ਇਕ ਵਾਰ ਫਿਰ ਦੀਪਿਕਾ ਪਾਦੂਕੋਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਕੰਮ ਤੇ ਕੰਮ ਪ੍ਰਤੀ ਸਮਰਪਣ ਲਈ ਵਚਨਬੱਧ ਸੀ, ਹੈ ਤੇ ਰਹੇਗੀ। ਦੀਪਿਕਾ ਪਾਦੂਕੋਨ ਕਿਸੇ ਵੀ ਚੈਲਿੰਜ ਨੂੰ ਸਵੀਕਾਰ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਬੇਟੀ ਦੁਆ ਦੇ ਜਨਮ ਸਮੇਂ ਉਸ ਨੇ ਬੱਚੀ ਪੇਟ 'ਚ ਹੋਣ ਦੇ ਬਾਵਜੂਦ 'ਕਲਕੀ 2898 ਏ.ਡੀ.' ਦੀ ਸ਼ੂਟਿੰਗ ਪੂਰੀ ਕਰਵਾਈ ਸੀ ਤੇ ਹੁਣ ਵੀ ਦੀਪੀ ਕੁਝ ਅਜਿਹਾ ਹੀ ਕਰ ਰਹੀ ਹੈ, ਜਦ ਦੂਸਰੇ ਬੱਚੇ ਦੇ ਆਉਣ ਦੀਆਂ ਖ਼ਬਰਾਂ ਤੇਜ਼ੀ ਨਾਲ ਆ ਰਹੀਆਂ ਹਨ। ਉਹ ਆਪਣੀਆਂ ਫ਼ਿਲਮਾਂ 'ਕਿੰਗ' ਤੇ 'ਰਾਕਾ' ਦੀਆਂ ਸ਼ੂਟਿੰਗਾਂ ਕਰ ਰਹੀ ਹੈ। ਔਖੇ ਦ੍ਰਿਸ਼ ਵੀ ਬਿਨ ਡੁਪਲੀਕੇਟ ਦੇ ਆਪ ਦੇ ਰਹੀ ਹੈ ਤੇ ਰਾਤ ਦੀ ਸ਼ਿਫਟ 'ਚ ਕੰਮ ਕਰ ਰਹੀ ਹੈ। ਚਾਲੀ ਸਾਲ ਦੀ ਦੀਪੀ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਰਾਤਾਂ ਦੀ ਨੀਂਦ ਛੱਡ ਸ਼ੂਟਿੰਗ ਕਰ ਰਹੀ ਹੈ, ਤਾਂ ਕਿ ਸਾਇੰਸ ਤੇ ਆਧਾਰਿਤ ਫ਼ਿਲਮ 'ਰਾਕਾ' ਜਲਦੀ ਮੁਕੰਮਲ ਹੋਵੇ ਤੇ ਕੋਈ ਇਹ ਨਾ ਕਹੇ ਕਿ ਬੱਚੇ ਕਾਰਨ ਦੀਪੀ ਨੇ ਉਨ੍ਹਾਂ ਦਾ ਨੁਕਸਾਨ ਕਰ ਦਿੱਤਾ। 8 ਸਤੰਬਰ, 2024 ਨੂੰ ਦੀਪੀ ਨੇ ਦੁਆ ਬੇਟੀ ਨੂੰ ਜਨਮ ਦਿੱਤਾ ਸੀ ਤੇ 2026 'ਚ ਦੂਸਰੀ ਸੰਤਾਨ ਦੀਆਂ ਤਿਆਰੀਆਂ 'ਚ ਉਹ ਆਪਣੇ ਚਹੇਤਿਆਂ ਤੋਂ ਵਧਾਈਆਂ ਕਬੂਲ ਕਰ ਰਹੀ ਹੈ। ਬਾਲੀਵੁੱਡ ਦੀ ਦਿੱਗਜ਼ ਐਕਟਰੈੱਸ ਤੇ ਰਾਜ ਨੇਤਾ ਹੇਮਾ ਮਾਲਿਨੀ ਵੀ ਦੀਪਿਕਾ ਤੋਂ ਬਹੁਤ ਪ੍ਰਭਾਵਿਤ ਹੈ। 'ਡਰੀਮ ਗਰਲ' ਰਹੀ ਹੇਮਾ ਨੇ ਪਿਛਲੇ ਦਿਨੀਂ 'ਡਰੀਮ ਗਰਲਜ਼ ਡਾਇਮੰਡ ਜੁਬਲੀ' ਸਮਾਰੋਹ ਵਿਚ ਕਿਹਾ ਕਿ ਜੇਕਰ ਉਸ 'ਤੇ ਫ਼ਿਲਮ ਬਣੇ ਤਾਂ ਦੀਪਿਕਾ ਪਾਦੂਕੋਨ ਬਿਲਕੁਲ ਫਿੱਟ ਰਹੇਗੀ। ਉਧਰ ਅਭਿਨੇਤਾ ਮੁਜਮਿਲ ਅਬਰਾਹਮ ਨੇ ਕਿਹਾ ਕਿ ਉਸ ਨੇ ਦੀਪਿਕਾ ਨਾਲ ਨੇੜਤਾ ਬਣਾਈ ਸੀ ਤੇ ਉਸ ਨੇ ਹੀ ਦੀਪੀ ਨੂੰ ਛੱਡਿਆ ਸੀ ਤੇ ਉਹ ਹਮੇਸ਼ਾ ਨਵੇਂ ਰਿਸ਼ਤੇ ਬਣਾਉਣ 'ਚ ਦਿਲਚਸਪੀ ਰੱਖਦਾ ਹੈ। ਇਸ 'ਤੇ ਦੀਪਿਕਾ ਚੁੱਪ ਹੈ ਪਰ ਗੁੱਸਾ ਬਹੁਤ ਹੈ ਕਿ ਜਦ ਉਹ ਦੂਸਰੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ, ਤਦ ਪੁਰਾਣੀਆਂ ਗੱਲਾਂ ਕਰਨ ਦਾ ਮਤਲਬ ਉਸ ਦੀ ਇੱਜ਼ਤ 'ਤੇ ਦਾਗ਼ ਲਾਉਣ ਵਾਲੀ ਗੱਲ ਹੈ ਪਰ ਉਹ ਇਸ ਦਾ ਤਗੜਾ ਜਵਾਬ ਦੂਸਰੇ ਬੱਚੇ ਦੇ ਜਨਮ ਤੋਂ ਬਾਅਦ ਜ਼ਰੂਰ ਦੇਵੇਗੀ। ਉਧਰ ਫਰਹਾ ਖ਼ਾਨ ਨੇ ਕਿਹਾ ਹੈ ਕਿ ਦੀਪਿਕਾ ਪਾਦੂਕੋਨ ਨੂੰ ਸਟਾਰ ਬਣਾਉਣ ਲਈ ਉਸ ਨੇ ਬਹੁਤ ਪਾਪੜ ਵੇਲੇ ਤੇ ਅਨੁਪਮ ਖੇਰ ਦੇ ਐਕਟਿੰਗ ਸਕੂਲ 'ਚ ਭੇਜਿਆ। ਚਾਰ ਮਹੀਨੇ 'ਓਮ ਸ਼ਾਂਤੀ ਓਮ' ਲਈ ਫਰਹਾ ਖ਼ਾਨ ਨੇ ਦੀਪਿਕਾ ਪਾਦੂਕੋਨ ਨੂੰ ਟ੍ਰੇਨਿੰਗ ਦਿਵਾਈ ਸੀ। ਇਨ੍ਹਾਂ ਗੱਲਾਂ 'ਤੇ ਦੀਪੀ ਨੇ ਜਵਾਬ ਦਿੱਤਾ ਹੈ ਕਿ ਬਿਲਕੁਲ ਸਹੀ, ਉਹ ਅੱਜ ਜੋ ਵੀ ਹੈ ਫਰਹਾ ਖ਼ਾਨ ਦੀ ਬਦੌਲਤ ਹੈ।
-ਸੁਖਜੀਤ ਕੌਰ