02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਭਾਜਪਾ ਸਰਕਾਰ ਨੇ ਬੁਢਾਪਾ ਪੈਨਸ਼ਨ ਨੂੰ ਹੱਕ ਤੋਂ ਦਾਨ 'ਚ ਬਦਲ ਦਿੱਤਾ-ਨਿਸ਼ਾਨ ਸਿੰਘ ਟੋਹਾਣਾ

ਅਜੀਤ ਡੈਸਕ 25-01-2026
ਟੋਹਾਣਾ/ਜਾਖ਼ਲ, 24 ਜਨਵਰੀ (ਮਨਜੀਤ ਸਿੰਘ)-ਟੋਹਾਣਾ ਦੇ ਸਾਬਕਾ ਵਿਧਾਇਕ ਸ. ਨਿਸ਼ਾਨ ਸਿੰਘ ਨੇ ਹਰਿਆਣਾ 'ਚ ਬੁਢਾਪਾ ਪੈਨਸ਼ਨਾਂ ਨੂੰ ਆਮਦਨ ਨਾਲ ਜੋੜਨ ਦੇ ਭਾਜਪਾ ਸਰਕਾਰ ਦੇ ਫ਼ੈਸਲੇ 'ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਜਪਾ ਦੀ ਗ਼ਰੀਬ ਵਿਰੋਧੀ ਅਤੇ ਬਜ਼ੁਰਗ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ ਅਤੇ ਇਸ ਨੇ ਬੁਢਾਪਾ ਪੈਨਸ਼ਨਾਂ ਦੇ ਉਦੇਸ਼ ਨੂੰ ਹੀ ਤਬਾਹ ਕਰ ਦਿੱਤਾ ਹੈ | ਸ. ਨਿਸ਼ਾਨ ਸਿੰਘ ਨੇ ਕਿਹਾ ਕਿ ਜਦੋਂ ਰਾਜ 'ਚ ਬੁਢਾਪਾ ਪੈਨਸ਼ਨਾਂ ਸ਼ੁਰੂ ਕੀਤੀਆਂ ਗਈਆਂ ਸਨ ਤਾਂ ਉਨ੍ਹਾਂ ਦਾ ਸਪੱਸ਼ਟ ਅਤੇ ਇਕੋ ਇਕ ਆਧਾਰ ਬਜ਼ੁਰਗਾਂ ਦੀ ਉਮਰ ਸੀ | ਉਸ ਸਮੇਂ ਸਰਕਾਰ ਨੇ ਮੰਨਿਆ ਸੀ ਕਿ ਬੁਢਾਪਾ ਖ਼ੁਦ ਸਤਿਕਾਰ ਤੇ ਸਮਾਜਿਕ ਸੁਰੱਖਿਆ ਦਾ ਹੱਕਦਾਰ ਹੈ | ਹਾਲਾਂਕਿ ਮੌਜੂਦਾ ਭਾਜਪਾ ਸਰਕਾਰ ਨੇ ਇਸ ਸਨਮਾਨ ਯੋਜਨਾ ਨੂੰ ਆਮਦਨ ਨਾਲ ਜੋੜ ਕੇ ਬਜ਼ੁਰਗਾਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਪਰਿਵਾਰਕ ਪਛਾਣ ਪੱਤਰ ਦੇ ਨਾਂਅ 'ਤੇ ਡੇਟਾ ਰਾਜਨੀਤੀ ਖੇਡ ਰਹੀ ਹੈ ਤੇ ਜ਼ਮੀਨੀ ਹਕੀਕਤਾਂ ਨੂੰ ਪੂਰੀ ਤਰ੍ਹਾਂ ਬੇਧਿਆਨਾ ਕਰ ਰਹੀ ਹੈ | ਕਿਸੇ ਬਜ਼ੁਰਗ ਵਿਅਕਤੀ ਨੂੰ ਅਮੀਰ ਸਮਝਣਾ ਤੇ ਫਿਰ 400 ਗਜ਼ ਦੇ ਪਲਾਟ, ਪੁਰਾਣੀ ਚਾਰ ਪਹੀਆ ਵਾਹਨ, ਖੇਤੀਬਾੜੀ ਉਪਜ ਦੀ ਵਿਕਰੀ, ਬਿਜਲੀ ਦਾ ਬਿੱਲ ਜ਼ਿਆਦਾ ਹੋਣ ਜਾਂ ਸਰਕਾਰੀ ਰਾਸ਼ਨ ਨਾ ਮਿਲਣ ਵਰਗੀਆਂ ਗੱਲਾਂ ਦੇ ਆਧਾਰ 'ਤੇ ਉਸ ਦੀ ਪੈਨਸ਼ਨ ਰੋਕਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ | ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਕਿਸੇ ਬਜ਼ੁਰਗ ਵਿਅਕਤੀ ਦਾ ਬਿਜਲੀ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਉਸ ਨੂੰ ਅਮੀਰ ਐਲਾਨਿਆ ਜਾਂਦਾ ਹੈ | ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਖੇਤੀ 'ਚ ਹੋਣ ਵਾਲੇ ਖ਼ਰਚਿਆਂ, ਕਰਜ਼ਿਆਂ ਤੇ ਨੁਕਸਾਨਾਂ 'ਤੇ ਵਿਚਾਰ ਕਰੇਗੀ, ਜਾਂ ਫ਼ੈਸਲੇ ਸਿਰਫ਼ ਕਾਗ਼ਜ਼ 'ਤੇ ਦਿਖਾਈ ਗਈ ਆਮਦਨ ਦੇ ਆਧਾਰ 'ਤੇ ਲਏ ਜਾਣਗੇ | ਸ. ਨਿਸ਼ਾਨ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਬੁਢਾਪਾ ਪੈਨਸ਼ਨ ਕੋਈ ਦਾਨ ਨਹੀਂ ਹੈ, ਸਗੋਂ ਬਜ਼ੁਰਗਾਂ ਲਈ ਇਕ ਅਧਿਕਾਰ ਤੇ ਸਨਮਾਨ ਯੋਜਨਾ ਹੈ | ਇਸ ਨੂੰ ਆਮਦਨ, ਬਿਜਲੀ ਬਿੱਲ ਤੇ ਰਾਸ਼ਨ ਵਰਗੇ ਮਾਪਦੰਡਾਂ ਨਾਲ ਜੋੜਨਾ ਬਜ਼ੁਰਗਾਂ ਦੇ ਸਵੈ-ਮਾਣ ਨੂੰ ਕੁਚਲਨ ਦੇ ਬਰਾਬਰ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਾਜਪਾ ਸਰਕਾਰ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਵਿਰੋਧੀ ਧਿਰ ਅਤੇ ਜਨਤਾ ਇਕੱਠੇ ਹੋ ਕੇ ਸੜਕਾਂ ਤੋਂ ਲੈ ਕੇ ਸਦਨ ਤੱਕ ਪੂਰੀ ਤਾਕਤ ਨਾਲ ਬਜ਼ੁਰਗਾਂ ਦੇ ਸਨਮਾਨ ਲਈ ਲੜਨਗੇ |
ਪਿਛਲੀ ਖ਼ਬਰ ਅਨਾਜ ਮੰਡੀ ਚੀਕਾ ਵਿਖੇ ਗਣਤੰਤਰ ਦਿਵਸ ਦੀ ਅੰਤਿਮ ਰਿਹਰਸਲ <br/> ਅਗਲੀ ਖ਼ਬਰ ਟੋਹਾਣੇ ਦੇ ਨਵੇਂ ਬੱਸ ਅੱਡੇ ਤੋਂ ਛੇਤੀ ਹੀ ਬੱਸਾਂ ਚੱਲਣੀਆਂ ਹੋਣਗੀਆਂ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।