![]()
ਲਤਾ ਮੰਗੇਸ਼ਕਰ ਇਕ ਅਜਿਹੀ ਆਵਾਜ਼ ਸੀ, ਜਿਸ ਦੀ ਤਾਰੀਫ ਲਈ ਸ਼ਬਦ ਵੀ ਛੋਟੇ ਪੈ ਜਾਂਦੇ ਹਨ | ਲਤਾ ਦੀ ਆਵਾਜ਼ ਲਈ ਸਿਰਫ ਇਹੀ ਕਹਿ ਸਕਦੇ ਹਾਂ ਕਿ ਖ਼ੁਦ ਸਰਸਵਤੀ ਉਨ੍ਹਾਂ ਦੇ ਗਲੇ 'ਚ ਬਿਰਾਜਮਾਨ ਸੀ | ਲਤਾ ਸਰਸਵਤੀ ਦਾ ਵਰਦਾਨ ਸੀ | 28 ਸਤੰਬਰ, 1929 ਨੂੰ ਪੈਦਾ ਹੋਈ ਲਤਾ ਸ਼ਾਸਤਰੀ ਗਾਇਕ ਦੀਨਾ ਨਾਥ ਮੰਗੇਸ਼ਕਰ ਦੀ ਸਭ ਤੋਂ ਪਹਿਲੀ ਸੰਤਾਨ ਸੀ, ਕਿਉਂਕਿ ਲਤਾ ਨੂੰ ਸੰਗੀਤ ਗੁੜਤੀ 'ਚ ਮਿਲਿਆ ਸੀ, ਇਸ ਲਈ ਇਹ ਤਾਂ ਤੈਅ ਹੀ ਸੀ ਕਿ ਉਹ ਇਕ ਦਿਨ ਚੰਗੀ ਗਾਇਕਾ ਬਣੇਗੀ ਪਰ ਇਸ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ | ਇਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਕਿ ਲਤਾ ਕੋਲ ਪੈਸੇ ਦੀ ਕਮੀ ਹੋਣ ਕਾਰਨ ਉਹ ਪੈਦਲ ਚਲਦੀ ਸੀ ਤੇ ਕਿਰਾਏ ਦੇ ਪੈਸੇ ਬਚਾਉਂਦੀ ਸੀ | ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਸੀ ਤੇ ਫਿਰ ਉਹ ਵਕਤ ਵੀ ਆਇਆ ਜਦੋਂ ਦੌਲਤ ਤੇ ਸ਼ੋਹਰਤ ਨਾਲ ਲਤਾ ਦਾ ਚੋਲੀ-ਦਾਮਨ ਦਾ ਸਾਥ ਹੋ ਗਿਆ | ਲਤਾ ਨੇ 5 ਸਾਲ ਦੀ ਉਮਰ ਤੋਂ ਹੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ, ਚਾਹੇ ਉਨ੍ਹਾਂ ਦੇ ਪਹਿਲੇ ਸੰਗੀਤਕ ਗੁਰੂ ਉਨ੍ਹਾਂ ਦੇ ਪਿਤਾ ਹੀ ਸਨ ਪਰ ਪਿਤਾ ਦੀ ਮੌਤ ਤੋਂ ਬਾਅਦ ਲਤਾ ਨੇ ਉਸਤਾਦ ਅਮਾਨ ਅਲੀ ਖ਼ਾਨ ਤੇ ਉਸਤਾਦ ਅਮਾਨਤ ਖ਼ਾਨ ਵਰਗੇ ਗੁਰੂਆਂ ਤੋਂ ਸਿੱਖਿਆ ਲਈ ਪਰ ਆਪਣੇ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਅਨਿਲ ਬਿਸਵਾਸ, ਨੌਸ਼ਾਦ, ਖੇਮ ਚੰਦ ਪ੍ਰਕਾਸ਼, ਮਦਨ ਮੋਹਨ ਤੇ ਸਲਿਲ ਚੌਧਰੀ ਵਰਗੇ ਸੰਗੀਤਕਾਰਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਵੀ ਸਿੱਖੀਆਂ | ਉਨ੍ਹਾਂ ਨੇ ਆਪ ਣੀ ਉਰਦੂ ਭਾਸ਼ਾ ਨੂੰ ਸੁਧਾਰਨ ਲਈ ਮਹਿਬੂਬ ਨਾਂਅ ਦੇ ਮੌਲਾਨਾ ਤੋਂ ਉਰਦੂ ਦੀ ਤਾਲੀਮ ਲਈ, ਤਾਂ ਕਿ ਉਸ ਦਾ ਉਰਦੂ ਦਾ ਤਲਫੁੱਜ਼ ਸੁਧਰ ਸਕੇ | ਲਤਾ ਨੇ ਸਭ ਤੋਂ ਪਹਿਲਾਂ ਪਿੱਠਵਰਤੀ ਗਾਇਕਾ ਦੇ ਤੌਰ 'ਤੇ 1942 'ਚ ਮਰਾਠੀ ਫ਼ਿਲਮ ਲਈ ਗਾਇਆ ਸੀ ਪਰ ਇਹ ਰਿਲੀਜ਼ ਨਹੀਂ ਹੋਈ | ਲਤਾ ਦਾ ਸਭ ਤੋਂ ਪਹਿਲਾ ਹਿੱਟ ਗੀਤ 'ਆਏਗਾ ਆਨੇ ਵਾਲਾ....' ਸੀ | ਇਸ ਗੀਤ ਤੋਂ ਬਾਅਦ ਲਤਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹਿਆ | ਲਤਾ ਦੀ ਆਵਾਜ਼ ਨੂੰ ਅਭਿਨੇਤਾ ਨਿਰਮਾਤਾ ਤੇ ਨਿਰਦੇਸ਼ਕ ਰਾਜ ਕਪੂਰ ਬਹੁਤ ਪਸੰਦ ਕਰਦੇ ਸਨ | ਰਾਜ ਕਪੂਰ ਦੀ ਹਰ ਫ਼ਿਲਮ 'ਚ ਲਤਾ ਦੇ ਗੀਤ ਹੀ ਹੰੁਦੇ ਸਨ | ਰਾਜ ਕਪੂਰ ਲਤਾ ਨੂੰ ਇਹੀ ਕਹਿੰਦੇ ਸਨ ਕਿ ਉਹ ਗੀਤਾਂ 'ਚ ਅਲਾਪ ਜ਼ਿਆਦਾ ਲੈਣ ਤੇ ਲਤਾ ਵੀ ਉਨ੍ਹਾਂ ਗੀਤਾਂ ਨੂੰ ਗਾਉਣ 'ਚ ਕੋਈ ਕਸਰ ਨਹੀਂ ਛੱਡਦੇ ਸਨ ਤੇ ਆਪਣੀ ਪੂਰੀ ਜਾਨ ਲਗਾ ਦਿੰਦੇ ਸਨ | ਕਦੇ-ਕਦੇ ਤਾਂ ਇਕ-ਇਕ ਗੀਤ ਨੂੰ ਰਿਕਾਰਡ ਕਰਨ 'ਚ ਦੋ ਦਿਨ ਦਾ ਸਮਾਂ ਵੀ ਲੱਗ ਜਾਂਦਾ ਸੀ | ਲਤਾ ਦੀ ਆਵਾਜ਼ 'ਚ ਉਤਰਨ ਵਾਲਾ ਹਰ ਸ਼ਬਦ ਉਨ੍ਹਾਂ ਦੀ ਤਪੱਸਿਆ ਤੇ ਸੰਗੀਤ ਪ੍ਰਤੀ ਅਟੁੱਟ ਪੇ੍ਰਮ ਦਾ ਪ੍ਰਤੀਕ ਸੀ |
ਲਤਾ ਦੀ ਆਵਾਜ਼ ਨੂੰ ਸੁਣ ਕੇ ਇਸ ਤਰ੍ਹਾਂ ਲਗਦਾ ਏ ਜਿਵੇਂ ਸਰਸਵਤੀ ਮਾਤਾ ਨੇ ਵੀਣਾ ਦੀਆਂ ਤਾਰਾਂ ਨੂੰ ਛੇੜ ਕੇ ਸੰਗੀਤ ਦਾ ਅੰਮਿ੍ਤ ਵਰਸਾ ਦਿੱਤਾ ਹੋਵੇ |