ਕਿਰਪਾਨ ਤੇ ਸਿੱਖ ਭਾਈਚਾਰੇ ਦੇ ਗੰਭੀਰ ਮਸਲਿਆਂ ਸੰਬੰਧੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਪੰਥਕ ਕਾਨਫਰੰਸ
ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਦੇ ਮੁੱਦੇ, ਸਿੱਖ ਬੱਚੀਆਂ ਨੂੰ ਗੁੰਮਰਾਹ ਕਰਨ ਦੀਆਂ ਘਟਨਾਵਾਂ, ਭਾਈਚਾਰੇ ਦੀ ਸੁਰੱਖਿਆ ਤੇ ਹੋਰ ਪੰਥਕ ਮਸਲਿਆਂ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸੱਦੇ ’ਤੇ ਗੁਰਦੁਆਰਾ ਪਾਰਕ ਐਵੇਨਿਊ ਵਿਖੇ ਪੰਥਕ ਕਾਨਫਰੰਸ ਕਰਵਾਈ ਗਈ। ਇਸ ਮੌਕੇ ਸੰਸਦ ਮੈਂਬਰਾਂ, ਗੁਰਦੁਆਰਾ ਪ੍ਰਬੰਧਕਾਂ ਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ।
ਸ
ਸਾਊਥਾਲ ਪੰਥਕ ਕਾਨਫਰੰਸ ਨੂੰ ਸੰਬੋਧਨ ਕਰਦੇ ਬੁਲਾਰੇ। ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ
24-11-2026
ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਿਰਪਾਨ ਦੇ ਮੁੱਦੇ, ਸਿੱਖ ਬੱਚੀਆਂ ਨੂੰ ਗੁੰਮਰਾਹ ਕਰਨ ਦੀਆਂ ਘਟਨਾਵਾਂ, ਭਾਈਚਾਰੇ ਦੀ ਸੁਰੱਖਿਆ ਤੇ ਹੋਰ ਪੰਥਕ ਮਸਲਿਆਂ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸੱਦੇ ’ਤੇ ਗੁਰਦੁਆਰਾ ਪਾਰਕ ਐਵੇਨਿਊ ਵਿਖੇ ਪੰਥਕ ਕਾਨਫਰੰਸ ਕਰਵਾਈ ਗਈ। ਇਸ ਮੌਕੇ ਸੰਸਦ ਮੈਂਬਰਾਂ, ਗੁਰਦੁਆਰਾ ਪ੍ਰਬੰਧਕਾਂ ਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ। ਕਾਨਫਰੰਸ ਦੇ ਆਰੰਭ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਨੇ ਮਹਿਮਾਨਾਂ ਤੇ ਸੰਗਤ ਨੂੰ ਜੀ ਆਇਆਂ ਆਖਿਆ ਤੇ ਸਟੇਜ ਦੀ ਕਾਰਵਾਈ ਨਿਭਾਈ। ਸੰਸਦ ਮੈਂਬਰ ਡੀਅਰਡਰੇ ਕੌਸਟਿਗਨ ਨੇ ਕਿਰਪਾਨ ਦੇ ਮਾਮਲੇ ਵਿਚ ਸਿੱਖ ਭਾਈਚਾਰੇ ਨਾਲ ਡਟ ਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ। ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਸਿੱਖ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਕਿਰਪਾਨ ਧਾਰਨ ਕਰਦੇ ਆ ਰਹੇ ਹਨ। ਉਨ੍ਹਾਂ ਬਰਤਾਨਵੀ ਫ਼ੌਜ ਵਿਚ ਸਿੱਖਾਂ ਦੇ ਇਤਿਹਾਸਕ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਅੰਗਰੇਜ਼ ਸਿੱਖ ਫ਼ੌਜੀਆਂ ਲਈ ਅੰਮ੍ਰਿਤ ਛਕਣ ਦੀ ਮਹੱਤਤਾ ਨੂੰ ਸਮਝਦੇ ਸਨ, ਪਰ ਅੱਜ ਬਰਤਾਨਵੀ ਹਕੂਮਤ ਨੂੰ ਇਹ ਇਤਿਹਾਸ ਮੁੜ ਯਾਦ ਕਰਵਾਉਣ ਦੀ ਲੋੜ ਹੈ। ਸੰਸਦ ਮੈਂਬਰ ਜਸ ਅਠਵਾਲ ਨੇ ਕਿਹਾ ਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਅਧਿਕਾਰ ਹੈ ਤੇ ਇਸ ਦੀ ਰਾਖੀ ਲਈ ਉਹ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ 1916 ਦੇ ਵਿਸ਼ਵ ਯੁੱਧ ਸਮੇਂ ਸਿੱਖਾਂ ਲਈ ਬਰਤਾਨੀਆ ਵਿਚ ਕਿਰਪਾਨਾਂ ਵੀ ਤਿਆਰ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਾਥੀ ਸੰਸਦ ਮੈਂਬਰਾਂ ਨਾਲ ਮਿਲ ਕੇ ਗ੍ਰਹਿ ਮੰਤਰੀ ਨੂੰ ਸਾਂਝੀ ਚਿੱਠੀ ਲਿਖੀ ਗਈ ਹੈ। ਕਾਨਫਰੰਸ ਦੌਰਾਨ ਬੁਲਾਰਿਆਂ ਨੇ ਹੈਨਰੀ ਨੋਵਾਕ ਦੀ ਹੱਤਿਆ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੇ ਇਸ ਅਪਰਾਧ ਦੀ ਨਿੰਦਾ ਕੀਤੀ ਸੀ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲ ਗਈ ਹੈ। ਪਰ ਅਜਿਹੀਆਂ ਘਟਨਾਵਾਂ ਦੇ ਆਧਾਰ ’ਤੇ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਜਾਇਜ਼ ਨਹੀਂ। ਇਸ ਮੌਕੇ ਪਿਛਲੇ ਕੁਝ ਸਾਲਾਂ ਦੌਰਾਨ ਸਿੱਖ ਭਾਈਚਾਰੇ ਵਿਰੁੱਧ ਹੋਏ ਹਮਲਿਆਂ, ਸਿੱਖ ਬੱਚੀ ਦੇ ਕਤਲ, ਬੱਚੀਆਂ ’ਤੇ ਜਿਨਸੀ ਹਮਲਿਆਂ, ਬਜ਼ੁਰਗਾਂ ਅਤੇ ਸਕੂਲਾਂ ਦੇ ਬਾਹਰ ਵਾਪਰੀਆਂ ਘਟਨਾਵਾਂ ’ਤੇ ਵੀ ਗੰਭੀਰ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਮਾਪਿਆਂ ਤੇ ਨੌਜਵਾਨਾਂ ਨੂੰ ਸੁਚੇਤ ਰਹਿਣ ਦੇ ਨਾਲ ਕਿਸੇ ਵੀ ਹਮਲੇ ਜਾਂ ਧਮਕੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ ਕੀਤੀ। ਕਾਨਫਰੰਸ ਨੂੰ ਸਟੇਜ ਸਕੱਤਰ ਸਤਨਾਮ ਸਿੰਘ ਚੌਹਾਨ, ਸੁਪਰੀਮ ਸਿੱਖ ਕੌਂਸਲ ਵਲੋਂ ਸੁਰਿੰਦਰ ਸਿੰਘ ਜੰਡੂ, ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਸਤਨਾਮ ਸਿੰਘ ਚੌਹਾਨ, ਹਰਜਾਪ ਸਿੰਘ ਸਾਊਥਹੈਂਪਟਨ, ਦਿਆ ਸਿੰਘ ਸਿੱਧੂ ਬਰਮਿੰਘਮ, ਗੁਰਦੁਆਰਾ ਏਡ ਦੇ ਜਗਤਾਰ ਸਿੰਘ ਗਿੱਲ, ਪਰਮਜੀਤ ਕੌਰ, ਬੈਰਿਸਟਰ ਸਤਨਾਮ ਸਿੰਘ, ਗੁਰਦੁਆਰਾ ਬਾਰਕਿੰਗ ਤੋਂ ਸਤਨਾਮ ਸਿੰਘ ਸੰਧੂ, ਦਲਜੀਤ ਸਿੰਘ ਸੱਗੂ, ਰਘਬੀਰ ਸਿੰਘ ਸਮੈਦਿਕ, ਚਰਨ ਸਿੰਘ ਟਿਵੀਡੇਲ, ਪਰਮਜੀਤ ਸਿੰਘ ਢਾਂਡੀ, ਜਤਿੰਦਰ ਸਿੰਘ, ਪੁਲਿਸ ਐਸੋਸੀਏਸ਼ਨ ਦੇ ਕਮਲਦੀਪ ਸਿੰਘ ਸਮਰਾ ਅਤੇ ਜਸਮੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਸਮੂਹ ਬੁਲਾਰਿਆਂ, ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ।