ਨਾਗੋਆ, 20 ਸਤੰਬਰ (ਪੀ. ਟੀ. ਆਈ.)-ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿਚ ਭਾਰਤ ਦਾ ਖਾਤਾ ਨਿਸ਼ਾਨੇਬਾਜ਼ਾਂ ਨੇ ਖੋਲ੍ਹਿਦਆਂ ਭਾਰਤ ਦੀ ਝੋਲੀ ’ਚ ਦੋ ਚਾਂਦੀ ਦੇ ਤਗਮੇ ਪਾਏ। ਪਹਿਲਾ ਤਗਮਾ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ’ਚੋਂ ਆਇਆ।ਤਾਮਿਲਨਾਡੂ ਦੀ ਤਜਰਬੇਕਾਰ ਨਿਸ਼ਾਨੇਬਾਜ਼ ਏਲਾਵੇਨਿਲ ਵਾਲਾਰਿਵਨ ਨੇ ਮੁੰਬਈ ਦੀ ਸੋਨਮ ਉੱਤਮ ਮਾਸਕਰ ਅਤੇ ਏਸ਼ੀਆਈ ਖੇਡਾਂ ਵਿਚ ਡੈਬਿਊ ਕਰਨ ਵਾਲੀ ਕੇਰਲਮ ਦੀ ਵਿਦਰਸਾ ਵਿਨੋਦ ਨਾਲ ਮਿਲ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚੋਂ ਪਹਿਲਾ ਤਗਮਾ ਦਿਵਾਇਆ।ਭਾਰਤੀ ਤਿਕੜੀ ਨੇ ਕੁੱਲ 1898.0 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਚੀਨੀ ਟੀਮ ਨੇ 1904.2 ਅੰਕਾਂ ਨਾਲ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਤੋੜ ਕੇ ਸੋਨ ਤਗਮਾ ਪ੍ਰਾਪਤ ਕੀਤਾ। ਚੀਨ ਨੇ ਪਿਛਲੇ ਸਾਲ ਅਗਸਤ ਵਿਚ ਸ਼ਿਮਕੇਂਤ ਵਿਖੇ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਬਣਾਏ ਆਪਣੇ ਹੀ 1902.0 ਦੇ ਪੁਰਾਣੇ ਰਿਕਾਰਡ ਵਿਚ ਸੁਧਾਰ ਕੀਤਾ। ਇਸ ਤੋਂ ਬਾਅਦ ਹੋਏ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿਚ ਤਾਮਿਲਨਾਡੂ ਦੀ ਤਜਰਬੇਕਾਰ ਨਿਸ਼ਾਨੇਬਾਜ਼ ਏਲਾਵੇਨਿਲ ਵਾਲਾਰਿਵਨ ਮਹਿਜ 0.6 ਅੰਕਾਂ ਨਾਲ ਸੋਨ ਤਗਮੇ ਤੋਂ ਖੁੰਝ ਗਈ। 2025 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗਮਾ ਜੇਤੂ ਏਲਾਵੇਨਿਲ ਨੂੰ 252.4 ਅੰਕਾਂ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਜਪਾਨ ਦੀ ਹਿਨਾਤਾ ਤਾਈਚੀ ਨੇ ਏਸ਼ਿਆਈ ਖੇਡਾਂ ਦੇ ਰਿਕਾਰਡ 253.0 ਅੰਕਾਂ ਨਾਲ ਸੋਨ ਤਗਮਾ ਆਪਣੇ ਨਾਂਅ ਕੀਤਾ। ਏਲਾਵੇਨਿਲ ਲਈ ਇਹ ਚਾਂਦੀ ਦਾ ਤਗਮਾ ਏਸ਼ਿਆਈ ਖੇਡਾਂ ਵਿਚ ਉਸ ਦਾ ਪਹਿਲਾ ਵਿਅਕਤੀਗਤ ਤਗਮਾ ਸੀ। ਇਸ ਤੋਂ ਪਹਿਲਾਂ ਉਹ 2018 ਜਕਾਰਤਾ ਅਤੇ 2022 ਹਾਂਗਜ਼ੂ ਖੇਡਾਂ ਵਿੱਚ ਹਿੱਸਾ ਲੈ ਚੁੱਕੀ ਸੀ ਪਰ ਪੋਡੀਅਮ (ਤਗਮਾ ਸੂਚੀ) ਤੱਕ ਨਹੀਂ ਪਹੁੰਚ ਸਕੀ ਸੀ।