ਕਾਂਗਰਸ ਮੈਂਬਰ ਖੰਨਾ ਵਲੋਂ ਜੋਤ ਸਿੰਘ ਦਾ ਸਮਰਥਨ
ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ)-ਜਾਰਜੀਆ ਸਟੇਟ ਹਾਊਸ ਦੇ ਜ਼ਿਲ੍ਹਾ 97 ਤੋਂ ਉਮੀਦਵਾਰ ਜੋਤ ਸਿੰਘ ਨੂੰ ਉਨ੍ਹਾਂ ਦੀ 2026 ਦੀ ਚੋਣ ਮੁਹਿੰਮ ਲਈ ਅਮਰੀਕੀ ਪ੍ਰਤੀਨਿਧੀ ਕਾਂਗਰਸ ਮੈਂਬਰ ਆਰ ਓ ਖੰਨਾ ਦਾ ਸਮਰਥਨ ਪ੍ਰਾਪਤ ਹੋਇਆ ਹੈ| ਖੰਨਾ (ਡੈਮੋਕ੍ਰੇਟ-ਕੈਲੀਫੋਰਨੀਆ) ਨੇ ਐਕਸ ’ਤੇ ਇਕ ਪੋਸਟ ਰਾਹੀਂ ਸਿੰਘ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਿੰਘ ਦੀ ਹਮਾਇਤ ਕਰਨ ’ਤੇ ਮਾਣ ਹੈ| ਇਸ ਦੇ ਜਵਾਬ ਵਿੱਚ ਸਿੰਘ ਨੇ ਇਕ ਪੋਸਟ ਵਿਚ ਕਿਹਾ ਹੈ ਕਿ ਕਾਂਗਰਸਮੈਨ ਆਰ ਓ ਖੰਨਾ ਦਾ ਸਮਰਥਨ ਮਿਲਣਾ ਬਹੁਤ ਮਾਇਨੇ ਰੱਖਦਾ ਹੈ| ਖੰਨਾ ਕਾਂਗਰਸ ਵਿੱਚ ਕਾਮਿਆਂ ਦੇ ਹੱਕਾਂ ਲਈ ਲੜਨ ਵਾਲੇ ਆਗੂ ਹਨ, ਜਿੱਥੇ ਉਹ ਅਜਿਹੀ ਸਰਕਾਰ ਬਣਾਉਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ ਜੋ ਕਿਰਤੀ ਲੋਕਾਂ ਲਈ ਕੰਮ ਕਰੇ ਅਤੇ ਹਰ ਕਿਸੇ ਲਈ ਮੌਕੇ ਪੈਦਾ ਕਰੇ| ਸਿੰਘ ਨੂੰ ਕਾਂਗਰਸਮੈਨ ਹੈਂਕ ਜੌਹਨਸਨ ਅਤੇ ਜੋਨਾਥਨ ਜੈਕਸਨ, ਜਾਰਜੀਆ ਸਟੇਟ ਸੈਨੇਟਰ ਜੋਸ਼ ਮੈਕਲੌਰਿਨ ਅਤੇ ਸਟੇਟ ਪ੍ਰਤੀਨਿਧੀਆਂ ਐਰਿਕ ਬੈੱਲ, ਸੈਮ ਪਾਰਕ, ਬ੍ਰਾਇਸ ਬੇਰੀ ਅਤੇ ਲੌਂਗ ਟਰਾਨ ਦੇ ਨਾਲ-ਨਾਲ ਹੋਰ ਕਈ ਸੰਘੀ, ਰਾਜ ਅਤੇ ਸਥਾਨਕ ਅਧਿਕਾਰੀਆਂ ਤੇ ਸੰਸਥਾਵਾਂ ਦਾ ਸਮਰਥਨ ਹਾਸਲ ਹੈ|