਲ ਪ੍ਰਸ਼ਾਸਕ ਵੀ ਰਹੇ ਹਨ | ਜਦੋਂ 1977 'ਚ ਜਨਤਾ ਸਰਕਾਰ ਸੱਤਾ ਵਿਚ ਆਈ ਤਾਂ ਉਹ ਸੂਚਨਾ ਤੇ ਪ੍ਰਸਾਰਨ ਮੰਤਰੀ ਬਣੇ | ਉਪ ਪ੍ਰਧਾਨ ਮੰਤਰੀ ਤੇ ਭਾਰਤ ਵਿਚ ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਗ੍ਰਹਿ ਮੰਤਰੀਆਂ 'ਚੋਂ ਇਕ ਵਜੋਂ, ਉਨ੍ਹਾਂ ਨੇ ਭਾਰਤ ਦੇ ਸੁਰੱਖਿਆ ਤੰਤਰ ਨੂੰ  ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ | ਦਹਿਸ਼ਤਗਰਦੀ ਵਿਰੁੱਧ ਉਨ੍ਹਾਂ ਦੇ ਸਪੱਸ਼ਟ ਤੇ ਅਡੋਲ ਸਟੈਂਡ ਸਦਕਾ ਭਾਰਤ ਨੂੰ  ਦਹਿਸ਼ਤਗਰਦੀ ਵਿਰੋਧੀ ਸਖ਼ਤ ਕਾਨੂੰਨ ਮਿਲਿਆ | ਬੇਸ਼ੱਕ ਉਨ੍ਹਾਂ ਦੇ ਜੀਵਨ ਦਾ ਇਤਿਹਾਸਕ ਪਲ ਸੋਮਨਾਥ ਤੋਂ ਅਯੁੱਧਿਆ ਤੱਕ ਦੀ ਰੱਥ ਯਾਤਰਾ ਸੀ | ਇਸ ਨੇ ਭਾਰਤੀ ਸਮਾਜ ਨੂੰ  ਬਿਹਤਰ ਦਿਸ਼ਾ ਦਿਖਾਉਣ ਵਿਚ ਅਹਿਮ ਭੂਮਿਕਾ ਨਿਭਾਈ | ਮੈਂ ਇਸ ਨੂੰ  ਆਪਣਾ ਸੁਭਾਗ ਮੰਨਦਾ ਹਾਂ ਕਿ ਮੈਨੂੰ ਇਸ ਯਾਤਰਾ ਦੀ ਰੂਪ-ਰੇਖਾ ਉਲੀਕਣ ਤੋਂ ਲੈ ਕੇ ਇਸ ਨੂੰ  ਨੇਪਰੇ ਚਾੜ੍ਹਨ ਤੱਕ ਇਸ ਨਾਲ ਜੁੜਨ ਦਾ ਮੌਕਾ ਮਿਲਿਆ |
ਮੈਨੂੰ ਬਿਹਾਰ ਵਿਚ ਉਨ੍ਹਾਂ ਦੀ ਗਿ੍ਫ਼ਤਾਰੀ ਦੇ ਦੁਖਦਾਈ ਪਲ ਵੀ ਯਾਦ ਹਨ | ਉਦੋਂ ਗੁਜਰਾਤ ਵਿਚ ਭਾਜਪਾ ਨੇ ਚਿਮਨਭਾਈ ਪਟੇਲ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ | ਇਸ ਨਾਲ ਇਕ ਸਿੱਧਾ ਤੇ ਸਪੱਸ਼ਟ ਸੰਦੇਸ਼ ਦਿੱਤਾ ਗਿਆ ਕਿ ਜਦੋਂ ਗੱਲ ਸਾਡੀ ਵਿਚਾਰਧਾਰਾ ਤੇ ਰਾਮ ਮੰਦਰ ਦੀ ਹੋਵੇਗੀ ਤਾਂ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਸਾਡੇ ਕਈ ਸੀਨੀਅਰ ਆਗੂਆਂ ਤੇ ਕਾਰਜਕਰਤਾਵਾਂ ਨੇ ਸਹੁੰ ਚੁੱਕੀ ਕਿ ਭਾਵੇਂ ਕੁਝ ਵੀ ਹੋ ਜਾਵੇ, ਰਾਮ ਮੰਦਰ ਦੀ ਉਸਾਰੀ ਹੋ ਕੇ ਰਹੇਗੀ | ਵਰਿ੍ਹਆਂ ਬਾਅਦ ਭਾਰਤ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਅਯੁੱਧਿਆ ਵਿਚ ਪ੍ਰਭੂ ਸ੍ਰੀ ਰਾਮ ਦਾ ਇਕ ਵਿਸ਼ਾਲ ਮੰਦਰ ਹਕੀਕਤ ਬਣਿਆ ਹੈ | ਉਨ੍ਹਾਂ ਦੀ ਸ਼ਖ਼ਸੀਅਤ ਦੇ ਹੋਰ ਵੀ ਕਈ ਅਜਿਹੇ ਪੱਖ ਹਨ, ਜੋ ਉਨ੍ਹਾਂ ਨੂੰ  ਬੇਮਿਸਾਲ ਬਣਾਉਂਦੇ ਹਨ | ਮਿਸਾਲ ਵਜੋਂ ਉਨ੍ਹਾਂ ਦੀ ਸਾਦਗੀ | ਨਵਨਿਰਮਾਣ ਅੰਦੋਲਨ ਤੋਂ ਬਾਅਦ ਉਹ ਜੂਨਾਗੜ੍ਹ ਆਏ ਸਨ ਤੇ ਇਕ ਆਮ ਵਰਕਰ ਵਜੋਂ ਉੱਥੇ ਪੂਰਾ ਮਹੀਨਾ ਰਹੇ | ਇਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ  ਤਿਆਰ ਕੀਤਾ, ਜਿਨ੍ਹਾਂ 'ਚ ਕਾਂਗਰਸ ਨੂੰ  ਲੋਕਾਂ ਨੇ ਨਕਾਰ ਦਿੱਤਾ ਸੀ | ਉਨ੍ਹਾਂ ਨੇ ਹਮੇਸ਼ਾ ਇਹ ਦਿਖਾਇਆ ਹੈ ਕਿ ਜਨਤਕ ਜੀਵਨ ਵਿਚ ਇਮਾਨਦਾਰੀ ਕੀ ਹੁੰਦੀ ਹੈ | ਉਨ੍ਹਾਂ ਨੂੰ  ਪੜ੍ਹਨ ਦਾ ਬਹੁਤ ਸ਼ੌਕ ਹੈ | ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਸਮਾਂ ਬਿਤਾਇਆ ਹੈ, ਉਹ ਜਾਣਦੇ ਹਨ ਕਿ ਉਹ ਕਿੰਨੀ ਬਾਰੀਕੀ ਨਾਲ ਅਖ਼ਬਾਰਾਂ ਪੜ੍ਹਦੇ ਹਨ | ਉਹ ਸਿਨੇਮਾ ਤੇ ਰੰਗਮੰਚ ਦੇ ਵੀ ਵੱਡੇ ਪ੍ਰਸੰਸਕ ਹਨ ਤੇ ਉਹ ਫ਼ਿਲਮਾਂ ਦੀ ਸਮੀਖਿਆ ਕਰਨ ਵਿਚ ਵੀ ਖ਼ਾਸ ਦਿਲਚਸਪੀ ਰੱਖਦੇ ਰਹੇ ਹਨ |  ਇਤਿਹਾਸ ਬਾਰੇ ਉਨ੍ਹਾਂ ਦੀ ਸਮਝ ਅਤੇ ਇਸ ਨੂੰ  ਸਾਂਭਣ ਦੀ ਲੋੜ ਉਨ੍ਹਾਂ ਦੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ' ਵਿਚ ਸਾਫ਼ ਦਿਖਾਈ ਦਿੰਦੀ ਹੈ | ਉਹ ਹਮੇਸ਼ਾ ਸਿੰਧੀ ਸੱਭਿਆਚਾਰ ਨਾਲ ਜੁੜੇ ਰਹੇ | ਉਨ੍ਹਾਂ ਵਲੋਂ ਕੀਤੇ ਗਏ ਹੋਰ ਉਪਰਾਲਿਆਂ 'ਚੋਂ ਇਕ ਲੇਹ ਨੇੜੇ 'ਸਿੰਧੂ ਦਰਸ਼ਨ ਪੂਜਾ' ਨੂੰ  ਹਰਮਨ-ਪਿਆਰਾ ਬਣਾਉਣਾ ਸੀ | ਮੈਂ ਖ਼ੁਦ ਅਡਵਾਨੀ ਤੇ ਜਾਰਜ ਫਰਨਾਂਡਿਜ਼ ਨਾਲ ਇਕ ਪੂਜਾ 'ਚ ਸ਼ਾਮਿਲ ਹੋਇਆ ਸੀ |
ਅਡਵਾਨੀ ਜੀ ਦੀ ਇਸ ਸ਼ਾਨਦਾਰ ਜੀਵਨ ਯਾਤਰਾ ਦਾ ਕੋਈ ਵੀ ਜ਼ਿਕਰ ਕਮਲਾ ਅਡਵਾਨੀ ਤੋਂ ਬਿਨਾਂ ਅਧੂਰਾ ਹੋਵੇਗਾ | ਉਨ੍ਹਾਂ ਨੇ ਅਡਵਾਨੀ ਜੀ ਦੇ ਪੂਰੇ ਜਨਤਕ ਜੀਵਨ ਦੌਰਾਨ ਹਰ ਕਦਮ 'ਤੇ ਉਨ੍ਹਾਂ ਨੂੰ  ਹੌਸਲਾ ਤੇ ਸਹਿਯੋਗ ਦਿੱਤਾ | ਕਰਾਚੀ ਵਿਚ ਵੱਡੇ ਹੁੰਦਿਆਂ ਅਡਵਾਨੀ ਜੀ ਨੇ ਸ਼ਾਇਦ ਹੀ ਕਦੇ ਕਲਪਨਾ ਕੀਤੀ ਹੋਵੇਗੀ ਕਿ, ਉਨ੍ਹਾਂ ਦਾ ਜੀਵਨ ਕਿਸ ਰਾਹ 'ਤੇ ਅੱਗੇ ਵਧੇਗਾ | 2024 ਵਿਚ ਉਨ੍ਹਾਂ ਨੂੰ  'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਗਿਆ | ਅੱਜ ਜਦੋਂ ਉਹ ਜੀਵਨ ਦੇ ਸੌਵੇਂ ਵਰ੍ਹੇ ਵਿਚ ਦਾਖ਼ਲ ਹੋ ਰਹੇ ਹਨ ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ  ਚੰਗੀ ਸਿਹਤ ਬਖਸ਼ੇ ਅਤੇ ਉਹ ਹਮੇਸ਼ਾ ਵਾਂਗ ਸਾਨੂੰ ਸਾਰਿਆਂ ਨੂੰ  ਪ੍ਰੇਰਿਤ ਕਰਦੇ ਰਹਿਣ |

ਪਿਛਲੀ ਖ਼ਬਰ ਧੁਆਂਖੀ ਦੀਵਾਲੀ ਅਗਲੀ ਖ਼ਬਰ ਖੁਸ਼ਵੰਤ ਸਿੰਘ ਸਾਹਿਤ ਉਤਸਵ ਤੇ ਕੁਲਵੰਤ ਸਿੰਘ ਵਿਰਕ ਨਾਲ ਜੁੜੀਆਂ ਯਾਦਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।