ਇੰਡੋ ਯੂ.ਐਸ. ਹੈਰੀਟੇਜ ਵੱਲੋਂ ਪੰਜਾਬੀ ਮਾਂ-ਬੋਲੀ ਜਾਗਰੂਕਤਾ ਦਿਹਾੜਾ ਸ਼ਾਨੋ-ਸ਼ੌਕਤ ਨਾਲ ਮਨਾਇਆ
ਅਜੀਤ ਡੈਸਕ
24-06-2026
ਸੈਕਰਾਮੈਂਟੋ, 23 ਜੂਨ (ਹੁਸਨ ਲੜੋਆ ਬੰਗਾ)-ਇੰਡੋ ਯੂ.ਐਸ. ਹੈਰੀਟੇਜ ਫਰਿਜ਼ਨੋ ਵੱਲੋਂ ਪੰਜਾਬੀ ਮਾਂ-ਬੋਲੀ ਜਾਗਰੂਕਤਾ ਦਿਹਾੜਾ ਫਰਿਜ਼ਨੋ ਸਥਿਤ ਇੰਡੀਆ ਓਵਨ ਰੈਸਟੋਰੈਂਟ ਵਿਖੇ ਬਹੁਤ ਹੀ ਉਤਸ਼ਾਹ, ਜੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਭਰਪੂਰ ਸ਼ਮੂਲੀਅਤ ਕਰਦਿਆਂ ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਇਸ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਸਮਾਗਮ ਦੀ ਸ਼ੁਰੂਆਤ ਗਾਇਕ ਰਾਜ ਬਰਾੜ ਵੱਲੋਂ ਇੱਕ ਸੱਭਿਆਚਾਰਕ ਗੀਤ ਦੀ ਪੇਸ਼ਕਾਰੀ ਨਾਲ ਹੋਈ, ਜਿਸ ਨੇ ਹਾਜ਼ਰੀਨ ਨੂੰ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਜੋੜ ਦਿੱਤਾ। ਇਸ ਤੋਂ ਬਾਅਦ ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਉਦੇਸ਼ਾਂ ਅਤੇ ਪੰਜਾਬੀ ਭਾਸ਼ਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।ਸਮਾਗਮ ਦੇ ਮੁੱਖ ਬੁਲਾਰੇ ਪ੍ਰਿੰਸੀਪਲ ਦਲਜੀਤ ਸਿੰਘ ਨੇ ਆਪਣੇ ਵਿਚਾਰਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਅਤੇ ਇਸ ਨੂੰ ਹਾਸ਼ੀਏ ’ਤੇ ਧੱਕਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਪਹਿਚਾਣ, ਇਤਿਹਾਸ ਅਤੇ ਵਿਰਾਸਤ ਹੈ, ਜਿਸ ਦੀ ਸੰਭਾਲ ਹਰ ਪੰਜਾਬੀ ਦਾ ਫਰਜ਼ ਹੈ।ਸਮਾਗਮ ਦਾ ਖਾਸ ਆਕਰਸ਼ਣ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ ਮਿਆਰੀ ਅਤੇ ਪ੍ਰਭਾਵਸ਼ਾਲੀ ਸਪੀਚਾਂ ਰਹੀਆਂ। ਹਰਸ਼ਾਨ ਸਿੰਘ ਸਰਾਂ, ਹਿੰਮਤ ਸਿੰਘ ਸਰਾਂ, ਪ੍ਰਭਸ਼ਰਨ ਸਿੰਘ ਅਤੇ ਫਤਿਹਵੀਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਬਾਰੇ ਬੇਹੱਦ ਦਿਲਚਸਪ ਅਤੇ ਗਿਆਨਵਾਨ ਵਿਚਾਰ ਪੇਸ਼ ਕਰਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਬੱਚਿਆਂ ਦੀ ਪ੍ਰਤਿਭਾ ਅਤੇ ਪੰਜਾਬੀ ਪ੍ਰਤੀ ਉਨ੍ਹਾਂ ਦੇ ਪਿਆਰ ਦੀ ਹਾਜ਼ਰੀਨ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ।ਸਕੂਲ ਦੇ ਪ੍ਰਬੰਧਕ ਸ. ਜਗਰੂਪ ਸਿੰਘ ਨੇ ਸਕੂਲ ਵਿੱਚ ਪੰਜਾਬੀ ਪੜ੍ਹਾਉਣ ਦੇ ਉਪਰਾਲਿਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਲਈ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਦੇ ਮੱਦੇਨਜ਼ਰ ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।ਲਹਿੰਦੇ ਪੰਜਾਬ ਤੋਂ ਪੰਜਾਬੀ ਰੇਡੀਓ ਯੂ. ਐਸਏ ਦੇ ਹੋਸਟ ਮਕਸੂਦ ਮੱਲ੍ਹੀ ਨੇ ਆਪਣੀ ਭਾਵਪੂਰਤ ਕਵਿਤਾ ਨਾਲ ਸਮਾਗਮ ਨੂੰ ਰੂਹਾਨੀ ਰੰਗ ਬਖ਼ਸ਼ਿਆ, ਜਦਕਿ ਉਨ੍ਹਾਂ ਦੀ ਬੇਟੀ ਮਕਸ਼ਾਂਦ ਮੱਲ੍ਹੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਸਰੋਤਿਆਂ ਨੂੰ ਮੋਹ ਲਿਆ। ਸੰਸਥਾ ਵੱਲੋਂ ਇਨ੍ਹਾਂ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ।ਪ੍ਰੋ. ਹਰਿੰਦਰ ਕੌਰ ਰਾਏ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅਮਰੀਕਾ ਵਰਗੇ ਬਹੁ-ਸੱਭਿਆਚਾਰਕ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਬੱਚਿਆਂ ਲਈ ਪੰਜਾਬੀ ਪੜ੍ਹਨੀ, ਲਿਖਣੀ ਅਤੇ ਬੋਲਣੀ ਕਿਉਂ ਜ਼ਰੂਰੀ ਹੈ। ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸੰਸਥਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਕਮਲਜੀਤ ਬੈਨੀਪਾਲ ਅਤੇ ਰਣਜੀਤ ਗਿੱਲ ਨੇ ਕਵਿਸ਼ਰੀ ਰਾਹੀਂ ਪੰਜਾਬੀ ਲੋਕ-ਰੰਗਾਂ ਦੀ ਪੇਸ਼ਕਾਰੀ ਕਰਕੇ ਵਾਹ-ਵਾਹ ਖੱਟੀ। ਸੰਸਥਾ ਦੇ ਸਕੱਤਰ ਹੈਰੀ ਮਾਨ ਨੇ ਵੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪੰਜਾਬੀ ਬੋਲੀ ਵਿੱਚੋਂ ਗਾਇਬ ਹੋ ਰਹੇ ਸ਼ਬਦਾਂ, ਤੇ ਹੋਰ ਐਡ ਹੋ ਰਹੇ ਗੈਰ-ਪੰਜਾਬੀ ਸ਼ਬਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਸ਼ਾਇਰ ਹਰਜਿੰਦਰ ਕੰਗ, ਕਹਾਣੀਕਾਰ ਕਰਮ ਸਿੰਘ ਮਾਨ, ਗੋਗੀ ਸੰਧੂ, ਸੁਖਦੇਵ ਸਿੰਘ ਸਿੱਧੂ, ਮਹਿੰਦਰ ਸਿੰਘ ਸੰਧਾਵਾਲੀਆ ਅਤੇ ਮਾਸਟਰ ਸੁਰਜੀਤ ਸਿੰਘ ਸਾਹਨੇਵਾਲ ਆਦਿ ਸੱਜਣਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬੀ ਭਾਸ਼ਾ ਨੂੰ ਮਜ਼ਬੂਤ ਕਰਨ ਲਈ ਸਮੂਹਕ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ।ਸੰਗੀਤਕ ਪੇਸ਼ਕਾਰੀਆਂ ਦੌਰਾਨ ਪੱਪੀ ਭਦੌੜ, ਕਮਲਜੀਤ ਬੈਨੀਪਾਲ ਅਤੇ ਗੁਰਦੀਪ ਧਾਲੀਵਾਲ ਨੇ ਆਪਣੇ ਗੀਤਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਇਸੇ ਤਰ੍ਹਾਂ ਸ਼ਾਇਰ ਦਲਜੀਤ ਰਿਆੜ, ਹਰਜਿੰਦਰ ਢੇਸੀ ਅਤੇ ਰਜਿੰਦਰ ਕੁਮਾਰ ਨੇ ਆਪਣੀਆਂ ਮਿਆਰੀ ਕਵਿਤਾਵਾਂ ਰਾਹੀਂ ਪੰਜਾਬੀ ਸਾਹਿਤ ਦੀ ਸੁਗੰਧ ਫੈਲਾਈ।ਸਮਾਗਮ ਦਾ ਸਟੇਜ ਸੰਚਾਲਨ ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਨੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕੀਤਾ।47 ਸਾਲ ਪੁਰਾਣੇ ਇਤਾਨ ਪੈਟਜ਼ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਦੋਸ਼ੀ ਦੀ ਸਜ਼ਾ ਬਹਾਲ
ਨਿਊਯਾਰਕ, 23 ਜੂਨ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਸੁਪਰੀਮ ਕੋਰਟ ਨੇ ਨਿਊਯਾਰਕ ਦੇ ਸਭ ਤੋਂ ਚਰਚਿਤ ਬਾਲ ਅਗਵਾ ਅਤੇ ਕਤਲ ਮਾਮਲਿਆਂ ਵਿੱਚੋਂ ਇੱਕ, 6 ਸਾਲਾ ਇਤਾਨ ਪੈਟਜ਼ ਕੇਸ ਵਿੱਚ ਅਹਿਮ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਪੇਡਰੋ ਹਰਨਾਂਡੇਜ਼ ਦੀ ਕਤਲ ਅਤੇ ਅਗਵਾ ਕਰਨ ਦੀ ਸਜ਼ਾ ਮੁੜ ਬਹਾਲ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ 6-3 ਦੇ ਬਹੁਮਤ ਨਾਲ ਫ਼ੈਸਲਾ ਦਿੰਦਿਆਂ ਕਿਹਾ ਕਿ ਹੇਠਲੀ ਫੈਡਰਲ ਅਪੀਲ ਅਦਾਲਤ ਨੇ ਆਪਣੇ ਅਧਿਕਾਰਾਂ ਤੋਂ ਵੱਧ ਜਾ ਕੇ ਰਾਜ ਅਦਾਲਤ ਦੇ ਫ਼ੈਸਲੇ ਨੂੰ ਰੱਦ ਕੀਤਾ ਸੀ। ਇਸ ਨਾਲ 2017 ਵਿੱਚ ਦਿੱਤੀ ਗਈ ਦੋਸ਼ੀ ਕਰਾਰ ਦੀ ਸਜ਼ਾ ਮੁੜ ਲਾਗੂ ਹੋ ਗਈ ਹੈ। ਇਤਾਨ ਪੈਟਜ਼ 25 ਮਈ 1979 ਨੂੰ ਮੈਨਹੈਟਨ ਦੇ ਸੋਹੋ ਇਲਾਕੇ ਵਿੱਚ ਆਪਣੇ ਸਕੂਲ ਬੱਸ ਸਟਾਪ ਵੱਲ ਇਕੱਲੇ ਜਾਂਦੇ ਸਮੇਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਸੀ। ਉਸ ਸਮੇਂ ਇਹ ਮਾਮਲਾ ਪੂਰੇ ਅਮਰੀਕਾ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਸੀ। ਇਤਾਨ ਉਹਨਾਂ ਪਹਿਲੇ ਲਾਪਤਾ ਬੱਚਿਆਂ ਵਿੱਚੋਂ ਇੱਕ ਸੀ ਜਿਸਦੀ ਤਸਵੀਰ ਦੁੱਧ ਦੇ ਡੱਬਿਆਂ ‘ਤੇ ਛਾਪੀ ਗਈ ਸੀ ਤਾਂ ਜੋ ਲੋਕ ਉਸਦੀ ਪਛਾਣ ਕਰ ਸਕਣ। ਪੇਡਰੋ ਹਰਨਾਂਡੇਜ਼, ਜੋ ਉਸ ਸਮੇਂ ਬੱਸ ਸਟਾਪ ਨੇੜੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ, 2012 ਵਿੱਚ ਸ਼ੱਕ ਦੇ ਘੇਰੇ ਵਿੱਚ ਆਇਆ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਜੁਰਮ ਕਬੂਲ ਕੀਤਾ ਸੀ। ਹਾਲਾਂਕਿ ਉਸਦੇ ਵਕੀਲਾਂ ਦਾ ਦਾਅਵਾ ਸੀ ਕਿ ਮਾਨਸਿਕ ਸਮੱਸਿਆਵਾਂ ਕਾਰਨ ਉਸਦੇ ਬਿਆਨ ਭਰੋਸੇਯੋਗ ਨਹੀਂ ਸਨ।2015 ਵਿੱਚ ਪਹਿਲਾ ਮੁਕੱਦਮਾ ਜਿਊਰੀ ਦੇ ਫ਼ੈਸਲੇ ‘ਤੇ ਨਾ ਪਹੁੰਚਣ ਕਾਰਨ ਅਧੂਰਾ ਰਹਿ ਗਿਆ ਸੀ, ਪਰ 2017 ਵਿੱਚ ਦੂਜੇ ਮੁਕੱਦਮੇ ਦੌਰਾਨ ਹਰਨਾਂਡੇਜ਼ ਨੂੰ ਦੋਸ਼ੀ ਕਰਾਰ ਦੇ ਕੇ 25 ਸਾਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਇਤਾਨ ਦੇ ਪਰਿਵਾਰ ਲਈ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਨਿਆਂ ਹੈ। ਇਹ ਮਾਮਲਾ ਅੱਜ ਵੀ ਅਮਰੀਕਾ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਲਾਪਤਾ ਬੱਚਿਆਂ ਦੀ ਭਾਲ ਸਬੰਧੀ ਸਭ ਤੋਂ ਪ੍ਰਭਾਵਸ਼ਾਲੀ ਕੇਸਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।