ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦਾ ਪ੍ਰਬੰਧ ਸ਼ੇਰ ਸੰਗਤ ਗਰੁੱਪ ਦੀ ਨਵੀਂ ਕਮੇਟੀ ਨੇ ਸੰਭਾਲਿਆ
ਲੈਸਟਰ (ਇੰਗਲੈਂਡ), 4 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪਿਛਲੇ ਐਤਵਾਰ ਹੋਈ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਜੇਤੂ ਰਹੇ ਸ਼ੇਰ ਸੰਗਤ ਗਰੁੱਪ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੇ ਪ੍ਰਬੰਧ ਦੀ ਸੇਵਾ ਰਸਮੀ ਤੌਰ ’ਤੇ ਸੰਭਾਲ ਲਈ ਹੈ। ਇਸ ਮੌਕੇ ਤੀਰ ਗਰੁੱਪ ਦੀ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਨਵੀਂ ਚੁਣੀ ਕਮੇਟੀ ਨੂੰ ਸੌਂਪਦਿਆਂ ਗੁਰੂ ਘਰ ਦਾ ਸਮੁੱਚਾ ਪ੍ਰਬੰਧ ਉਨ੍ਹਾਂ ਦੇ ਹਵਾਲੇ ਕੀਤਾ ਗਿਆ।
ਲੈਸਟਰ (ਇੰਗਲੈਂਡ), 4 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪਿਛਲੇ ਐਤਵਾਰ ਹੋਈ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਜੇਤੂ ਰਹੇ ਸ਼ੇਰ ਸੰਗਤ ਗਰੁੱਪ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੇ ਪ੍ਰਬੰਧ ਦੀ ਸੇਵਾ ਰਸਮੀ ਤੌਰ ’ਤੇ ਸੰਭਾਲ ਲਈ ਹੈ। ਇਸ ਮੌਕੇ ਤੀਰ ਗਰੁੱਪ ਦੀ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਨਵੀਂ ਚੁਣੀ ਕਮੇਟੀ ਨੂੰ ਸੌਂਪਦਿਆਂ ਗੁਰੂ ਘਰ ਦਾ ਸਮੁੱਚਾ ਪ੍ਰਬੰਧ ਉਨ੍ਹਾਂ ਦੇ ਹਵਾਲੇ ਕੀਤਾ ਗਿਆ। ਪ੍ਰਬੰਧ ਦੀ ਇਹ ਤਬਦੀਲੀ ਸੁਚੱਜੇ ਅਤੇ ਸਦਭਾਵਨਾ ਭਰੇ ਮਾਹੌਲ ਵਿਚ ਹੋਈ। ਇਸ ਮੌਕੇ ਗੁਰੂ ਘਰ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਰੂਪੋਵਾਲ ਨੇ ਸਾਬਕਾ ਪ੍ਰਧਾਨ ਗੁਰਨਾਮ ਸਿੰਘ ਨਵਾਂਸ਼ਹਿਰ, ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ ਅਤੇ ਸਮੁੱਚੀ ਮੌਜੂਦਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਗੁਰੂ ਘਰ ਦੀਆਂ ਚਾਬੀਆਂ ਅਤੇ ਪ੍ਰਬੰਧ ਦੀ ਜ਼ਿੰਮੇਵਾਰੀ ਨਵੀਂ ਚੁਣੀ ਕਮੇਟੀ ਨੂੰ ਆਪਸੀ ਸਤਿਕਾਰ ਅਤੇ ਸਦਭਾਵਨਾ ਨਾਲ ਸੌਂਪਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਸਮੁੱਚੀ ਸੰਗਤ ਦਾ ਸਾਂਝਾ ਅਸਥਾਨ ਹੈ ਅਤੇ ਚੋਣਾਂ ਤੋਂ ਬਾਅਦ ਸਾਰਿਆਂ ਦਾ ਮੁੱਖ ਮਕਸਦ ਗੁਰੂ ਘਰ ਦੀ ਚੜ੍ਹਦੀ ਕਲਾ, ਸੰਗਤ ਦੀ ਸੇਵਾ ਅਤੇ ਆਪਸੀ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਹੋਣਾ ਚਾਹੀਦਾ ਹੈ। ਗੁਰਨਾਮ ਸਿੰਘ ਰੂਪੋਵਾਲ ਨੇ ਸ਼ੇਰ ਸੰਗਤ ਗਰੁੱਪ ਅਤੇ ਨਵੀਂ ਪ੍ਰਬੰਧਕ ਕਮੇਟੀ ਉੱਪਰ ਭਰੋਸਾ ਪ੍ਰਗਟਾਉਣ ਲਈ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਵਲੋਂ ਦਿੱਤਾ ਗਿਆ ਫ਼ਤਵਾ ਉਨ੍ਹਾਂ ਲਈ ਸਨਮਾਨ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ ਅਤੇ ਨਵੀਂ ਕਮੇਟੀ ਇਸ ਜ਼ਿੰਮੇਵਾਰੀ ਨੂੰ ਗੁਰੂ ਸਾਹਿਬ ਦੀ ਓਟ ਅਤੇ ਸੰਗਤ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦਾ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ, ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਅਤੇ ਪੰਜਾਬੀ ਵਿਰਸੇ ਨਾਲ ਜੋੜਨ, ਧਾਰਮਿਕ ਸਮਾਗਮਾਂ ਅਤੇ ਸੰਗਤੀ ਸੇਵਾਵਾਂ ਨੂੰ ਹੋਰ ਸੁਚੱਜਾ ਬਣਾਉਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਪਹਿਲ ਦਿੱਤੀ ਜਾਵੇਗੀ। ਨਵੀਂ ਪ੍ਰਬੰਧਕ ਕਮੇਟੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਗੁਰੂ ਘਰ ਨਾਲ ਸੰਬੰਧਿਤ ਅਹਿਮ ਮਾਮਲਿਆਂ ਵਿਚ ਸੰਗਤ ਦੀਆਂ ਭਾਵਨਾਵਾਂ ਅਤੇ ਸੁਝਾਵਾਂ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਹਰ ਵਰਗ ਨੂੰ ਨਾਲ ਲੈ ਕੇ ਗੁਰੂ ਘਰ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਇਹ ਸੁਨੇਹਾ ਵੀ ਦਿੱਤਾ ਗਿਆ ਕਿ ਚੋਣਾਂ ਦੌਰਾਨ ਵੱਖ-ਵੱਖ ਧਿਰਾਂ ਆਪਣੇ ਵਿਚਾਰਾਂ ਅਤੇ ਪ੍ਰੋਗਰਾਮਾਂ ਨਾਲ ਸੰਗਤ ਦੇ ਸਾਹਮਣੇ ਆਉਂਦੀਆਂ ਹਨ ਪਰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਧੜੇਬੰਦੀ ਅਤੇ ਆਪਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਗੁਰੂ ਘਰ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਨਵੀਂ ਕਮੇਟੀ ਨੇ ਤੀਰ ਗਰੁੱਪ ਦੀ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਮੇਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਪੁਰਾਣੇ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸਮੁੱਚੀ ਸੰਗਤ ਦਾ ਸਹਿਯੋਗ ਅਤੇ ਮਾਰਗਦਰਸ਼ਨ ਮਿਲਦਾ ਰਹੇਗਾ। ਅੰਤ ਵਿਚ ਨਵੇਂ ਪ੍ਰਧਾਨ ਗੁਰਨਾਮ ਸਿੰਘ ਰੂਪੋਵਾਲ ਨੇ ਸਮੁੱਚੀ ਸੰਗਤ ਨੂੰ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਗੁਰੂ ਘਰ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਸੇਵਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਵੀਂ ਪ੍ਰਬੰਧਕ ਕਮੇਟੀ ਸੰਗਤ ਦੇ ਭਰੋਸੇ ’ਤੇ ਖਰਾ ਉਤਰਨ ਲਈ ਹਰ ਸੰਭਵ ਯਤਨ ਕਰੇਗੀ।