ਟਰੰਪ ਨਾਲ ਜੁੜੇ 300 ਤੋਂ ਵੱਧ ਖਾਤੇ ਬੰਦ, ਬੈਂਕ ਨੇ ਹਵਾਲਾ ਰਾਸ਼ੀ ਰੋਕੂ ਜਾਂਚ ਦਾ ਦਿੱਤਾ ਹਵਾਲਾ, ਅੰਤਿਮ ਫੈਸਲਾ ਆਉਣਾ ਬਾਕੀ
ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ)-ਕੈਪੀਟਲ ਵਨ ਬੈਂਕ ਨੇ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਟਰੰਪ ਆਰਗੇਨਾਈਜ਼ੇਸ਼ਨ, ਐਰਿਕ ਟਰੰਪ ਅਤੇ ਉਨ੍ਹਾਂ ਦੇ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ 300 ਤੋਂ ਵੱਧ ਬੈਂਕ ਖਾਤੇ ਮਨੀ ਲਾਂਡਰਿੰਗ ਰੋਕੂ ਜਾਂਚ ਤੋਂ ਬਾਅਦ ਬੰਦ ਕੀਤੇ ਗਏ ਸਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਖਾਤਿਆਂ ਦੀ ਗਿਣਤੀ ਕਰੀਬ 385 ਸੀ।
ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ)-ਕੈਪੀਟਲ ਵਨ ਬੈਂਕ ਨੇ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਟਰੰਪ ਆਰਗੇਨਾਈਜ਼ੇਸ਼ਨ, ਐਰਿਕ ਟਰੰਪ ਅਤੇ ਉਨ੍ਹਾਂ ਦੇ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ 300 ਤੋਂ ਵੱਧ ਬੈਂਕ ਖਾਤੇ ਮਨੀ ਲਾਂਡਰਿੰਗ ਰੋਕੂ ਜਾਂਚ ਤੋਂ ਬਾਅਦ ਬੰਦ ਕੀਤੇ ਗਏ ਸਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਖਾਤਿਆਂ ਦੀ ਗਿਣਤੀ ਕਰੀਬ 385 ਸੀ। ਬੈਂਕ ਨੇ ਦੱਸਿਆ ਕਿ ਉਸ ਦੀ ਵਿੱਤੀ ਅਪਰਾਧਾਂ ਦੀ ਜਾਂਚ ਕਰਨ ਵਾਲੀ ਟੀਮ ਨੇ ਕਈ ਮਹੀਨਿਆਂ ਤੱਕ ਖਾਤਿਆਂ ਵਿੱਚ ਹੋਏ ਲੈਣ-ਦੇਣ ਦੀ ਸਮੀਖਿਆ ਕੀਤੀ। ਇਸ ਦੌਰਾਨ ਕੁਝ ਅਜਿਹੇ ਲੈਣ-ਦੇਣ ਦੇ ਢੰਗ ਸਾਹਮਣੇ ਆਏ, ਜਿਨ੍ਹਾਂ ਨੂੰ ਸੰਘੀ ਬੈਂਕਿੰਗ ਨਿਯਮਾਂ ਹੇਠ ਜਾਂਚ ਲਈ ਚਿੰਤਾ ਵਾਲਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਮਾਰਚ 2021 ਵਿੱਚ ਖਾਤੇ ਬੰਦ ਕਰਨ ਦੀ ਸੂਚਨਾ ਦਿੱਤੀ ਗਈ। ਬੰਦ ਕੀਤੇ ਖਾਤਿਆਂ ਵਿੱਚ ਟਰੰਪ ਪਰਿਵਾਰ ਦੀ ਵਾਈਨਰੀ, ਬੋਤਲਬੰਦ ਪਾਣੀ, ਗੋਲਫ ਕੋਰਸ ਅਤੇ ਹੋਰ ਕਾਰੋਬਾਰਾਂ ਨਾਲ ਸਬੰਧਤ ਖਾਤੇ ਸ਼ਾਮਲ ਸਨ। ਬੈਂਕ ਦਾ ਕਹਿਣਾ ਹੈ ਕਿ ਉਸ ਨੇ ਇਹ ਫੈਸਲਾ ਜਨਤਕ ਨਹੀਂ ਕੀਤਾ ਅਤੇ ਟਰੰਪ ਨਾਲ ਜੁੜੀਆਂ ਕੰਪਨੀਆਂ ਨੂੰ ਆਪਣਾ ਪੈਸਾ ਦੂਜੇ ਬੈਂਕਾਂ ਵਿੱਚ ਭੇਜਣ ਲਈ ਕਈ ਮਹੀਨਿਆਂ ਦਾ ਸਮਾਂ ਵੀ ਦਿੱਤਾ ਸੀ। ਟਰੰਪ ਆਰਗੇਨਾਈਜ਼ੇਸ਼ਨ ਅਤੇ ਐਰਿਕ ਟਰੰਪ ਨੇ 2025 ਵਿੱਚ ਬੈਂਕ ਖ਼ਿਲਾਫ਼ ਮੁਕੱਦਮਾ ਦਾਇਰ ਕਰਕੇ ਦੋਸ਼ ਲਾਇਆ ਕਿ 6 ਜਨਵਰੀ ਦੇ ਕੈਪੀਟਲ ਹਮਲੇ ਤੋਂ ਬਾਅਦ ਬਣੇ ਸਿਆਸੀ ਮਾਹੌਲ ਕਾਰਨ ਉਨ੍ਹਾਂ ਦੇ ਖਾਤੇ ਜਾਣਬੁੱਝ ਕੇ ਬੰਦ ਕੀਤੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਰੋਕੂ ਜਾਂਚ ਦਾ ਕਾਰਨ ਸਿਆਸੀ ਫੈਸਲੇ ਨੂੰ ਲੁਕਾਉਣ ਲਈ ਬਾਅਦ ਵਿੱਚ ਦਿੱਤਾ ਗਿਆ। ਕੈਪੀਟਲ ਵਨ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਖਾਤੇ ਸਿਆਸੀ ਵਿਚਾਰਾਂ ਕਰਕੇ ਨਹੀਂ, ਸਗੋਂ ਬੈਂਕ ਦੀਆਂ ਨੀਤੀਆਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਜਾਂਚ ਤੋਂ ਬਾਅਦ ਬੰਦ ਕੀਤੇ ਗਏ। ਮਿਆਮੀ ਦੀ ਸੰਘੀ ਅਦਾਲਤ ਇਸ ਕੇਸ ਦੀਆਂ ਦੋ ਪਹਿਲੀਆਂ ਸ਼ਿਕਾਇਤਾਂ ਖਾਰਜ ਕਰ ਚੁੱਕੀ ਹੈ, ਪਰ ਟਰੰਪ ਧਿਰ ਨੂੰ ਸੋਧਿਆ ਹੋਇਆ ਕੇਸ ਦਾਖ਼ਲ ਕਰਨ ਦਾ ਮੌਕਾ ਮਿਲਿਆ ਸੀ। ਹੁਣ ਬੈਂਕ ਨੇ ਨਵੇਂ ਕੇਸ ਨੂੰ ਵੀ ਪੱਕੇ ਤੌਰ ’ਤੇ ਖਾਰਜ ਕਰਨ ਦੀ ਮੰਗ ਕੀਤੀ ਹੈ। ਟਰੰਪ ਨੇ ਹੋਰ ਵੱਡੇ ਬੈਂਕਾਂ ਉੱਤੇ ਵੀ ਸਿਆਸੀ ਕਾਰਨਾਂ ਕਰਕੇ ਬੈਂਕਿੰਗ ਸੇਵਾਵਾਂ ਬੰਦ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਅਗਸਤ 2025 ਵਿੱਚ ਇਕ ਹੁਕਮ ਜਾਰੀ ਕਰਕੇ ਸਿਆਸੀ ਜਾਂ ਧਾਰਮਿਕ ਵਿਚਾਰਾਂ ਦੇ ਆਧਾਰ ’ਤੇ ਖਾਤੇ ਬੰਦ ਕਰਨ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ। ਜ਼ਰੂਰੀ ਗੱਲ ਇਹ ਹੈ ਕਿ ਕੈਪੀਟਲ ਵਨ ਨੇ ਟਰੰਪ ਆਰਗੇਨਾਈਜ਼ੇਸ਼ਨ ਉੱਤੇ ਗੈਰ-ਕਾਨੂੰਨੀ ਮਨੀ ਲਾਂਡਰਿੰਗ ਕਰਨ ਦਾ ਸਿੱਧਾ ਦੋਸ਼ ਨਹੀਂ ਲਾਇਆ। ਬੈਂਕ ਨੇ ਸਿਰਫ਼ ਆਪਣੀ ਅੰਦਰੂਨੀ ਜਾਂਚ ਦੌਰਾਨ ਚਿੰਤਾਵਾਂ ਸਾਹਮਣੇ ਆਉਣ ਦੀ ਗੱਲ ਕਹੀ ਹੈ। ਮਨੀ ਲਾਂਡਰਿੰਗ ਦਾ ਕੋਈ ਅਪਰਾਧ ਹਾਲੇ ਅਦਾਲਤ ਵਿੱਚ ਸਾਬਤ ਨਹੀਂ ਹੋਇਆ ਅਤੇ ਇਸ ਮੁਕੱਦਮੇ ’ਤੇ ਅੰਤਿਮ ਫੈਸਲਾ ਆਉਣਾ ਬਾਕੀ ਹੈ।