ਨਿਊਯਾਰਕ, 9 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਿਦੇਸ਼ੀ ਵਸਤਾਂ ਉਤੇ ਲਗਾਏ ਗਏ ਟੈਰਿਫ਼ਾਂ ਨੇ ਆਮ ਲੋਕਾਂ ਉਤੇ ਮਹਿੰਗਾਈ ਦਾ ਵਾਧੂ ਬੋਝ ਪਾਇਆ ਹੈ। ਨਿਊਯਾਰਕ ਫੈਡਰਲ ਰਿਜ਼ਰਵ ਦੀ ਇਕ ਅਹਿਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਜਿਹੜੀਆਂ ਵਸਤਾਂ ਦੀਆਂ ਕੀਮਤਾਂ ਘਟ ਸਕਦੀਆਂ ਸਨ, ਉਹ ਟੈਰਿਫ਼ਾਂ ਕਾਰਨ ਮਹਿੰਗੀਆਂ ਹੋ ਗਈਆਂ ਹਨ।ਰਿਪੋਰਟ ਮੁਤਾਬਕ 67 ਕਿਸਮਾਂ ਦੀਆਂ ਖਪਤਕਾਰ ਵਸਤਾਂ ਦੇ ਅਧਿਐਨ ਵਿਚ ਸਾਹਮਣੇ ਆਇਆ ਕਿ ਸਾਲ 2025 ਅਤੇ 2026 ਦੇ ਸ਼ੁਰੂ ਵਿਚ ਲਗਾਏ ਗਏ ਟੈਰਿਫ਼ਾਂ ਕਾਰਨ ਫਰਵਰੀ 2026 ਤੱਕ ਇਨ੍ਹਾਂ ਵਸਤਾਂ ਦੀ ਮਹਿੰਗਾਈ ਦਰ ਵਿਚ 2.9 ਫ਼ੀਸਦੀ ਅੰਕ ਦਾ ਵਾਧੂ ਅਸਰ ਪਿਆ। ਜੇਕਰ ਇਹ ਟੈਰਿਫ਼ ਨਾ ਲਗਾਏ ਜਾਂਦੇ ਤਾਂ ਕੀਮਤਾਂ ਵਿਚ ਲਗਭਗ ਇਕ ਫ਼ੀਸਦੀ ਦੀ ਗਿਰਾਵਟ ਆ ਸਕਦੀ ਸੀ।ਖੋਜਕਰਤਾਵਾਂ ਅਨੁਸਾਰ ਮਹਿੰਗਾਈ ਵਿਚ ਹੋਏ ਇਸ ਵਾਧੇ ਦਾ ਕਰੀਬ ਦੋ-ਤਿਹਾਈ ਹਿੱਸਾ ਸਿੱਧੇ ਟੈਰਿਫ਼ਾਂ ਕਾਰਨ ਸੀ, ਜਦਕਿ ਬਾਕੀ ਅਸਰ ਵਿਦੇਸ਼ੀ ਕੱਚਾ ਮਾਲ ਅਤੇ ਪੁਰਜ਼ੇ ਵਰਤਣ ਵਾਲੀਆਂ ਅਮਰੀਕੀ ਕੰਪਨੀਆਂ ਦੀ ਵਧੀ ਲਾਗਤ ਨਾਲ ਜੁੜਿਆ ਸੀ। ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਔਸਤ ਟੈਰਿਫ਼ ਦਰ ਵਿਚ ਇੱਕ ਫ਼ੀਸਦੀ ਅੰਕ ਦੇ ਵਾਧੇ ਨਾਲ ਇਕ ਸਾਲ ਬਾਅਦ ਵਸਤਾਂ ਦੀਆਂ ਕੀਮਤਾਂ ਲਗਭਗ 0.25 ਫ਼ੀਸਦੀ ਵੱਧ ਰਹੀਆਂ। ਦੂਜੇ ਪਾਸੇ, ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਟੈਰਿਫ਼ਾਂ ਦਾ ਆਰਥਿਕ ਬੋਝ ਵਿਦੇਸ਼ੀ ਬਰਾਮਦਕਾਰਾਂ ਨੂੰ ਝੱਲਣਾ ਪਵੇਗਾ ਪਰ ਰਿਪੋਰਟ ਦਰਸਾਉਂਦੀ ਹੈ ਕਿ ਸਾਲ 2025 ਦੌਰਾਨ ਟੈਰਿਫ਼ਾਂ ਵਿਚ ਹੋਏ ਵਾਧੇ ਦਾ ਲਗਭਗ 26 ਫ਼ੀਸਦੀ ਹਿੱਸਾ ਵਧੀਆਂ ਕੀਮਤਾਂ ਦੇ ਰੂਪ ਵਿਚ ਅਮਰੀਕੀ ਖਪਤਕਾਰਾਂ ਤੱਕ ਪਹੁੰਚਿਆ।ਜ਼ਿਕਰਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਫਰਵਰੀ 2026 ਵਿਚ ਟਰੰਪ ਦੇ ਕਈ ਟੈਰਿਫ਼ ਰੱਦ ਕਰ ਦਿੱਤੇ ਸਨ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਹੋਰ ਕਾਨੂੰਨੀ ਤਰੀਕਿਆਂ ਰਾਹੀਂ ਟੈਰਿਫ਼ ਜਾਰੀ ਰੱਖਣ ਦਾ ਰਾਹ ਅਪਣਾਇਆ ਹੈ। ਇਸ ਸਮੇਂ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ਉਤੇ ਲਗਭਗ 10 ਫ਼ੀਸਦੀ ਟੈਰਿਫ਼ ਲੱਗ ਰਿਹਾ ਹੈ। ਨਿਊਯਾਰਕ ਫੈਡਰਲ ਰਿਜ਼ਰਵ ਨੇ ਚਿਤਾਵਨੀ ਦਿੱਤੀ ਹੈ ਕਿ ਟੈਰਿਫ਼ਾਂ ਕਾਰਨ ਵਧੀਆਂ ਕੀਮਤਾਂ ਦਾ ਅਸਰ ਸਾਲ 2027 ਤੱਕ ਬਣਿਆ ਰਹਿ ਸਕਦਾ ਹੈ। ਇਸ ਦਾ ਮਤਲਬ ਹੈ ਕਿ ਟੈਰਿਫ਼ ਦਰਾਂ ਘਟਣ ਦੇ ਬਾਵਜੂਦ ਅਮਰੀਕੀ ਪਰਿਵਾਰਾਂ ਨੂੰ ਮਹਿੰਗਾਈ ਤੋਂ ਤੁਰੰਤ ਰਾਹਤ ਮਿਲਣੀ ਯਕੀਨੀ ਨਹੀਂ।
ਅਮਰੀਕਾ ’ ਚ ਮਹਿੰਗਾਈ ਦਾ ਵੱਡਾ ਕਾਰਨ ਬਣੇ ਟਰੰਪ ਦੇ ਟੈਰਿਫ਼ - ਨਿਊਯਾਰਕ ਫੈਡਰਲ ਰਿਜ਼ਰਵ
ਨਿਊਯਾਰਕ, 9 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਿਦੇਸ਼ੀ ਵਸਤਾਂ ਉਤੇ ਲਗਾਏ ਗਏ ਟੈਰਿਫ਼ਾਂ ਨੇ ਆਮ ਲੋਕਾਂ ਉਤੇ ਮਹਿੰਗਾਈ ਦਾ ਵਾਧੂ ਬੋਝ ਪਾਇਆ ਹੈ। ਨਿਊਯਾਰਕ ਫੈਡਰਲ ਰਿਜ਼ਰਵ ਦੀ ਇਕ ਅਹਿਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਜਿਹੜੀਆਂ ਵਸਤਾਂ ਦੀਆਂ ਕੀਮਤਾਂ ਘਟ ਸਕਦੀਆਂ ਸਨ, ਉਹ ਟੈਰਿਫ਼ਾਂ ਕਾਰਨ ਮਹਿੰਗੀਆਂ ਹੋ ਗਈਆਂ ਹਨ।
ਅਜੀਤ ਡੈਸਕ
10-10-2026