ਗਲਾਸਗੋ ਦੇ ਉਘੇ ਕਾਰੋਬਾਰੀ ਸੱਤੀ ਸਿੰਘ ਬ੍ਰਿਟਿਸ਼ ਫ਼ੌਜ ਦੇ ਆਨਰੇਰੀ ਕਰਨਲ ਨਿਯੁਕਤ
ਗਲਾਸਗੋ, 13 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਪ੍ਰਸਿੱਧ ਰੈਸਟੋਰੈਂਟ ਕਾਰੋਬਾਰੀ ਅਤੇ ਸਮਾਜ ਸੇਵੀ ਸੱਤੀ ਸਿੰਘ ਨੂੰ ਬ੍ਰਿਟਿਸ਼ ਫ਼ੌਜ ਦੀ 52ਵੀਂ (ਲੋਲੈਂਡ) ਸਪੋਰਟ ਐਂਡ ਸਿਗਨਲ ਸਕੁਐਡਰਨ ਦਾ ਆਨਰੇਰੀ ਕਰਨਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਸਾਰਾਗੜ੍ਹੀ ਦਿਵਸ ਮੌਕੇ ਕੀਤਾ ਗਿਆ, ਜੋ 12 ਸਤੰਬਰ 1897 ਨੂੰ ਸਾਰਾਗੜ੍ਹੀ ਚੌਕੀ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸੈਨਿਕਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ।
ਗਲਾਸਗੋ, 13 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਪ੍ਰਸਿੱਧ ਰੈਸਟੋਰੈਂਟ ਕਾਰੋਬਾਰੀ ਅਤੇ ਸਮਾਜ ਸੇਵੀ ਸੱਤੀ ਸਿੰਘ ਨੂੰ ਬ੍ਰਿਟਿਸ਼ ਫ਼ੌਜ ਦੀ 52ਵੀਂ (ਲੋਲੈਂਡ) ਸਪੋਰਟ ਐਂਡ ਸਿਗਨਲ ਸਕੁਐਡਰਨ ਦਾ ਆਨਰੇਰੀ ਕਰਨਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਸਾਰਾਗੜ੍ਹੀ ਦਿਵਸ ਮੌਕੇ ਕੀਤਾ ਗਿਆ, ਜੋ 12 ਸਤੰਬਰ 1897 ਨੂੰ ਸਾਰਾਗੜ੍ਹੀ ਚੌਕੀ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸੈਨਿਕਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਸੱਤੀ ਸਿੰਘ, ਜੋ ਕਿ ਗਲਾਸਗੋ ਵਿਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਮਿਸਟਰ ਸਿੰਘਜ ਇੰਡੀਆ ਰੈਸਟੋਰੈਂਟ ਚਲਾਉਂਦੇ ਹਨ। ਇਸ ਦੇ ਨਾਲ ਉਨ੍ਹਾਂ ਨੇ ਭੋਜਨ ਉਤਪਾਦਨ, ਜਾਇਦਾਦ, ਵੱਡੇ ਸਮਾਗਮਾਂ ਅਤੇ ਗੋਲਫ਼ ਫੁੱਟਬਾਲ ਸਮੇਤ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ। ਉਹ ਲੰਮੇ ਸਮੇਂ ਤੋਂ ਬ੍ਰਿਟਿਸ਼ ਹਥਿਆਰਬੰਦ ਸੈਨਾਵਾਂ, ਆਰਮੀ ਕੈਡਿਟਾਂ ਅਤੇ ਸੈਨਿਕ ਭਲਾਈ ਸੰਸਥਾ ‘ਐੱਸਐੱਸਏਐੱਫਏ’ ਦਾ ਸਹਿਯੋਗ ਕਰਦੇ ਆ ਰਹੇ ਹਨ। ਸੱਤੀ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ 52ਵੀਂ ਸਪੋਰਟ ਐਂਡ ਸਿਗਨਲ ਸਕੁਐਡਰਨ ਦਾ ਆਨਰੇਰੀ ਕਰਨਲ ਬਣਨਾ ਉਨ੍ਹਾਂ ਲਈ ਵੱਡਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਸਕਾਟਿਸ਼ ਸਿੱਖ ਵਜੋਂ ਮਹਾਰਾਜਾ ਅਤੇ ਦੇਸ਼ ਦੀ ਸੇਵਾ ਕਰਨਾ ਮੇਰੇ ਅਤੇ ਮੇਰੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਮੁਤਾਬਕ ਸਾਰਾਗੜ੍ਹੀ ਦੀ ਲੜਾਈ ਫ਼ਰਜ਼, ਬਹਾਦਰੀ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਉਹ ਰਾਸ਼ਟਰਮੰਡਲ ਅਤੇ ਘੱਟ-ਗਿਣਤੀ ਭਾਈਚਾਰਿਆਂ ਨਾਲ ਸੰਪਰਕ ਵਧਾ ਕੇ ਰਿਜ਼ਰਵ ਫ਼ੌਜ, ਕੈਡਿਟਾਂ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਲਈ ਕੰਮ ਕਰਨਗੇ। 52ਵੀਂ ਸਪੋਰਟ ਐਂਡ ਸਿਗਨਲ ਸਕੁਐਡਰਨ ਬ੍ਰਿਟਿਸ਼ ਆਰਮੀ ਰਿਜ਼ਰਵ ਦੀ ਇਕਾਈ ਅਤੇ ਰਾਇਲ ਕੋਰ ਆਫ਼ ਸਿਗਨਲਜ਼ ਦੀ 32 ਸਿਗਨਲ ਰੈਜੀਮੈਂਟ ਦਾ ਹਿੱਸਾ ਹੈ। ਇਹ ਨਾਟੋ ਦੀ ਸਹਿਯੋਗੀ ਤੇਜ਼ ਪ੍ਰਤੀਕਿਰਿਆ ਕੋਰ ਨੂੰ ਸੰਚਾਰ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦੀ ਹੈ। ਆਨਰੇਰੀ ਕਰਨਲ ਕੋਲ ਫ਼ੌਜੀ ਕਾਰਵਾਈ ਦੀ ਕਮਾਨ ਨਹੀਂ ਹੁੰਦੀ, ਸਗੋਂ ਉਹ ਇਕਾਈ ਦੇ ਸਫ਼ੀਰ ਵਜੋਂ ਇਸ ਦੀ ਪਛਾਣ, ਭਰਤੀ ਅਤੇ ਆਮ ਲੋਕਾਂ ਨਾਲ ਸਬੰਧ ਮਜ਼ਬੂਤ ਕਰਨ ਵਿਚ ਸਹਿਯੋਗ ਦਿੰਦਾ ਹੈ।