ਸਿਡਨੀ, 23 ਜੂਨ (ਹਰਕੀਰਤ ਸਿੰਘ ਸੰਧਰ)-ਪੰਥ ਪ੍ਰਸਿੱਧ ਕੀਰਤਨੀਏ ਅਤੇ ਕਥਾਵਾਚਕ ਭਾਈ ਹਰਭੇਜ ਸਿੰਘ ਸਠਿਆਲਾ ਅੰਮ੍ਰਿਤਸਰ ਵਾਲੇ, ਜੋ ਪਿਛਲੇ ਕੁਝ ਮਹੀਨਿਆਂ ਤੋਂ ਆਸਟ੍ਰੇਲੀਆ ਦੇ ਦੌਰੇ ’ਤੇ ਸਨ, ਦਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਸੰਗਤਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਪਣੇ ਦੌਰੇ ਦੌਰਾਨ ਭਾਈ ਸਾਹਿਬ ਨੇ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੀਆਂ ਵਡਮੁੱਲੀਆਂ ਸੇਵਾਵਾਂ ਨਿਭਾਈਆਂ। ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭਾਈ ਹਰਭੇਜ ਸਿੰਘ ਸਠਿਆਲਾ ਨੇ ਦੱਸਿਆ ਕਿ ਉਹ ਹੁਣ ਆਪਣਾ ਆਸਟ੍ਰੇਲੀਆ ਦੌਰਾ ਸਮਾਪਤ ਕਰਕੇ ਪੰਜਾਬ ਵਾਪਸ ਪਰਤ ਰਹੇ ਹਨ ਅਤੇ ਅਗਲੇ ਕੁਝ ਮਹੀਨਿਆਂ ਤੱਕ ਉੱਥੇ ਧਾਰਮਿਕ ਸੇਵਾਵਾਂ ਨਿਭਾਉਣਗੇ। ਭਾਈ ਸਾਹਿਬ ਨੇ ਆਸਟ੍ਰੇਲੀਆ ਦੀਆਂ ਸੰਗਤਾਂ ਵੱਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਦਾ ਗੁਰਬਾਣੀ ਪ੍ਰਤੀ ਪਿਆਰ ਅਤੇ ਸ਼ਰਧਾ ਬਹੁਤ ਪ੍ਰੇਰਨਾਦਾਇਕ ਹੈ। ਵਰਨਣਯੋਗ ਹੈ ਕਿ ਭਾਈ ਹਰਭੇਜ ਸਿੰਘ ਸਠਿਆਲਾ ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦਰਜਨਾਂ ਦੇਸ਼ਾਂ ਵਿੱਚ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਆ ਰਹੇ ਹਨ ਅਤੇ ਪੰਥਕ ਪ੍ਰਚਾਰ ਦੇ ਖੇਤਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।