27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਆਰ. ਮਾਧਵਨ ਨੂੰ ਪਦਮਸ਼੍ਰੀ ਮਿਲਣਾ ਹੁਨਰ ਦਾ ਸਤਿਕਾਰ

ਅਜੀਤ ਡੈਸਕ 08-07-2026

ਰੰਗਨਾਥਨ ਮਾਧਵਾਨ ਨੂੰ ਪ੍ਰਸੰਸਕ (ਫੈਨ) ਪਿਆਰ ਨਾਲ ਮੈਡੀ ਕਹਿੰਦੇ ਹਨ। ਉਹ ਬਹੁਤ ਹੀ ਪ੍ਰਤਿਭਾਵਾਨ ਅਦਾਕਾਰ, ਪਟਕਥਾ ਲੇਖਕ, ਨਿਰਦੇਸ਼ਕ ਤੇ ਫ਼ਿਲਮ ਨਿਰਮਾਤਾ ਹੈ, ਜੋ ਤਾਮਿਲ ਤੇ ਹਿੰਦੀ ਸਿਨੇਮਾ ਵਿਚ ਕੀਤੇ ਆਪਣੇ ਵਿਆਪਕ ਕੰਮ ਲਈ ਜਾਣਿਆ ਜਾਂਦਾ ਹੈ। ਉਹ ਭਾਰਤ ਦੇ ਚੋਣਵੇਂ ਕਲਾਕਾਰਾਂ 'ਚੋਂ ਇਕ ਹੈ, ਜੋ ਵਿਲੱਖਣ ਪੈਨ-ਇੰਡੀਅਨ ਅਪੀਲ ਦਾ ਮਾਲਕ ਹੈ। ਮਾਧਵਨ ਨੂੰ ਭਾਰਤ ਸਰਕਾਰ ਵਲੋਂ 23 ਜੂਨ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਮੈਡੀ ਨੇ 1990 ਦੇ ਦਹਾਕੇ ਦੇ ਸ਼ੁਰੂ 'ਚ 'ਬਨੇਗੀ ਅਪਨੀ ਬਾਤ ਅਤੇ ਸੀ ਹਾਕਸ' ਵਰਗੇ ਪ੍ਰਸਿੱਧ ਹਿੰਦੀ ਸੀਰੀਅਲਾਂ ਨਾਲ ਆਪਣੀ ਅਦਾਕਾਰੀ ਯਾਤਰਾ ਦੀ ਸ਼ੁਰੂ ਕੀਤੀ ਸੀ। ਉਸ ਨੇ ਮਣੀਰਤਨਮ ਦੇ ਹਿੱਟ ਰੋਮਾਂਟਿਕ ਡਰਾਮਾ 'ਅਲਾਈ ਪਯੁਥੇ (2000) ਨਾਲ ਤਾਮਿਲ ਸਿਨੇਮਾ 'ਚ ਸਟਾਰਡਮ ਪ੍ਰਾਪਤ ਕਰਨ ਬਾਅਦ 'ਰਹਿਨਾ ਹੈ ਤੇਰੇ ਦਿਲ ਮੇਂ (2001), ਰੰਗ ਦੇ ਬਸੰਤੀ (2006) ਤੇ ਬਲਾਕਬਸਟਰ '3 ਇਡੀਅਟਸ' (2009) ਵਰਗੀਆਂ ਆਈਕੋਨਿਕ ਫ਼ਿਲਮਾਂ ਨਾਲ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ।
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪਦਮਸ਼੍ਰੀ ਪ੍ਰਾਪਤ ਕਰਨਾ ਕਿਵੇਂ ਲੱਗਿਆ ਤਾਂ ਉਸ ਦਾ ਜਵਾਬ ਸੀ, ਇਹ ਬਹੁਤ ਹੀ ਸਨਮਾਨਜਨਕ ਪਲ ਸੀ! ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਮੈਨੂੰ ਰਾਸ਼ਟਰਪਤੀ ਤੋਂ ਇਸ ਵੱਕਾਰੀ ਸਨਮਾਨ ਨੂੰ ਪ੍ਰਾਪਤ ਕਰਨ ਸਮੇਂ ਪ੍ਰਧਾਨ ਮੰਤਰੀ ਸਮੇਤ ਸਭ ਦੇਖ ਰਹੇ ਸਨ... ਜਿਵੇਂ ਸਮਾਂ ਰੁਕ ਗਿਆ ਹੋਵੇ। ਰਾਸ਼ਟਰੀ ਪਦਮ ਪੁਰਸਕਾਰ ਦੀ ਤੁਲਨਾ ਕਿਸੇ ਹੋਰ ਸਨਮਾਨ ਨਾਲ ਨਹੀਂ ਕੀਤੀ ਜਾ ਸਕਦੀ।
ਇਹ ਬਿਲਕੁਲ ਸੱਚ ਹੈ। ਆਪਣੇ ਸੰਘਰਸ਼ ਬਾਰੇ ਉਸ ਦੱਸਿਆ ਕਿ ਤੁਸੀਂ ਜਾਣਦੇ ਹੋ ਕਿ ਮਿਹਨਤ ਕਿੰਨੀ ਮਾਅਨੇ ਰੱਖਦੀ ਹੈ, ਆਪਣੀਆਂ ਯੋਗਤਾਵਾਂ ਬਾਰੇ ਅਸਲੀਅਤ 'ਚ ਠੋਸ ਸਮਝ ਬਹੁਤ ਜ਼ਰੂਰੀ ਹੈ। ਦਰਅਸਲ ਜ਼ਮੀਨ 'ਤੇ ਟਿਕੇ ਰਹਿਣ ਲਈ ਤੁਹਾਨੂੰ ਸਿਰਫ਼ ਉਸ ਪਰਿਵਾਰ ਦੀ ਲੋੜ ਨਹੀਂ ਹੁੰਦੀ, ਜੋ ਤੁਹਾਡੀ ਪ੍ਰਸੰਸਾ ਜਾਂ ਚਾਪਲੂਸੀ ਕਰਦਾ ਰਹੇ, ਸਗੋਂ ਇਕ ਅਜਿਹੇ ਪਰਿਵਾਰ ਦੀ ਲੋੜ ਹੁੰਦੀ ਹੈ, ਜੋ ਤੁਹਾਨੂੰ ਸੱਚਾਈ ਬਾਰੇ ਵੀ ਸੁਚੇਤ ਕਰਦਾ ਰਹੇ। ਮੈਂ ਕਈ ਅਦਾਕਾਰਾਂ ਨੂੰ ਜਾਣਦਾ ਹਾਂ ਜੋ ਇਸ ਠੋਸ ਸਹਾਇਤਾ ਪ੍ਰਣਾਲੀ ਤੋਂ ਬਿਨਾਂ ਅੱਗੇ ਵਧਣ ਵਿਚ ਅਸਫਲ ਰਹੇ ਹਨ।
ਉਂਝ, ਪਿੱਛੇ ਜਿਹੇ 'ਬਨੇਗੀ ਅਪਨੀ ਬਾਤ', ਲੜੀ ਤੋਂ ਬਾਅਦ ਮੇਰੇ ਪ੍ਰਸੰਸਕਾਂ ਦਾ ਦਾਇਰਾ ਅਚਾਨਕ ਵਧ ਗਿਆ। ਫਿਰ ਮਣੀਰਤਨਮ ਦੀ 'ਅਲਾਈ ਪਯੁਥੇ' ਲਈ ਮੈਂ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ, ਜਿਨ੍ਹਾਂ ਮੈਨੂੰ ਇਹ ਫ਼ਿਲਮ ਕਰਨ ਦਾ ਮੌਕਾ ਦਿੱਤਾ। ਮੇਰੀ ਹਿੰਦੀ ਡੈਬਿਊ 'ਰਹਿਨਾ ਹੈ ਤੇਰੇ ਦਿਲ ਮੇਂ' ਭਾਵੇਂ ਵੱਡੀ ਹਿੱਟ ਨਾ ਰਹੀ ਹੋਵੇ, ਪਰ ਸਾਲਾਂ ਬਾਅਦ ਇਹ ਇਕ ਪਥਪ੍ਰਦਰਸ਼ਕ (ਕਲਟ) ਫ਼ਿਲਮ ਬਣ ਗਈ ਹੈ। ਪਿੱਛੇ ਜਿਹੇ ਹੀ 'ਚ 'ਮੈਦਾਨ' ਮੇਰੇ ਲਈ ਇਕ ਗੇਮ-ਚੇਂਜਰ ਸੀ, ਜਿਸ ਨੇ ਮੇਰੀ ਸੀਮਾ ਦਾ ਵਿਸਥਾਰ ਕੀਤਾ ਹੈ। ਮੈਂ ਨਹੀਂ ਚਾਹੁੰਦਾ ਕਿ ਆਪਣੇ ਕਰੀਅਰ ਦੇ ਕਿਸੇ ਵੀ ਪੜਾਅ 'ਤੇ ਆਪਣੇ ਆਪ ਨੂੰ ਮੁੜ ਦੁਹਰਾਵਾਂ, ਮੈਂ ਜਿੰਨਾ ਚਿਰ ਵੀ ਇਕ ਅਦਾਕਾਰ ਵਜੋਂ ਸਰਗਰਮ ਰਹਾਂ, ਆਪਣੇ ਵਲੋਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਜਾਰੀ ਰੱਖਣਾ ਚਾਹੁੰਦਾ ਹਾਂ।
ਪਰਿਵਾਰ ਬਾਰੇ ਉਸ ਕਿਹਾ ਪਰਮਾਤਮਾ ਮੇਰੇ 'ਤੇ ਬਹੁਤ ਦਿਆਲੂ ਰਿਹਾ ਹੈ। ਮੈਨੂੰ ਇਕ ਚੰਗੀ ਪਤਨੀ ਤੇ ਇਕ ਪੁੱਤਰ ਦੀ ਬਖਸ਼ਿਸ਼ ਕੀਤੀ ਹੈ, ਜੋ ਮੈਨੂੰ ਯਾਦ ਦਿਵਾਉਂਦੇ ਹਨ ਕਿ ਮੈਂ ਕਿੰਨਾ ਵੱਡਭਾਗਾ ਹਾਂ। ਪ੍ਰਮਾਤਮਾ ਦੀ ਕਿਰਪਾ ਨਾਲ ਮੇਰਾ ਪੁੱਤਰ ਵੇਦਾਂਤ ਆਪਣੇ ਚੁਣੇ ਹੋਏ ਖੇਤਰ (ਤੈਰਾਕੀ) ਵਿਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਮੈਂ ਜ਼ਿੰਦਗੀ ਨਾਲ ਕੋਈ ਸ਼ਿਕਾਇਤ ਨਹੀਂ ਕਰ ਸਕਦਾ, ਜੋ ਬਹੁਤ ਸੋਹਣੀ ਤੇ ਸੰਤੁਸ਼ਟੀ ਭਰੀ ਹੈ। ਮੈਂ ਇਸ ਨੂੰ ਦੁਨੀਆ ਦੀ ਕਿਸੇ ਵੀ ਚੀਜ਼ ਨਾਲ ਨਹੀਂ ਬਦਲ ਸਕਦਾ।

ਪਿਛਲੀ ਖ਼ਬਰ ਨਾਇਕ ਹੀ ਬਣਨ ਲੱਗ ਪਏ ਖ਼ਲਨਾਇਕ ਅਗਲੀ ਖ਼ਬਰ ਆਲੀਆ ਭੱਟ ਤੇ ਇਮਤਿਆਜ਼ ਅਲੀ ਦਾ 'ਅਹਿਸਾਨਮੰਦ' ਹਾਂ : ਵੇਦਾਂਗ ਰੈਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।