25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਲੰਡਨ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟ ‘ਵੀਰਾਸਵਾਮੀ’ ਵਿਵਾਦ ‘ਤੇ 29 ਜੂਨ ਤੋਂ ਸ਼ੁਰੂ ਹੋਵੇਗੀ ਅਦਾਲਤੀ ਸੁਣਵਾਈ

ਅਜੀਤ ਡੈਸਕ 17-06-2026
ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਸਭ ਤੋਂ ਪੁਰਾਣੇ ਅਤੇ ਮਸ਼ਹੂਰ ਭਾਰਤੀ ਰੈਸਟੋਰੈਂਟ ‘ਵੀਰਾਸਵਾਮੀ’ ਆਪਣੀ ਹੋਂਦ ਬਚਾਉਣ ਲਈ ਅਦਾਲਤ ਵਿੱਚ ਕਾਨੂੰਨੀ ਲੜਾਈ ਲੜਨ ਜਾ ਰਿਹਾ ਹੈ। ਲੰਡਨ ਦੇ ਵੱਕਾਰੀ ਰੀਜੈਂਟ ਸਟ੍ਰੀਟ ‘ਤੇ ਪਿਛਲੇ 100 ਸਾਲਾਂ ਤੋਂ ਚੱਲ ਰਿਹਾ ਇਹ ਮਿਸ਼ੇਲਿਨ-ਸਟਾਰ ਰੈਸਟੋਰੈਂਟ ਇਸ ਵੇਲੇ ਜਗ੍ਹਾ ਖਾਲੀ ਕਰਨ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਰੈਸਟੋਰੈਂਟ ਦਾ ਆਪਣੀ ਇਮਾਰਤ ਦੇ ਮਾਲਕ ‘ਕਰੋਨ ਐਸਟੇਟ’ ਨਾਲ ਵਿਵਾਦ ਚੱਲ ਰਿਹਾ ਹੈ, ਜੋ ਕਿ ਬ੍ਰਿਟਿਸ਼ ਰਾਜਸ਼ਾਹੀ ਦੀਆਂ ਜਾਇਦਾਦਾਂ ਦਾ ਪ੍ਰਬੰਧ ਦੇਖਦਾ ਹੈ। ਕਰੋਨ ਐਸਟੇਟ ਨੇ ਰੈਸਟੋਰੈਂਟ ਦਾ ਸਲਾਨਾ 205,000 ਪੌਂਡ (ਕਰੀਬ 2.2 ਕਰੋੜ ਰੁਪਏ) ਦਾ ਕਿਰਾਇਆ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਹੈ। ਮਕਾਨ ਮਾਲਕ ਦਾ ਕਹਿਣਾ ਹੈ ਕਿ ਉਹ ਇਸ ਇਮਾਰਤ (ਵਿਕਟਰੀ ਹਾਊਸ) ਦਾ ਵੱਡੇ ਪੱਧਰ ‘ਤੇ ਨਵੀਨੀਕਰਨ ਕਰਨਾ ਚਾਹੁੰਦੇ ਹਨ ਤੇ ਉੱਪਰਲੀਆਂ ਮੰਜ਼ਿਲਾਂ ‘ਤੇ ਬਣੇ ਦਫ਼ਤਰਾਂ ਲਈ ਇਕ ਵੱਡਾ ਰਿਸੈਪਸ਼ਨ ਏਰੀਆ ਬਣਾਉਣਾ ਚਾਹੁੰਦੇ ਹਨ, ਜਿਸ ਕਾਰਨ ਰੈਸਟੋਰੈਂਟ ਦਾ ਮੌਜੂਦਾ ਮੁੱਖ ਦਰਵਾਜ਼ਾ ਬੰਦ ਕਰਨਾ ਪਵੇਗਾ। ਦੂਜੇ ਪਾਸੇ, ਵੀਰਾਸਵਾਮੀ ਦੀ ਮੂਲ ਕੰਪਨੀ ‘ਐਮ ਡਬਲਯੂ ਈਟ’ ਦਾ ਕਹਿਣਾ ਹੈ ਕਿ ਇਹ ਮੁਰੰਮਤ ਰੈਸਟੋਰੈਂਟ ਨੂੰ ਬੰਦ ਕੀਤੇ ਬਿਨਾਂ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਉਹਨਾਂ ਨੇ ਦਫ਼ਤਰਾਂ ਨਾਲ ਸਾਂਝਾ ਐਂਟਰੀ ਗੇਟ ਵਰਤਣ ਤੇ ਕਿਰਾਇਆ ਵਧਾਉਣ ਦੀ ਪੇਸ਼ਕਸ਼ ਵੀ ਕੀਤੀ ਸੀ, ਜਿਸ ਨੂੰ ਕਰੋਨ ਐਸਟੇਟ ਨੇ ਖਾਰਜ ਕਰ ਦਿੱਤਾ। ਕੰਪਨੀ ਮੁਤਾਬਕ, ਜੇਕਰ ਉਹਨਾਂ ਨੂੰ ਇਹ ਇਤਿਹਾਸਕ ਜਗ੍ਹਾ ਛੱਡਣੀ ਪੈਂਦੀ ਹੈ, ਤਾਂ ਨਵੀਂ ਜਗ੍ਹਾ ਲੱਭਣ ਅਤੇ ਰੈਸਟੋਰੈਂਟ ਦੁਬਾਰਾ ਸ਼ੁਰੂ ਕਰਨ ‘ਤੇ ਲਗਭਗ 50 ਲੱਖ ਪੌਂਡ (ਕਰੀਬ 53 ਕਰੋੜ ਰੁਪਏ) ਦਾ ਖਰਚਾ ਆਵੇਗਾ। ਇਸ ਇਤਿਹਾਸਕ ਰੈਸਟੋਰੈਂਟ ਨੂੰ ਬਚਾਉਣ ਲਈ ਬਰਤਾਨੀਆ ਦੇ ਕਈ ਨਾਮਵਰ ਸ਼ੈੱਫ, ਫੂਡ ਆਲੋਚਕ ਤੇ ਆਮ ਲੋਕ ਅੱਗੇ ਆਏ ਹਨ। ਰੈਸਟੋਰੈਂਟ ਦੇ ਹੱਕ ‘ਚ 20,000 ਤੋਂ ਵੱਧ ਲੋਕਾਂ ਦੇ ਦਸਤਖਤਾਂ ਵਾਲੀ ਇਕ ਪਟੀਸ਼ਨ ਫਰਵਰੀ ‘ਚ ਬਕਿੰਘਮ ਪੈਲੇਸ (ਸ਼ਾਹੀ ਮਹਿਲ) ਵਿਖੇ ਵੀ ਸੌਂਪੀ ਗਈ ਸੀ। ਹੁਣ ਇਹ ਮਾਮਲਾ ਸੈਂਟਰਲ ਲੰਡਨ ਕਾਉਂਟੀ ਕੋਰਟ ‘ਚ ਪਹੁੰਚ ਗਿਆ ਹੈ, ਜਿੱਥੇ 29 ਜੂਨ, 2026 ਤੋਂ 5 ਦਿਨਾਂ ਦੀ ਅਦਾਲਤੀ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ। ਅਦਾਲਤ ਹੀ ਤੈਅ ਕਰੇਗੀ ਕਿ 1926 ‘ਚ ਸ਼ੁਰੂ ਹੋਇਆ ਇਹ ਇਤਿਹਾਸਕ ਰੈਸਟੋਰੈਂਟ ਆਪਣੀ ਪੁਰਾਣੀ ਜਗ੍ਹਾ ‘ਤੇ ਰਹੇਗਾ ਜਾਂ ਇਸ ਨੂੰ ਉੱਥੋਂ ਹਟਣਾ ਪਵੇਗਾ।
ਪਿਛਲੀ ਖ਼ਬਰ ਜਪਾਨੀ ਸੱਭਿਆਚਾਰ ਦੀ ਰੌਣਕ ਨਾਲ ਸਜਿਆ ਸਾਨਿਚ, ‘ਜਾਪਾਨ ਫੈਸਟ’ ਨੇ ਖਿੱਚਿਆ ਲੋਕਾਂ ਦਾ ਧਿਆਨ ਅਗਲੀ ਖ਼ਬਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦਾ ਆਈ.ਡਬਲਯੂ.ਏ. ਵੱਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।